ਨਵੀਂ ਦਿੱਲੀ, 17 ਅਪਰੈਲ (ਖ਼ਬਰ ਖਾਸ ਬਿਊਰੋ)
ਪੂਰਬੀ ਦਿੱਲੀ ਦੇ ਸ਼ਕਰਪੁਰ ਇਲਾਕੇ ਵਿੱਚ ਔਰਤ ਅਤੇ ਉਸ ਦੇ ਭਰਾ ਨੂੰ ਉਸ ਦੇ ਪਤੀ ਨੇ ਆਪਣੇ ਘਰ ਵਿੱਚ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਪੂਰਬੀ) ਅਪੂਰਵਾ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਸਕੂਲ ਵਿੱਚ ਅਧਿਆਪਕ ਕਮਲੇਸ਼ ਹੋਲਕਰ (29) ਅਤੇ ਰਾਮ ਪ੍ਰਤਾਪ ਸਿੰਘ (18) ਅੱਜ ਸਵੇਰੇ ਸ਼ਕਰਪੁਰ ਵਿੱਚ ਰਿਹਾਇਸ਼ੀ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਖੂਨ ਨਾਲ ਲੱਥਪੱਥ ਮਿਲੇ।
ਪਹਿਲੀ ਨਜ਼ਰੇ ਇਹ ਸ਼ੱਕ ਹੈ ਕਿ ਹੋਲਕਰ ਅਤੇ ਉਸ ਦੇ ਪਤੀ ਸ਼੍ਰੇਆਂਸ਼ ਕੁਮਾਰ ਪਾਲ ਦੀ ਮੰਗਲਵਾਰ ਰਾਤ ਨੂੰ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਪਤਨੀ ਤੇ ਸਾਲੇ ਦੀ ਜਾਨ ਲੈ ਲਈ। ਅਧਿਕਾਰੀ ਨੇ ਦੱਸਿਆ ਕਿ ਰਾਮ ਪ੍ਰਤਾਪ ਜੋੜੇ ਦੇ ਦੋ ਸਾਲ ਦੇ ਬੇਟੇ ਦਾ ਜਨਮ ਦਿਨ ਮਨਾਉਣ ਲਈ ਉੱਤਰ ਪ੍ਰਦੇਸ਼ ਵਿੱਚ ਆਪਣੇ ਜੱਦੀ ਸਥਾਨ ਤੋਂ ਪਰਿਵਾਰ ਨੂੰ ਮਿਲਣ ਆਇਆ ਸੀ। ਪਾਲ ਸਵੇਰੇ ਲਾਪਤਾ ਸੀ ਪਰ ਬਾਅਦ ਵਿੱਚ ਜਾਂਚ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿ ਲਾਸ਼ਾਂ ਹੋਲਕਰ ਦੇ ਸਹੁਰੇ ਰਾਮਬੀਰ ਸਿੰਘ ਨੇ ਦੇਖੀਆਂ, ਜੋ ਆਪਣੀ ਪਤਨੀ ਨਾਲ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਰਹਿੰਦਾ ਸੀ। ਪਾਲ ਇੰਜਨੀਅਰ ਹੈ ਪਰ ਇਸ ਸਮੇਂ ਬੇਰੁਜ਼ਗਾਰ ਹੈ।
ਉਸ ਦੇ ਪਿਤਾ ਭਾਰਤੀ ਹਵਾਈ ਸੈਨਾ ਤੋਂ ਸੇਵਾਮੁਕਤ ਹੋਏ ਅਤੇ ਉਸ ਦੀ ਮਾਂ ਦਿੱਲੀ ਦੇ ਬਿਜਲੀ ਵਿਭਾਗ ਵਿੱਚ ਕੰਮ ਕਰਦੀ ਹੈ। ਪਾਲ ਦਾ ਛੋਟਾ ਭਰਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਉਸੇ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਰਹਿੰਦਾ ਹੈ।