ਰੂਪਨਗਰ, 6 ਜੁਲਾਈ (ਖ਼ਬਰ ਖਾਸ ਬਿਊਰੋ)
ਰੂਪਨਗਰ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਹਫਤਾਵਾਰੀ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਲਗਾਏ ਗਏ ਇੱਕ ਪਲੇਸਮੈਂਟ ਕੈਂਪ ਵਿੱਚ 9 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਐਸ.ਬੀ.ਆਈ. ਜੀਵਨ ਬੀਮਾ ਦੇ ਨਿਯੋਜਕਾਂ ਵੱਲੋਂ ਲਾਈਫ ਮਿਤਰਾ ਅਤੇ ਡਿਵੈਲਪਮੈਂਟ ਮੈਨੇਜਰ ਦੀ ਅਸਾਮੀ ਲਈ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਲਾਈਫ ਮਿਤਰਾ ਅਤੇ ਡਿਵੈਲਪਮੈਂਟ ਮੈਨੇਜਰ ਦੀ ਅਸਾਮੀ ਲਈ ਕੋਈ ਵੀ ਗ੍ਰੇਜੂਏਟ ਪਾਸ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਤੱਕ ਹੋਵੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਸਨ। ਲਾਈਫ ਮਿਤਰਾ ਲਈ ਚੁਣੇ ਗਏ ਉਮੀਦਵਾਰਾਂ ਨੂੰ ਕਮਿਸ਼ਨ ਦੇ ਆਧਾਰ ਤੇ ਤਨਖਾਹ ਮਿਲੇਗੀ ਅਤੇ ਡਿਵੈਲਪਮੈਂਟ ਮੈਨੇਜਰ ਲਈ ਚੁਣੇ ਗਏ ਉਮੀਦਵਾਰ ਨੂੰ 18000 ਤੋਂ 20,000 ਰੁਪਏ ਪ੍ਰਤੀ ਮਹੀਨਾ ਮਿਲਣਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਮਰਦ ਅਤੇ ਔਰਤ ਦੋਵੇਂ ਭਾਗ ਲੈ ਸਕਦੇ ਸਨ। ਚੁਣੇ ਜਾਣ ਵਾਲੇ ਉਮੀਦਵਾਰ ਦਾ ਕੰਮ ਕਰਨ ਦਾ ਸਥਾਨ ਜ਼ਿਲ੍ਹਾ ਰੋਪੜ ਜਾਂ ਨਵਾਂਸ਼ਹਿਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 26 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਕੰਪਨੀ ਦੇ ਨੁਮਾਇੰਦਿਆਂ ਵੱਲੋਂ 9 ਉਮੀਦਵਾਰਾਂ ਦੀ ਚੋਣ ਕੀਤੀ ਗਈ ।
ਸ਼੍ਰੀਮਤੀ ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਨ੍ਹਾਂ ਹਫ਼ਤਾਰਵਾਰੀ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।