ਨਵਾਂ ਗਾਓ ਬਣਿਆ ਸਮੱਸਿਆਵਾਂ ਦਾ ਢੇਰ, ਕਦੋਂ ਸੁਣੇਗੀ ਮਾਨ ਸਰਕਾਰ?
– ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਇਲਾਕੇ ਦਾ ਦੌਰਾ ਕੀਤਾ
ਚੰਡੀਗੜ੍ਹ, 6 ਜੁਲਾਈ (ਖ਼ਬਰ ਖਾਸ ਬਿਊਰੋ)
ਸੂਬੇ ਦੇ ਵਿਕਾਸ ਦੀ ਹਾਲਤ ਕਿਹੋ ਜਿਹੀ ਹੋਵੇਗੀ ,ਇਸਦਾ ਅੰਦਾਜ਼ਾ ਰਾਜਧਾਨੀ ਦੀ ਬੁੱਕਲ ਵਿੱਚ ਵਸੇ ਕਸਬਾ ਨਵਾਂ ਗਾਓ ਦੀ ਤਰਸਯੋਗ ਹਾਲਤ ਨੂੰ ਲਗਾਇਆ ਜਾ ਸਕਦਾ ਹੈ। ਬਰਸਾਤ ਦਾ ਮੌਸਮ ਅਜੇ ਸ਼ੁਰੂ ਹੋਇਆ ਹੈ, ਪਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਿੰਡ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਵਿਕਾਸ ਨਗਰ, ਆਦਰਸ਼ ਨਗਰ, ਪੁਰਾਣਾ ਦੁਸਹਿਰਾ ਗਰਾਊਂਡ (ਵਾਰਡ 20 ਤੋਂ 14 ਵਿਚਕਾਰ) ਦੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਜਨਤਾ ਮਾਡਲ ਸਕੂਲ ਨੇੜੇ ਸ਼ਿਵ ਮੰਦਿਰ ਰੋਡ, ਜਨਤਾ ਕਲੋਨੀ ਰੋਡ, ਵਾਰਡ ਨੰਬਰ 14 ਅਤੇ 18 ਦੇ ਵਿਚਕਾਰ ਬਾਬਾ ਬਾਲਕ ਨਾਥ ਮੰਦਰ, ਵਾਰਡ ਨੰਬਰ 1 ਵਿੱਚ ਕੁਮਾਉਂ ਮੰਦਰ ਦੇ ਆਲੇ-ਦੁਆਲੇ, ਕੁਮਾਉਂ ਭਵਨ, ਵਾਰਡ 12 ਵਿੱਚ ਪੁਰਾਣਾ ਟੋਭਾ, ਖੁੱਡਾ ਅਲੀਸ਼ੇਰ ਤੋਂ ਵਾਰਡ 11 ਅਤੇ 12 ਤੱਕ ਕਈ ਥਾਵਾਂ ’ਤੇ ਬਰਸਾਤ ਦਾ ਪਾਣੀ ਖੜ੍ਹਾ ਰਹਿੰਦਾ ਹੈ।
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਨਵਾਂਗਾਓਂ ਦਾ ਦੌਰਾ ਕੀਤਾ ਅਤੇ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਅੱਜ ਤੱਕ ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ਤੋਂ 50 ਮੀਟਰ ਦੂਰੀ ‘ਤੇ ਸਥਿਤ ਇਸ ਇਲਾਕੇ ਦੀ ਸੰਭਾਲ ਨਹੀਂ ਕੀਤੀ।
ਨਯਾਗਾਂਵ ਨੇ ਉਨ੍ਹਾਂ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇੱਥੋਂ ਦੀਆਂ ਗਲੀਆਂ ਟੁੱਟੀਆਂ ਪਈਆਂ ਹਨ। ਹਲਕੀ ਬਰਸਾਤ ਵਿੱਚ ਗਲੀਆਂ ਪਾਣੀ ਵਿੱਚ ਡੁੱਬ ਜਾਂਦੀਆਂ ਹਨ। ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇੱਥੇ ਕਈ-ਕਈ ਦਿਨ ਬਰਸਾਤ ਦਾ ਪਾਣੀ ਇਕੱਠਾ ਰਹਿੰਦਾ ਹੈ। ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਜੋਸ਼ੀ ਨੇ ਦੱਸਿਆ ਕਿ ਨਯਾਗਾਓ ਦੀ ਆਬਾਦੀ ਦੋ ਲੱਖ ਦੇ ਕਰੀਬ ਹੈ। ਪਰ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਨਯਾਗਾਓ ਦਾ ਦੌਰਾ ਕਰਨ ਤਾਂ ਜੋ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਣ।