-ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ‘ਮਸ਼ੀਨੀ ਬੁੱਧੀਮਾਨਤਾ’ `ਤੇ ਪ੍ਰਭਾਵਸ਼ਾਲੀ ਸੈਮੀਨਾਰ
ਚੰਡੀਗੜ੍ਹ 8 ਜੁਲਾਈ (ਖ਼ਬਰ ਖਾਸ ਬਿਊਰੋ)
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬੀ ਸਾਹਿਤ ਸਭਾ ਮੋਹਾਲੀ ਦੇ ਸਹਿਯੋਗ ਨਾਲ਼ ਮਿਊਜ਼ੀਅਮ ਹਾਲ ਅਤੇ ਆਰਟ ਗੈਲਰੀ ਵਿਖੇ ਬੇਹੱਦ ਮਹੱਤਵਪੂਰਨ ਵਿਸ਼ੇ ‘ਮਸ਼ੀਨੀ ਬੁੱਧੀਮਾਨਤਾ’ `ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਸਰੋਤਿਆਂ ਨਾਲ਼ ਨੱਕੋ ਨੱਕ ਭਰੇ ਹਾਲ ਵਿਚ ਸੈਮੀਨਾਰ ਦੇ ਅਰੰਭ ਵਿਚ ਕੇਂਦਰੀ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ‘ਮਸ਼ੀਨੀ ਬੁੱਧੀਮਾਨਤਾ’ ਵਿਸ਼ੇ `ਤੇ ਕਰਵਾਏ ਜਾ ਰਹੇ ਇਸ ਸੈਮੀਨਾਰ ਦੇ ਮਹੱਤਵ ਦਾ ਜਿ਼ਕਰ ਕਰਦਿਆਂ ਕਿਹਾ ਕਿ ਨਿੱਤ ਆ ਰਹੇ ਅਤਿ ਆਧੁਨਿਕ ਮਸ਼ੀਨੀ ਟੂਲ ਪੰਜਾਬੀ ਸਾਹਿਤ, ਸਭਿਆਚਾਰ, ਭਾਸ਼ਾ ਅਤੇ ਸਮਾਜ `ਤੇ ਕੀ ਅਸਰ ਪਾਉਣਗੇ; ਇਹ ਸਮਝਣ ਲਈ ਹੀ ਅੱਜ ਦਾ ਸੈਮੀਨਾਰ ਉਲੀਕਆ ਗਿਆ ਹੈ।
ਸੈਮੀਨਾਰ ਵਿਚ ਵੱਡੀ ਤਦਾਦ ਵਿਚ ਪਹੁੰਚੇ ਸਰੋਤਿਆਂ ਅਤੇ ਮਹਿਮਾਨਾਂ ਨੂੰ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਨਿੱਘੀ ‘ਜੀ ਆਇਆਂ ਨੂੰ’ ਆਖੀ।
ਉਪਰੰਤ ਮੰਚ ਸੰਚਾਲਨ ਦੀ ਜਿ਼ੰਮੇਵਾਰੀ ਸੰਭਾਲਦਿਆਂ ਦੀਪਕ ਸ਼ਰਮਾ ਚਨਾਰਥਲ ਨੇ ਪ੍ਰਮੁੱਖ ਬੁਲਾਰਿਆਂ ਡਾ, ਮਨਮੋਹਨ, ਅਮਰਜੀਤ ਸਿੰਘ ਗਰੇਵਾਲ, ਸਮਾਗਮ ਦੀ ਪ੍ਰਧਾਨਗੀ ਲਈ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਰ ਜਸਵੰਤ ਜ਼ਫ਼ਰ ਤੇ ਨਾਲ ਹੀ ਪ੍ਰਧਾਨਗੀ ਮੰਡਲ ਵਿਚ ਬੈਠਣ ਲਈ ਦਰਸ਼ਨ ਬੁੱਟਰ, ਡਾ. ਕਰਮਜੀਤ ਸਿੰਘ, ਮੱਖਣ ਸਿੰਘ ਕੁਹਾੜ, ਡਾ. ਸਿ਼ੰਦਰਪਾਲ ਸਿੰਘ ਗੁਰਭੇਜ ਸਿੰਘ ਗੁਰਾਇਆ ਤੇ ਮੁਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਤੇ ਵਿਸ਼ੇਸ਼ ਮਹਿਮਾਨ ਜਸਪਾਲ ਸਿੰਘ ਦਸੂਵੀ ਨੂੰ ਸੱਦਾ ਦਿੱਤਾ।
ਵਿਸ਼ਾ ਮਾਹਿਰ ਵਜੋਂ ਬੁਲਾਏ ਗਏ ਡਾ. ਮਨਮੋਹਨ ਨੇ ਆਪਣੇ ਭਾਸ਼ਣ ਦੇ ਸ਼ੁਰੂ ਵਿਚ ਹੀ ਦੱਸਿਆ ਕਿ ਬੁੱਧੀਮਾਨਤਾ ਦੇ ਅਰਥ ਵਸੀਹ ਹਨ। ਉਨ੍ਹਾਂ ਕਿਹਾ ਕਿ ਬੁੱਧੀਮਾਨਤਾ ਦਾ ਧੁਰਾ ਸਕਾਰਾਤਮਕ ਰੂਪ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬੁੱਧੀਮਾਨਤਾ ਦੇ ਤਿੰਨ ਤਰ੍ਹਾਂ ਦੇ ਪ੍ਰਭਾਵ ਹੁੰਦੇ ਹਨ; ਸਕਾਰਾਤਮਕ, ਨਕਾਰਾਤਮਕ ਤੇ ਇੱਕ ਜਿੱਥੇ ਬੰਦਾ ਕਹਿੰਦਾ ਹੈ ਕਿ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਨ੍ਹਾਂ ਦੱਸਿਆ ਕਿ ਸੱਭਿਅਤਾ ਅਤੇ ਤਕਨੀਕ ਹਮੇਸ਼ਾ ਨਾਲ ਨਾਲ ਚੱਲਦੇ ਹਨ। ਮਨੁੱਖ ਦਾ ਬੌਧਿਕ ਪੱਧਰ ਵੱਧਣ ਨਾਲ ਹੀ ਤਕਨੀਕ ਵੱਧਦੀ ਹੈ। ਉਨ੍ਹਾਂ ਕਿਹਾ ਕਿ ਬੜੀ ਤੇਜ਼ੀ ਨਾਲ ਬਦਲ ਰਹੇ ਸੰਸਾਰ ਨਾਲ਼ ਜੁੜਨ ਲਈ ‘ਮਸ਼ੀਨੀ ਬੁੱਧੀਮਾਨਤਾ’ ਇੱਕ ਸਾਧਨ ਹੈ। ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਮਸ਼ੀਨੀ ਬੁੱਧੀਮਾਨਤਾ ਮਨੁੱਖੀ ਦਿਮਾਗ ਦਾ ਬਦਲ ਨਹੀਂ ਹੋ ਸਕਦੀ। ਮਨੁੱਖੀ ਦਿਮਾਗ ਦੀ ਬ੍ਰਹਿਮੰਡ ਦੀ ਤਰ੍ਹਾਂ ਕੋਈ ਸੀਮਾ ਨਹੀਂ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੀ ਕਵਿਤਾ ਤੁਹਾਨੂੰ ਮੁਕਤ ਨਹੀਂ ਕਰੇਗੀ ਜਿਵੇਂ ਕਿ ਮਨੁੱਖ ਦੀ ਕਵਿਤਾ ਕਰਦੀ ਹੈ, ਉਹ ਕਲਪਨਾ ਵਿੱਚ ਰਸ ਭਰਦੀ ਹੈ। ਡਾ. ਮਨਮੋਹਨ ਨੇ ਆਪਣੇ ਭਾਸ਼ਣ ਨੂੰ ਸਮਾਪਤ ਕਰਦਿਆਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਨਾਲ ਕੁਝ ਵੀ ਖ਼ਤਮ ਨਹੀਂ ਹੋਏਗਾ; ਇਹ ਸਿਰਫ ਇੱਕ ਟੂਲ ਹੈ।
ਸੈਮੀਨਾਰ ਦੇ ਦੂਸਰੇ ਪ੍ਰਮੱਖ ਬੁਲਾਰੇ ਅਮਰਜੀਤ ਗਰੇਵਾਲ ਨੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਬਾਰੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਸ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਇੰਸਦਾਨਾਂ ਦਾ ਅਨੁਮਾਨ ਹੈ ਮਸ਼ੀਨੀ ਬੁੱਧੀਮਾਨਤਾ 2029 ਤੱਕ ਮਨੁੱਖੀ ਬੁੱਧੀ ਨੂੰ ਪਾਰ ਕਰ ਜਾਏਗੀ ਤੇ 2049 ਤੱਕ ਮਸ਼ੀਨੀ ਬੁਧੀਮਾਨਤਾ ਮਨੁੱਖੀ ਬੁੱਧੀ ਨਾਲੋਂ ਕਈ ਮਿਲੀਅਨ ਗੁਣਾ ਅੱਗੇ ਚਲੀ ਜਾਏਗੀ। ਇਹ ਹੋਣਾ ਹੀ ਹੈ ਇਸ ਦੇ ਪਿੱਛੇ ਪੂੰਜੀਵਾਦੀ ਤਾਕਤਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਆਉਣ ਵਾਲਾ ਸਰੂਪ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਅਸੀਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਕੋਲ ਪੰਜਾਬੀ ਦਾ ਡਾਟਾ ਨਾ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਨੂੰ ਜੇਕਰ ਅਸੀਂ ਆਪਣਾ ਡਾਟਾ ਮੁਹੱਈਆ ਕਰਵਾ ਦਿੱਤਾ ਤਾਂ ਇਹ ਬਹੁਤ ਖੂਬਸੂਰਤ ਕਵਿਤਾ ਲਿਖ ਸਕੇਗੀ ਅਤੇ ਇਹ ਕਲਾ ਦੇ ਹਰ ਖੇਤਰ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਇਹੀ ਚੁਨੌਤੀ ਕਵੀਆਂ ਨੂੰ ਅੱਗੇ ਲੈ ਕੇ ਜਾਏਗੀ ਤੇ ਸਾਨੂੰ ਸੋਚਣਾ ਪਏਗਾ ਕਿ ਆਪਣੀ ਪਛਾਣ ਅਸੀਂ ਕਿਵੇਂ ਬਚਾਉਣੀ ਹੈ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਅਜੇ ਬਚਪਨ ਵਿੱਚ ਹੈ, ਅਜੇ ਤਾਂ ਇਸਦਾ ਜਨਮ ਹੀ ਹੋਇਆ ਹੈ। ਇਹ ਇਸ ਦੀ ਪਰਵਰਿਸ਼ `ਤੇ ਨਿਰਭਰ ਕਰੇਗਾ ਕਿ ਇਹ ਨਾਇਕ ਬਣੇਗੀ ਜਾਂ ਖਲਨਾਇਕ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਜਸਵੰਤ ਸਿੰਘ ਜ਼ਫ਼ਰ ਨੇ ‘ਮਸ਼ੀਨੀ ਬੁਧੀਮਾਨਤਾ’ ਦੀ ਆਮਦ ਨੂੰ ਨਵਯੁੱਗ ਦੀ ਕ੍ਰਾਂਤੀ ਤਸਲੀਮ ਕਰਦਿਆਂ ਕਿਹਾ ਕਿ ਇਹ ਖ਼ਦਸ਼ੇ ਨਿਰਮੂਲ ਹਨ ਕਿ ਇਸ ਨਾਲ਼ ਮਨੁੱਖ ਗੁਲਾਮ ਹੋ ਜਾਵੇਗਾ। ਉਨ੍ਹਾਂ ਕਈ ਇਤਿਹਾਸਕ ਹਵਾਲੇ ਦਿੰਦਿਆਂ ਕਿਹਾ ਕਿ ਹਰ ਨਵੀਂ ਤਕਨੀਕ ਮਨੁੱਖ ਲਈ ਬੇਹਤਰ ਮੌਕਿਆਂ ਦੇ ਹਜ਼ਾਰਾਂ ਦਰਵਾਜ਼ੇ ਖੋਲ੍ਹਦੀ ਹੈ ਤੇ ‘ਮਸ਼ੀਨੀ ਬੁਧੀਮਾਨਤਾ’ ਵੀ ਨਵੇਂ ਮੀਲ ਪੱਥਰ ਸਥਾਪਤ ਕਰੇਗੀ।
ਸੰਵਾਦ ਦੀ ਸ਼ੁਰੂਆਤ ਕਰਦਿਆਂ ਡਾ. ਦੇਵਿੰਦਰ ਸੈਫ਼ੀ ਨੇ ਕਿਹਾ ‘ਮਸੀ਼ਨੀ ਬੁੱਧੀਮਾਨਤਾ’ ਬਹੁਤ ਕੁੱਝ ਬਦਲ ਦੇਵੇਗੀ ਪਰ ਮਨੁੱਖੀ ਮਨ ਦੀਆਂ ਬ੍ਰਹਿਮੰਡੀ ਤਹਿਆਂ ਤੱਕ ਕਦੀ ਨਹੀਂ ਪਹੁੰਚ ਸਕੇਗੀ।
ਸੰਵਾਦ ਵਿਚ ਹਰਪ੍ਰੀਤ ਕੌਰ ਸੰਧੂ, ਡਾ. ਕੰਵਰ ਜਸਵਿੰਦਰ ਪਾਲ ਸਿੰਘ, ਗੁਰਮੀਤ ਬਾਜਵਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਗੁਰਪ੍ਰੀਤ ਕੌਰ ਅੰਬਾਲਾ, ਯਤਿੰਦਰ ਕੌਰ ਮਾਹਲ, ਹਰਵਿੰਦਰ ਚੰਡੀਗੜ੍ਹ, ਡਾ. ਲਾਭ ਸਿੰਘ ਖੀਵਾ, ਰਿਪੂਦਮਨ ਸਿੰਘ, ਪਰਮਿੰਦਰ ਗਿੱਲ, ਦੱਸਵੀਂ ਜਮਾਤ ਦੇ ਵਿਿਦਆਰਥੀ ਤੇ ਸਭ ਤੋਂ ਛੋਟੀ ਉਮਰ ਦੇ ਸਰੋਤੇ ਅੰਕੁਸ਼ ਰਾਏ, ਪ੍ਰਧਾਨਗੀ ਮੰਡਲ ਵਿੱਚੋਂ ਦਲਜੀਤ ਸਿੰਘ ਸ਼ਾਹੀ, ਡਾ. ਸਿੰਦਰਪਾਲ ਸਿੰਘ, ਮੱਖਣ ਸਿੰਘ ਕੁਹਾੜ, ਗੁਰਭੇਜ ਸਿੰਘ ਗੁਰਾਇਆ ਅਤੇ ਡਾ. ਦੀਪਕ ਮਨਮੋਹਨ ਸਿੰਘ ਨੇ ਆਪੋ ਆਪਣੇ ਅੰਦਾਜ ਵਿਚ ਤਿੱਖੇ ਸਵਾਲ ਕੀਤੇ। ਸਵਾਲਾਂ ਦੇ ਜਵਾਬ ਦੰਦਿਆਂ ਅਮਰਜੀਤ ਸਿੰਘ ਗਰੇਵਾਲ ਇਕੋ ਹੀ ਸਤਰ ਵਿਚ ਇਹ ਕਹਿੰਦਿਆਂ ਗੱਲ ਨਿਬੇੜੀ ਕਿ ‘ਮਸ਼ੀਨੀ ਬੁੱਧੀਮਾਨਤਾ’ ਦੇ ਆਉਣ ਨਾਲ਼ ਯੁੱਗ ਬਦਲ ਗਿਆ ਹੈ, ਅੱਜ ਗਿਆਨ ਨਹੀਂ ਸਗੋਂ ਜਗਿਆਸਾ ਦਾ ਯੁੱਗ ਹੈ।ਸਮਾਗਮ ਦੇ ਅਖ਼ੀਰ ਵਿਚ ਜਸਪਾਲ ਸਿੰਘ ਦਸੂਵੀ ਨੇ ਪ੍ਰਬੁੱਧ ਸਰੋਤਿਆਂ ਦਾ ਧੰਨਵਾਦ ਕੀਤਾ।