ਅੰਮ੍ਰਿਤਸਰ, 13 ਜੁਲਾਈ ( ਖ਼ਬਰ ਖਾਸ ਬਿਊਰੋ)
ਅੱਜ ਅੰਮ੍ਰਿਤਸਰ ਵਿਖੇ ਵੱਡੀ ਤਬਾਹੀ ਹੋਣ ਤੋਂ ਬਚਾਅ ਹੋ ਗਿਆ। ਅੰਮ੍ਰਿਤਸਰ ਹਾਵੜਾ ਮੇਲ (13006) ਜਿਉਂ ਹੀ ਆਪਣੀ ਮੰਜਲ ਵੱਲ ਰੇਲਵੇ ਲਾਈਨ ‘ਤੇ ਦੌੜੀ ਤਾਂ ਜੌੜਾ ਫਾਟਕ ਨੇੜੇ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾਂ ਮਿਲਣ “ਤੇ ਸਵਾਰੀਆਂ ਵਿਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਦੱਸਿਆ ਜਾਂਦਾ ਹੈ ਕਿ ਅੱਗ ਸ਼ਾਰਟ ਸ਼ਰਕਟ ਹੋਣ ਕਾਰਨ ਲੱਗੀ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹਾਵੜਾ ਮੇਲ ਰੇਲਵੇ ਸਟੇਸ਼ਨ ਤੋਂ ਹਾਵੜਾ ਲਈ ਰਵਾਨਾ ਹੋਈ ਤਾਂ ਜੌੜਾ ਫਾਟਕ ਨੇੜੇ ਗੱਡੀ ਦੇ ਪਿਛਲੇ ਜਨਰਲ ਕੋਚ ਨੂੰ ਅੱਗ ਲੱਗ ਗਈ। ਅੱਗ ਲੱਗਣ ਬਾਰੇ ਜਿਉਂ ਹੀ ਸਵਾਰੀਆਂ ਨੂੰ ਪਤਾ ਲੱਗਾ ਤਾਂ ਗੱਡੀ ਵਿਚ ਹਫੜਾ-ਦਫੜੀ ਮੱਚ ਗਈ ਅਤੇ ਲੋਕਾਂ ਨੇ ਗੱਡੀ ਰੋਕਣ ਲਈ ਚੇਨ ਖਿੱਚ ਦਿੱਤੀ । ਜਿਉਂ ਹੀ ਗੱਡੀ ਰੁਕੀ ਤਾਂ ਸਵਾਰੀਆਂ ਨੇ ਗੱਡੀ ਵਿੱਚੋਂ ਬਾਹਰ ਆਉਣ ਲਈ ਕਾਹਲੀ ਕਰ ਦਿੱਤੀ ਅਤੇ ਹਫੜਾ-ਦਫੜੀ ਵਿਚ ਕੁਝ ਲੋਕਾਂ ਨੇ ਛਾਲ ਮਾਰ ਕੇ ਜਾਨ ਬਚਾਉਣ ਦਾ ਯਤਨ ਕੀਤਾ। ਗੱਡੀ ਵਿਚ ਡਿੱਗਣ ਕਾਰਨ ਇੱਕ ਔਰਤ ਸ਼ਾਂਤੀ ਦੇਵੀ ਦੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਗੱਡੀ 20 ਤੋਂ 25 ਯਾਤਰੀਆਂ ਨੂੰ ਉਥੋਂ ਛੱਡ ਕੇ ਰਵਾਨਾ ਹੋ ਗਈ। ਜਖਮੀ ਸ਼ਾਂਤੀ ਦੇਵੀ ਨੇ ਦੱਸਿਆ ਕਿ ਉਸ ਨੇ ਲਖਨਊ ਜਾਣਾ ਸੀ। ਗੱਡੀ ਨਿਰਧਾਰਿਤ ਸਮੇਂ 6.25 ‘ਤੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਵਰਨਣਯੋਗ ਹੈ ਕਿ ਸਾਲ 2019 ‘ਚ ਜੌੜਾ ਫਾਟਕ ‘ਤੇ ਦੁਸ਼ਰਿਹਾ ਮੇਲੇ ਮੌਕੇ ਵੱਡਾ ਰੇਲ ਹਾਦਸਾ ਵਾਪਰਿਆ ਸੀ। ਰੇਲ ਹਾਦਸੇ ‘ਚ ਕਰੀਬ 58 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ।