ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੁੱਖ ਮੰਤਰੀ ਨੇ ਫ਼ਿਰ ਕੀਤਾ ਮੋਹਿੰਦਰ ਭਗਤ ਨੂੰ ਮੰਤਰੀ ਬਣਾਉਣ ਦਾ ਵਾਅਦਾ

ਰੱਬ ਸਭ ਕੁਝ ਚੰਗੇ ਲਈ ਕਰਦਾ ਹੈ,ਭ੍ਰਿਸ਼ਟ ਵਿਅਕਤੀ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ, ਹੁਣ ਜਲੰਧਰ ਪੱਛਮੀ ਨੂੰ ਇਮਾਨਦਾਰ ਵਿਧਾਇਕ ਮਿਲੇਗਾ : ਭਗਵੰਤ ਮਾਨ

ਪ੍ਰਚਾਰ ਦੇ ਆਖ਼ਰੀ ਦਿਨ ਮੁੱਖ ਮੰਤਰੀ ਮਾਨ ਨੇ ਮੋਹਿੰਦਰ ਭਗਤ ਲਈ ਮੰਗੀਆਂ ਵੋਟਾਂ, ਮੰਤਰੀ ਬਣਾਉਣ ਦਾ ਕੀਤਾ ਵਾਅਦਾ

ਅਕਾਲੀ ਦਲ ਤੇ ਕਾਂਗਰਸ ਸਾਡਾ ਮੁਕਾਬਲਾ ਨਹੀਂ ਕਰ ਸਕਦੇ, ਅਸੀਂ ਮਿਹਨਤੀ ਤੇ ਇਮਾਨਦਾਰ ਲੋਕ ਹਾਂ, ਮੋਹਿੰਦਰ ਭਗਤ ਸੁਭਾਅ ਤੋਂ ਵੀ ਭਗਤ ਹਨ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਦਾ ਹੌਸਲਾ ਵਧਾਉਣ ਲਈ 10 ਜੁਲਾਈ ਨੂੰ ‘ਆਪ’ ਨੂੰ ਵੋਟ ਦਿਓ, ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਤੁਹਾਡੀ ਸੇਵਾ ਕਰਾਂਗਾ: ਮੋਹਿੰਦਰ ਭਗਤ

ਜਲੰਧਰ, 8 ਜੁਲਾਈ (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖ਼ਰੀ ਦਿਨ ‘ਆਪ’ ਉਮੀਦਵਾਰ ਮੋਹਿੰਦਰ ਭਗਤ ਲਈ ਪ੍ਰਚਾਰ ਕੀਤਾ। ਮਾਨ ਨੇ ਵਾਰਡ ਨੰਬਰ 75 ਅਤੇ 36 ਵਿੱਚ ਜਨ ਸਭਾਵਾਂ ਕੀਤੀਆਂ ਅਤੇ ਲੋਕਾਂ ਨੂੰ 10 ਜੁਲਾਈ ਨੂੰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ‘ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਪ੍ਰਮਾਤਮਾ ਸਭ ਕੁਝ ਲੋਕਾਂ ਦੇ ਭਲੇ ਲਈ ਹੀ ਕਰਦਾ ਹੈ, ਇਸੇ ਲਈ ਇਕ ਭ੍ਰਿਸ਼ਟ ਵਿਅਕਤੀ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ ਅਤੇ ਹੁਣ ਜਲੰਧਰ ਨੂੰ ਇਕ ਇਮਾਨਦਾਰ ਵਿਧਾਇਕ ਮਿਲੇਗਾ। ਮੋਹਿੰਦਰ ਭਗਤ ਸੁਭਾਅ ਤੋਂ ਵੀ ਭਗਤ ਹਨ, ਉਹ ਇੱਕ ਇਮਾਨਦਾਰ ਅਤੇ ਸੁਹਿਰਦ ਆਗੂ ਹਨ। ਉਨ੍ਹਾਂ ਕਿਹਾ ਕਿ ‘ਝਾੜੂ’ ਦਾ ਬਟਨ ਈਵੀਐਮ ਮਸ਼ੀਨ ‘ਤੇ 5ਵੇਂ ਨੰਬਰ ‘ਤੇ ਹੋਵੇਗਾ ਪਰ ਇਹ ਯਕੀਨੀ ਬਣਾਓ ਕਿ ਮੋਹਿੰਦਰ ਭਗਤ ਨਤੀਜੇ ਵਾਲੇ ਦਿਨ ਪਹਿਲੇ ਨੰਬਰ ‘ਤੇ ਆਵੇ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਅਤੇ ਸੁਖਬੀਰ ਬਾਦਲ ਵਰਗੇ ਆਗੂ ਸਾਡਾ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਮਿਹਨਤੀ ਅਤੇ ਇਮਾਨਦਾਰ ਲੋਕ ਹਾਂ, ਇਹ ਤਾਪਮਾਨ ਪੁੱਛ ਕੇ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਰਸਮੀ ਕਾਰਵਾਈ (ਫਾੱਰਮੈਲੇਟੀ) ਕਰਨ ਤੋਂ ਬਾਅਦ ਆਪਣੇ ਘਰਾਂ ਦੇ ਅੰਦਰ ਚਲੇ ਜਾਂਦੇ ਹਨ। ਮਾਨ ਨੇ ਕਿਹਾ ਕਿ ‘ਆਪ’ ਆਗੂ ਆਮ ਪਰਿਵਾਰਾਂ ਵਿੱਚੋਂ ਹਨ ਅਤੇ ਉਹ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਲਈ ਕੰਮ ਕਰਦੇ ਹਨ।

ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠੇ ਕੇਸ ਤਹਿਤ ਜੇਲ੍ਹ ਵਿੱਚ ਹਨ। ਆਓ ਉਨ੍ਹਾਂ ਦੇ ਲਈ ਇਹ ਚੋਣ ਜਿੱਤੀਏ ਅਤੇ ਤਾਨਾਸ਼ਾਹ ਦੇ ਖ਼ਿਲਾਫ਼ ਲੜਦੇ ਹੋਏ ਜੇਲ੍ਹ ਵਿੱਚ ਗਏ ਅਰਵਿੰਦ ਕੇਜਰੀਵਾਲ ਨੂੰ ਮੁਸਕਰਾਉਣ ਲਈ ਕੁਝ ਦੇਈਏ। ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਹਰ ਵਰਗ ਦੀ ਸਰਕਾਰ ਹੈ। ਹਰ ਰੋਜ਼ ਉਹ ਵੱਖ-ਵੱਖ ਪਿਛੋਕੜ ਦੇ ਹਜ਼ਾਰਾਂ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਯਕੀਨੀ ਬਣਾਵਾਂਗਾ ਕਿ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਮਿਲੇ ਅਤੇ ਉਨ੍ਹਾਂ ਦੇ ਕੰਮ ਹੋਣ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਮਾਨ ਨੇ ਕਿਹਾ ਕਿ ਜਲੰਧਰ ਉਨ੍ਹਾਂ ਦੀ ‘ਕਰਮਭੂਮੀ’ ਹੈ, ਉਹ ਇਸ ਦੇ ਵਿਕਾਸ ਨਾਲ ਜੁੜੀ ਕਿਸੇ ਵੀ ਫਾਈਲ ‘ਤੇ ਦਸਤਖ਼ਤ ਕਰਕੇ ਉਸਨੂੰ ਪਾਸ ਕਰਨਗੇ। ਮਾਨ ਨੇ ਕਿਹਾ ਕਿ ਉਹ ਭਾਵੁਕ ਵਿਅਕਤੀ ਹਨ, ਉਹ ਲੋਕਾਂ ਦੇ ਜੀਵਨ ਵਿੱਚ ਸਿਰਫ਼ ਮੁਸਕਰਾਹਟ ਅਤੇ ਖ਼ੁਸ਼ੀਆਂ ਲਿਆਉਣਾ ਚਾਹੁੰਦੇ ਹਨ। ਮਾਨ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਲਤ ਐਨੀ ਮਾੜੀ ਹੋ ਗਈ ਹੈ ਕਿ ਸੁਖਬੀਰ ਬਾਦਲ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਕੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਜ਼ੀਰੋ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮੋਹਿੰਦਰ ਭਗਤ ਨੂੰ ਜਿਤਾਉਂਦੇ ਹੋ ਅਤੇ ਵਿਧਾਨ ਸਭਾ ਦੀ ਪੌੜੀ ਚੜ੍ਹਾਉਂਦੇ ਹੋ ਤਾਂ ਮੈਂ ਉਨ੍ਹਾਂ ਨੂੰ ਅਗਲੀ ਪੌੜੀਆਂ ਚੜ੍ਹਾਵਾਂਗਾ। ਮਾਨ ਭਗਤ ਨੂੰ ਮੰਤਰੀ ਬਣਾਉਣ ਦਾ ਇਸ਼ਾਰਾ ਕਰ ਰਹੇ ਸਨ। ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਭ੍ਰਿਸ਼ਟ ਹਨ, ਕੇਵਲ ਮੋਹਿੰਦਰ ਭਗਤ ਹੀ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਦੇ ਵਿਕਾਸ ਲਈ ਕੰਮ ਕਰਨਗੇ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂ ਇਹ ਸੋਚ ਕੇ ਪ੍ਰੇਸ਼ਾਨ ਹਨ ਕਿ ਆਮ ਲੋਕ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਕਿਵੇਂ ਬਣ ਗਏ। ਉਨ੍ਹਾਂ ਕਿਹਾ ਕਿ ਹੁਣ ਬਾਕੀ ਪਾਰਟੀਆਂ ਤੁਹਾਡੀਆਂ ਵੋਟਾਂ ਲੈਣ ਲਈ ਪੈਸੇ ਵੰਡਣਗੀਆਂ, ‘ਲਕਸ਼ਮੀ’ ਨੂੰ ਨਾਂਹ ਨਾ ਕਰਿਓ, ਲੈ ਲਿਓ ਕਿਉਂਕਿ ਇਹ ਤੁਹਾਡਾ ਪੈਸਾ ਹੈ, ਜੋ ਉਨ੍ਹਾਂ ਨੇ ਤੁਹਾਡੇ ਤੋਂ ਲੁੱਟਿਆ ਹੈ, ਪਰ ਵੋਟ ਕਿਸੇ ਇਮਾਨਦਾਰ ਨੇਤਾ ਨੂੰ ਦਿਓ।

ਸੀਐਮ ਭਗਵੰਤ ਮਾਨ ਦਾ ਹੌਸਲਾ ਵਧਾਉਣ ਲਈ 10 ਜੁਲਾਈ ਨੂੰ ‘ਆਪ’ ਨੂੰ ਵੋਟ ਦਿਓ, ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਤੁਹਾਡੀ ਸੇਵਾ ਕਰਾਂਗਾ: ਮੋਹਿੰਦਰ ਭਗਤ

ਜਨ ਸਭਾਵਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਹਿੰਦਰ ਭਗਤ ਨੇ ਲੋਕਾਂ ਵੱਲੋਂ ਲਗਾਤਾਰ ਸਮਰਥਨ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਮਾਨ ਦਾ ਹੌਸਲਾ ਵਧਾਉਣ ਲਈ ‘ਆਪ’ ਨੂੰ ਵੋਟ ਪਾਉਣ ਤਾਂ ਜੋ ਉਹ ਪੰਜਾਬ ਦੇ ਲੋਕਾਂ ਲਈ ਹੋਰ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਜਲੰਧਰ ਪੱਛਮੀ ਦੇ ਲੋਕਾਂ ਦੀ ਸੇਵਾ ਕਰਨਗੇ।

Leave a Reply

Your email address will not be published. Required fields are marked *