ਚੰਡੀਗੜ੍ਹ, 4 ਜੁਲਾਈ (ਖ਼ਬਰ ਖਾਸ ਬਿਊਰੋ)
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਕਾਂਗਰਸ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਹੁੱਡਾ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਹੁੱਡਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕੌਮੀ ਪੱਧਰ ਉਤੇ ਕਾਂਗਰਸ ਨੇ ਕਈ ਪਾਰਟੀਆਂ ਨਾਲ ਗੱਠਜੋੜ ਕੀਤਾ ਸੀ ਪਰ ਸੂਬਾ ਪੱਧਰ ਉਤੇ ਗਠਜੋੜ ਨਹੀਂ ਕੀਤਾ ਜਾਵੇਗਾ। ਉਨਾਂ ਕਿ ਸੂਬੇ ਦੀਆਂ ਸਾਰੀਆਂ 90 ਸੀਟਾਂ ਉਤੇ ਕਾਂਗਰਸ ਚੋਣ ਲੜੇਗੀ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆ ਨੇ ਦੱਸ ਦਿੱਤਾ ਹੈ ਕਿ ਲੋਕ ਹੁਣ ਕਾਂਗਰਸ ਦਾ ਰਾਜ ਚਾਹੁੰਦੇ ਹਨ। ਉਨਾਂ ਭਾਜਪਾ ਦੀ ਸਰਕਾਰ ਨੂੰ ਯੂ ਟਰਨ ਸਰਕਾਰ ਦੱਸਿਆ ਹੈ। ਸਾਢੇ ਨੌ ਸਾਲਾਂ ਦੌਰਾਨ ਭਾਜਪਾ ਸਰਕਾਰ ਨੇ ਕੋਈ ਲੋਕ ਹਿਤ ਵਿਚ ਕਦਮ ਨਹੀਂ ਚੁੱਕਿਆ ਪਰ ਹੁਣ ਵੋਟਾਂ ਨੇੜ੍ਹੇ ਹੋਣ ਕਾਰਨ ਝੂਠੀਆ ਘੋਸ਼ਣਾਵਾਂ ਕੀਤੀਆ ਜਾ ਰਹੀਆਂ ਹਨ। ਹੁ੍ਡਾ ਨੇ ਕਿਹਾ ਕਿ ਭਾਜਪਾ ਨੂੰ ਪੁਰਾਣੀਆਂ ਘੋਸ਼ਣਾਵਾਂ ਦਾ ਹਿਸਾਬ ਵੀ ਦੇਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਵਿਚ ਹੁੱਡਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਉਤੇ ਭਾਜਪਾ ਵਲੋਂ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਤੇ ਵਿਚਾਰ ਕੀਤਾ ਜਾਵੇਗਾ।
ਹੁੱਡਾ ਨੇ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਕੌਣ ਹੋਵੇਗਾ। ਇਸਦਾ ਫੈਸਲਾ ਚੁਣੇ ਹੋਏ ਵਿਧਾਇਕ ਅਤੇ ਕਾਂਗਰਸ ਹਾਈਕਮਾਨ ਕਰੇਗੀ ਅਤੇ ਬਿਨਾਂ ਸੀ.ਐੱਮ ਚਿਹਰੇ ਤੋਂ ਕਾਂਗਰਸ ਚੋਣ ਮੈਦਾਨ ਵਿਚ ਉਤਰੇਗੀ। ਹੁੱਡਾ ਨੇ ਜ਼ਿਆਦਾਤਰ ਸਵਾਲਾਂ ਨੂੰ ਗੋਲਮੋਲ ਢੰਗ ਨਾਲ ਟਾਲ ਦਿੱਤਾ ਪਰ ਭਾਜਪਾ ਤੇ ਭਾਜਪਾ ਆਗੂਆਂ ਖਿਲਾਫ਼ ਟਿੱਪਣੀਆਂ ਕਰਨ ਦਾ ਕੋਈ ਮੌਕਾ ਖੂੰਝਣ ਨਾ ਦਿੱਤਾ।