ਚੰਡੀਗੜ੍ਹ,11 ਜੁਲਾਈ (ਖ਼ਬਰ ਖਾਸ ਬਿਊਰੋ)
ਨਸ਼ਾ ਸਰਕਾਰਾਂ, ਰਾਜਸੀ ਪਾਰਟੀਆਂ ਲਈ ਚੋਣ ਮੁੱਦਾ ਤਾਂ ਹੈ, ਪਰ ਇਸ ਅਲਾਮਤ ਨੂੰ ਖ਼ਤਮ ਕਰਨ ਲਈ ਰਾਜਸੀ ਆਗੂਆਂ ਅਤੇ ਸਰਕਾਰਾਂ ਕੋਲ ਕੋਈ ਸਾਰਥਕ ਹੱਲ ਨਜ਼ਰ ਨਹੀਂ ਆ ਰਿਹਾ। ਨਸ਼ਾ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ। ਦਰਜ਼ਨਾਂ ਘਰਾ ਦੇ ਚਿਰਾਗ ਨਸ਼ੇ ਕਾਰਨ ਬੁੱਝ ਚੁੱਕੇ ਹਨ। ਹਕੂਮਤਾਂ ਨਸ਼ੇ ਨੂੰ ਰੋਕਣ ਲਈ ਨਾਕਾਮ ਸਾਬਤ ਹੋ ਰਹੀਆਂ ਹਨ।
ਨਸ਼ਾ ਨੌਜਵਾਨਾਂ ਨੂੰ ਮੌਤ ਵੱਲ ਧੱਕ ਰਿਹਾ ਹੈ। ਨਸ਼ੇ ਕਾਰਨ ਸੂਬੇ ਦੇ ਕਈ ਘਰਾਂ ਦੇ ਦੀਵੇ ਬੁੱਝ ਗਏ ਹਨ। ਸਰਕਾਰ, ਪ੍ਰਸ਼ਾਸਨ, ਪੁਲਿਸ ਅਤੇ ਸਮਾਜਿਕ ਸੰਸਥਾਵਾਂ ਦੇ ਸਾਰੇ ਯਤਨ ਨਸ਼ਾ ਘੱਟ ਕਰਨ ਵਿਚ ਨਾਕਾਮ ਸਾਬਤ ਹੋ ਰਹੇ ਹਨ। ਸਗੋਂ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਹੁਣ ਇਹ ਨਸੇ ਦੀ ਲਤ ਛੋਟੀ ਉਮਰ ਦੇ ਨੌਜਵਾਨਾਂ ਤੱਕਪੁਜਣ ਲੱਗੀ ਹੈ।
ਬਠਿੰਡਾ ਵਿੱਚ ਇੱਕ ਮਹੀਨੇ ਵਿੱਚ ਅੱਠ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿੱਚ ਚਿੱਟੇ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਪਿੰਡ ਤੁੰਗਵਾਲੀ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਖੇਤਾਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਏ ਹਨ। ਡਰ ਕਾਰਨ ਮੌਕੇ ‘ਤੇ ਪਹੁੰਚੇ ਲੋਕਾਂ ਨੇ ਨੌਜਵਾਨਾਂ ਨੂੰ ਹੱਥ ਤੱਕ ਨਹੀਂ ਲਾਇਆ। ਲੋਕਾਂ ਨੇ ਪਿੰਡ ਦੇ ਸਰਪੰਚ ਨੂੰ ਮੌਕੇ ‘ਤੇ ਬੁਲਾਇਆ, ਜਿਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੋ ਨੌਜਵਾਨ ਬੇਹੋਸ਼ ਹੋ ਕੇ ਕੁਝ ਕਦਮਾਂ ਦੀ ਦੂਰੀ ‘ਤੇ ਖੇਤਾਂ ‘ਚ ਮੁਧੇ ਮੂੰਹ ਡਿੱਗੇ ਦਿਖਾਈ ਦੇ ਰਹੇ ਹਨ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਉਕਤ ਵੀਡੀਓ ਵਿੱਚ ਪਿੰਡ ਤੁੰਗਵਾਲੀ ਦਾ ਜ਼ਿਕਰ ਕੀਤਾ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਦੋਵੇਂ ਨੌਜਵਾਨ ਝੋਨੇ ਦੇ ਖੇਤ ਵਿੱਚ ਹਨ। ਵੀਡੀਓ ‘ਚ ਦਿਖਾਈ ਦੇ ਰਹੇ ਦੋਵੇਂ ਨੌਜਵਾਨ ਸਾਹ ਲੈ ਰਹੇ ਹਨ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਲੋਕਾਂ ਨੂੰ ਸਰਪੰਚ ਨੂੰ ਮੌਕੇ ‘ਤੇ ਬੁਲਾ ਕੇ ਹਸਪਤਾਲ ਲਿਜਾਣ ਲਈ ਕਿਹਾ।
ਭਾਜਪਾ ਆਗੂ ਦਿਆਲ ਸਿੰਘ ਸੋਢੀ ਨੇ ਦੱਸਿਆ ਕਿ ਉਪਰੋਕਤ ਵੀਡੀਓ ਉਨ੍ਹਾਂ ਦੇ ਪਿੰਡ ਤੁੰਗਵਾਲੀ ਦੀ ਹੈ। ਜਿੱਥੇ ਦੋਵੇਂ ਸ਼ਰਾਬੀ ਨੌਜਵਾਨ ਖੇਤਾਂ ਦੇ ਅੰਦਰ ਬੇਹੋਸ਼ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਨਸ਼ਿਆਂ ਵਿਰੁੱਧ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜ੍ਹਨ ਦੀ ਜਰੂਰਤ ਹੈ। ਬਠਿੰਡਾ ਪੁਲੀਸ ਲਗਾਤਾਰ ਚਿੱਟਾ ਤਸਕਰਾਂ ਨੂੰ ਫੜਨ ਵਿੱਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਚਿੱਟੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਜ਼ਿਲ੍ਹੇ ਵਿੱਚ ਚਿੱਟੇ ਦਾ ਨਸ਼ਾ ਨਹੀਂ ਰੁਕ ਰਿਹਾ। ਹਰ ਰੋਜ਼ ਕਿਤੇ ਨਾ ਕਿਤੇ ਅਜਿਹੀਆਂ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਹੋਏ ਪਾਏ ਜਾਂਦੇ ਹਨ।