ਚੰਡੀਗੜ੍ਹ, 12 ਜੁਲਾਈ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਿਪੂ ਹੋਲਡਰਾਂ ਅਤੇ ਸੂਬੇ ਦੀ ਆਰਥਿਕਤਾ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਡਿਪੂ ਹੋਲਡਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਸਮੁੱਚੀ ਵਚਨਬੱਧਤਾ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਡਿਪੂ ਹੋਲਡਰਾਂ ਨੂੰ ਅਦਾ ਕੀਤੇ ਜਾਣ ਵਾਲੇ ਕਮਿਸ਼ਨ ਦੀ ਬਕਾਇਆ 45 ਕਰੋੜ ਰੁਪਏ ਦੀ ਮਾਰਜਨ ਮਨੀ ਅਗਲੇ ਹਫਤੇ ਤੱਕ ਡਿਪੂ ਹੋਲਡਰਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।
ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਹਿਲਾਂ ਹੀ ਪਿਛਲੇ ਇੱਕ ਸਾਲ ਅੰਦਰ ਐਨ.ਐਫ.ਐਸ.ਏ. ਤਹਿਤ ਕੀਤੀ ਗਈ ਵੰਡ ਅਧੀਨ ਐਫ.ਪੀ.ਐਸ. ਡੀਲਰਾਂ ਨੂੰ ਮਾਰਜਿਨ ਮਨੀ/ਕਮਿਸ਼ਨ ਦੇ 61.45 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਮੌਜੂਦਾ ਰਾਸ਼ੀ ਜਾਰੀ ਹੋਣ ਨਾਲ ਡਿਪੂ ਹੋਲਡਰਾਂ ਨੂੰ ਕਮਿਸ਼ਨ/ਮਾਰਜਿਨ ਮਨੀ ਦਾ ਹੁਣ ਤੱਕ ਦਾ ਬਕਾਇਆ ਭੁਗਤਾਨ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਸਰਕਾਰ ਵਾਜਬ ਮੁੱਲ ਦੀਆਂ ਦੁਕਾਨਾਂ
(ਐਫ.ਪੀ.ਐਸ.) ਦੇ ਡੀਲਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਐਨ.ਐਫ.ਐਸ.ਏ. ਅਧੀਨ ਕਣਕ ਦੀ ਸੁਚੱਜੀ ਵੰਡ ਲਈ ਹਰੇਕ ਐਫ.ਪੀ.ਐਸ. ‘ਤੇ ਇੱਕ ਸਮਰਪਿਤ ਈਪੋਸ ਮਸ਼ੀਨ ਪਹਿਲਾਂ ਹੀ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ 14000 ਇਲੈਕਟ੍ਰਾਨਿਕ ਭਾਰ ਤੋਲਣ ਵਾਲੀਆਂ ਮਸ਼ੀਨਾਂ ਲਈ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ 4 ਹਫਤਿਆਂ ਵਿੱਚ ਸਾਰੀਆਂ ਉਚਿਤ ਮੁੱਲ ਦੀਆਂ ਦੁਕਾਨਾਂ ਨੂੰ ਇਲੈਕਟ੍ਰਾਨਿਕ ਭਾਰ ਤੋਲਣ ਵਾਲੀਆਂ ਮਸ਼ੀਨ ਨਾਲ ਲੈਸ ਕਰ ਦਿੱਤਾ ਜਾਵੇਗਾ। ਸ਼੍ਰੀ ਕਟਾਰੂਚੱਕ ਨੇ ਵਾਜਬ ਮੁੱਲ ਦੀਆਂ ਦੁਕਾਨਾਂ ਦੇ ਡੀਲਰਾਂ ਨੂੰ ਲਾਭਪਾਤਰੀਆਂ ਲਈ ਅਨਾਜ ਦੀ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਲਈ ਕਿਹਾ।