ਚੰਡੀਗੜ੍ਹ, 12 ਜੁਲਾਈ (ਖ਼ਬਰ ਖਾਸ ਬਿਊਰੋ)
ਸ਼ੁੱਕਰਵਾਰ ਦੁਪਹਿਰ ਪੰਜਾਬ ਸਿਵਲ ਸਕੱਤਰੇਤ ਵਿਖੇ ਇਕ ਅਜੀਬ ਤੇ ਹੈਰਾਨ ਕਰਨ ਵਾਲੀ ਘਟਨਾਂ ਸਾਹਮਣੇ ਆਈ ਹੈ। ਹੋਇਆ ਇੰਝ ਕਿ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਦੁਪਹਿਰ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕੇ ਨਾਲ ਸਬੰਧਤ ਕੰਮਾਂ ਨੂੰ ਲੈ ਕੇ ਸਿਵਲ ਸਕੱਤਰੇਤ ਵੱਲ ਪੈਦਲ ਅੱਗੇ ਵੱਧਣ ਲੱਗੇ ਤਾਂ ਪੁਲਿਸ ਨੇ ਵਿਧਾਨ ਸਭਾ ਦਾ ਗੇਟ ਬੰਦ ਕਰ ਦਿੱਤਾ ਅਤੇ ਕੋਟਲੀ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਇਸ ਮੌਕੇ ਕੋਟਲੀ ਨੇ ਪੁਲਿਸ ਪ੍ਰਸ਼ਾਸ਼ਨ ਦਾ ਜਬਰਦਸਤ ਵਿਰੋਧ ਵੀ ਕੀਤਾ।
ਕੋਟਲੀ ਨੇ ਦੱਸਿਆ ਕਿ ਉਸਨੇ ਸੁਰੱਖਿਆ ਮੁਲਾਜ਼ਮਾਂ, ਅਧਿਕਾਰੀਆਂ ਨੂੰ ਆਪਣੀ ਪਹਿਚਾਣ ਦੱਸੀ ਅਤੇ ਸਕੱਤਰੇਤ ਜਾਣ ਦੀ ਗੱਲ ਕਹੀ। ਉਨਾਂ ਦੱਸਿਆ ਕਿ ਉਸਨੇ ਪੁਲਿਸ ਅਧਿਕਾਰੀਆਂ ਨੂੰ ਗੇਟ ਬੰਦ ਕਰਨ ਦਾ ਕਾਰਨ ਅਤੇ ਆਰਡਰ ਦਿਖਾਉਣ ਦੀ ਗੱਲ ਕਹੀ ਤਾਂ ਪੁਲਿਸ ਅਧਿਕਾਰੀ ਗੱਲ ਇਕ ਦੂਜੇ ਉਤੇ ਸੁੱਟਦੇ ਰਹੇ। ਕੋਟਲੀ ਨੇ ਕਿਹਾ ਕਿ ਪੁਲਿਸ ਅਧਿਕਾਰੀ ਸਕੱਤਰੇਤ ਵਿਚ ਮੁੱਖ ਮੰਤਰੀ ਦੇ ਬੈਠੇ ਹੋਣ ਦੀ ਗੱਲ ਕਹੀ। ਜਿਸ ਕਰਕੇ ਉਸਨੂੰ ਰੋਕਿਆ ਗਿਆ ਹੈ। ਕੋਟਲੀ ਨੇ ਦੱਸਿਆ ਕਿ ਉਸਨੂੰ ਰੋਕੇ ਜਾਣ ਦੀ ਭਿਣਕ ਮੁੱਖ ਮੰਤਰੀ ਨੂੰ ਪੈ ਗਈ ਅਤੇ ਕੁੱਝ ਮਿੰਟਾਂ ਬਾਅਦ ਮੁੱਖ ਮੰਤਰੀ ਆਪਣੇ ਦਫ਼ਤਰ ਵਿਚੋਂ ਚਲੇ ਗਏ।
ਕੋਟਲੀ ਨੇ ਕਿਹਾ ਕਿ ਵਿਧਾਇਕ ਨੂੰ ਰੋਕਣਾ ਮਰਿਆਦਾ ਦਾ ਉਲੰਘਣ ਹੈ, ਉਹ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਉਠਾਉਣਗੇ ਅਤੇ ਜੁੰਮੇਵਾਰ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਉਣਗੇ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਦੌਰਾਨ ਮੁੱਖ ਮੰਤਰੀ ਅਤੇ ਕੋਟਲੀ ਵਿਚਕਾਰ ਤਿੱਖੀ ਬਹਿਸ ਹੋਈ ਸੀ।ਕੋਟਲੀ ਨੇ ਮੁੱਖ ਮੰਤਰੀ ਨੂੰ ਘੇਰਦੇ ਹੋਏ ਆਪ ਨੂੰ ਵਾਅਦੇ ਮੁਤਾਬਿਕ ਦਲਿਤ ਸੀ.ਐਮ ਲਾਉਣ ਦੀ ਗੱਲ ਕਹੀ ਸੀ, ਇਸਤੋਂ ਬਾਅਦ ਮੁੱਖ ਮੰਤਰੀ ਨੇ ਕੋਟਲੀ ਉਤੇ ਤਿੱਖੀ ਟਿੱਪਣੀ ਕੀਤੀ ਸੀ। ਕੋਟਲੀ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਨੇ ਉਸਨੂੰ ਮਿਰਗੀ ਦਾ ਦੌਰਾ ਪੈਣ ਤੇ ਜੁੱਤੀ ਸੰਘਾਉਣ ਦੀ ਗੱਲ ਕਹੀ ਸੀ। ਕੋਟਲੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰਨਾਂ ਦੀ ਹਾਜ਼ਰੀ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਤੇ ਜਾਤੀਸੂਚਕ ਸ਼ਬਦ ਬੋਲਣ ਦਾ ਦੋਸ਼ ਲਾਇਆ ਸੀ। ਕੋਟਲੀ ਨੇ ਦੋਸ਼ ਲਾਇਆ ਸੀ ਕਿ ਉਹ ਦਲਿਤ ਸੀ.ਐਮ ਲਗਾਉਣ ਦਾ ਵਾਅਦਾ ਪੂਰਾ ਨਾ ਕਰਨ ਉਤੇ ਸਰਕਾਰ ਨੂੰ ਘੇਰ ਰਹੇ ਸਨ, ਪਰ ਮੁੱਖ ਮੰਤਰੀ ਨੇ ਜੁੱਤੀ ਸੰਘਾਉਣ ਦੀ ਗੱਲ ਕਹਿਕੇ ਉਸਦਾ ਤੇ ਦਲਿਤ ਸਮਾਜ ਦਾ ਅਪਮਾਨ ਕੀਤਾ।ਕੋਟਲੀ ਲਗਾਤਾਰ ਦਲਿਤ ਮੁੱਦਿਆ ਉਤੇ ਮੁੱਖ ਮੰਤਰੀ ਨੂੰ ਘੇਰ ਰਹੇ ਹਨ।