ਚੰਡੀਗੜ੍ਹ 4 ਜੁਲਾਈ (ਖ਼ਬਰ ਖਾਸ ਬਿਊਰੋ)
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਯੂ ਪੀ ਦੇ ਜ਼ਿਲੇ ਹਾਥਰਸ ਵਿਖੇ ਇਕ ਧਾਰਮਿਕ ਸਤਿਸੰਗ ਵਿੱਚ ਭਗਦੜ ਮਚਣ ਨਾਲ ਮਾਰੇ ਗਏ 121 ਭੋਲੇ ਭਾਲੇ ਸ਼ਰਧਾਲੂਆਂ ਦੀਆਂ ਦੁੱਖਦਾਈ ਮੌਤਾਂ ਲਈ ਜ਼ਿੰਮੇਵਾਰ ਪਾਖੰਡੀ ਬਾਬੇ ਸੂਰਜ ਪਾਲ ਸਿੰਘ ਉਰਫ ਨਾਰਾਇਣ ਸਾਕਾਰ ਹਰੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਮੋਦੀ ਸਰਕਾਰ ਤੋਂ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਡੇਰਿਆਂ ਉਤੇ ਸਖ਼ਤ ਰੋਕ ਲਾਉਣ ਲਈ ਮਹਾਂਰਾਸ਼ਟਰ ਵਾਂਗ ਪੂਰੇ ਮੁਲਕ ਵਿੱਚ ਕੌਮੀ ਪੱਧਰ ਤੇ ਇਕਸਾਰ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾ ਕੇ ਲਾਗੂ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ,ਰਾਜਪਾਲ ਸਿੰਘ, ਬਲਬੀਰ ਲੌਂਗੋਵਾਲ, ਰਾਮ ਸਵਰਨ ਲੱਖੇਵਾਲੀ,ਜਸਵਿੰਦਰ ਫਗਵਾੜਾ ਅਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਇਕ ਅਪਰਾਧਿਕ ਕੇਸ ਵਿੱਚ ਪੁਲੀਸ ਦੀ ਨੌਕਰੀ ਤੋਂ ਬਰਖਾਸਤ ਇਸ ਪਾਖੰਡੀ ਬਾਬੇ ਵੱਲੋਂ ਢਾਈ ਲੱਖ ਲੋਕਾਂ ਦੇ ਗ਼ੈਰ ਕਾਨੂੰਨੀ ਇਕੱਠ ਕਰਨ ਅਤੇ ਸੁਰੱਖਿਆ ਕੋਤਾਹੀ ਕਾਰਣ 121 ਸ਼ਰਧਾਲੂਆਂ ਦੀ ਦੁੱਖਦਾਈ ਮੌਤ ਦੇ ਬਾਵਜੂਦ ਇਸ ਬਾਬੇ ਦਾ ਨਾਂਅ ਐੱਫ ਆਈ ਆਰ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਜਿਸਤੋਂ ਯੋਗੀ ਸਰਕਾਰ ਦੀ ਇਸ ਪਾਖੰਡੀ ਸਾਧ ਨਾਲ ਮਿਲੀਭੁਗਤ ਸਾਫ਼ ਨਜ਼ਰ ਆਉਂਦੀ ਹੈ।
ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਇਹ ਪਾਖੰਡੀ ਸਾਧ ਪਿਛਲੇ ਕਈ ਸਾਲਾਂ ਤੋਂ ਜਦੋਂ ਆਪਣੇ ਹੀ ਡੇਰੇ ਦੇ ਪੰਪ ਦੇ ਸਾਧਾਰਨ ਪਾਣੀ ਨਾਲ ਕੈਂਸਰ ਦੇ ਰੋਗੀ ਠੀਕ ਕਰਨ ਅਤੇ ਮਰਿਆਂ ਲੋਕਾਂ ਨੂੰ ਜਿਊਂਦਾ ਕਰਨ ਦਾ ਦਾਅਵਾ ਕਰਕੇ ਲੱਖਾਂ ਸ਼ਰਧਾਲੂਆਂ ਨੂੰ ਅੰਧ ਵਿਸ਼ਵਾਸ਼ਾਂ ਵਿੱਚ ਫਸਾ ਕੇ ਵੱਡੇ ਪੱਧਰ ਤੇ ਲੁੱਟਦਾ ਆ ਰਿਹਾ ਸੀ ਤਾਂ ਉਸ ਵਕਤ ਪੁਲੀਸ ਪ੍ਰਸ਼ਾਸਨ , ਮੌਕਾਪ੍ਰਸਤ ਸਿਆਸੀ ਪਾਰਟੀਆਂ ਅਤੇ ਕਾਰਪੋਰੇਟ ਮੀਡੀਏ ਦਾ ਵੱਡਾ ਹਿੱਸਾ ਆਪਣੇ ਸਵਾਰਥੀ ਹਿਤਾਂ ਲਈ ਸਭ ਕੁਝ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ ਪਰ ਹੁਣ ਅਚਾਨਕ ਇਕ ਵੱਡੀ ਮਨੁੱਖੀ ਤਰਾਸਦੀ ਵਾਪਰਨ ਤੋਂ ਬਾਅਦ ਉਹੀ ਮੀਡੀਆ, ਸਿਆਸਤਦਾਨ ਅਤੇ ਪ੍ਰਸ਼ਾਸ਼ਨ ਪਿਛਲੇ ਦੋ ਦਿਨ ਤੋਂ ਇਸ ਪਾਖੰਡੀ ਸਾਧ ਦੇ ਅਪਰਾਧਿਕ ਚਰਿੱਤਰ ਅਤੇ ਉਸ ਵਿਰੁੱਧ ਦਰਜ ਕੇਸਾਂ ਦੇ ਕੱਚੇ ਚਿੱਠੇ ਖੋਲ ਕੇ ਆਪਣਾ ਆਪਣਾ ਬਚਾਅ ਕਰ ਰਹੇ ਹਨ।
ਇਸ ਮੌਕੇ ਸੂਬਾ ਕਮੇਟੀ ਆਗੂਆਂ ਰਾਜੇਸ਼ ਅਕਲੀਆ , ਜੋਗਿੰਦਰ ਕੁੱਲੇਵਾਲ, ਅਜੀਤ ਪ੍ਰਦੇਸੀ, ਜਸਵੰਤ ਮੋਹਾਲੀ, ਗੁਰਪ੍ਰੀਤ ਸ਼ਹਿਣਾ ਅਤੇ ਸੰਦੀਪ ਧਾਰੀਵਾਲ ਭੋਜਾਂ ਨੇ ਦੱਸਿਆ ਕਿ ਪਾਖੰਡੀ ਸਾਧਾਂ ਦੇ ਡੇਰੇ ਸਿਆਸੀ ਤੇ ਹਕੂਮਤੀ ਸਰਪ੍ਰਸਤੀ ਅਤੇ ਕਾਰਪੋਰੇਟ ਪੱਖੀ ਮੀਡੀਏ ਦੀ ਹਮਾਇਤ ਨਾਲ ਹੀ ਸਰਕਾਰੀ ਤੇ ਗ਼ੈਰ ਸਰਕਾਰੀ ਜਾਇਦਾਦਾਂ ਉਤੇ ਕਬਜੇ ਕਰਕੇ ਮਹਿਲਨੁਮਾ ਡੇਰੇ ਉਸਾਰਨ ਵਿਚ ਸਫਲ ਹੁੰਦੇ ਹਨ ਅਤੇ ਲੱਖਾਂ ਭੋਲੇ ਭਾਲੇ ਅਗਿਆਨੀ ਸ਼ਰਧਾਲੂਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ, ਦੁੱਖਾਂ ਅਤੇ ਬਿਮਾਰੀਆਂ ਦਾ ਆਪਣੀ ਅਖੌਤੀ ਦੈਵੀ ਸ਼ਕਤੀ ਨਾਲ ਇਲਾਜ ਅਤੇ ਨਿਵਾਰਨ ਕਰਨ ਦੇ ਬਹਾਨੇ ਉਨ੍ਹਾਂ ਨੂੰ ਅਖੌਤੀ ਚਮਤਕਾਰਾਂ ਅਤੇ ਅਗਲੇ ਪਿਛਲੇ ਜਨਮ ਦੇ ਅੰਧਵਿਸ਼ਵਾਸਾਂ ਵਿਚ ਫਸਾ ਕੇ ਉਨ੍ਹਾਂ ਦਾ ਧਾਰਮਿਕ ਆਸਥਾ ਦੇ ਨਾਂਅ ਹੇਠ ਸ਼ਰੇਆਮ ਆਰਥਿਕ,ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਦੇ ਹਨ ਜੋ ਕਿ ਮੈਡੀਕਲ ਰਜਿਸਟਰੇਸ਼ਨ ਐਕਟ ਅਤੇ ਡਰਗਜ਼ ਤੇ ਮੈਜਿਕ ਰੈਮੀਡੀਜ਼ ਇਤਰਾਜਯੋਗ ਇਸ਼ਤਿਹਾਰਬਾਜੀ ਕਾਨੂੰਨ 1954 ਦੀ ਸਰਾਸਰ ਉਲੰਘਣਾ ਹੈ ਪਰ ਪੁਲੀਸ ਅਤੇ ਸਿਹਤ ਪ੍ਰਸ਼ਾਸਨ ਵਲੋਂ ਅਜਿਹੇ ਪਾਖੰਡੀਆਂ ਦੇ ਖਿਲਾਫ ਕਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਤਰਕਸ਼ੀਲ ਆਗੂਆਂ ਨੇ ਜਿਥੇ ਸਮੁੱਚੀ ਵਿਰੋਧੀ ਧਿਰ ਨੂੰ ਦੇਸ਼ ਵਿਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਦੀ ਮੰਗ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਪੂਰੇ ਜੋਰ ਨਾਲ ਉਠਾਉਣ ਦੀ ਮੰਗ ਕੀਤੀ ਉਥੇ ਹੀ ਆਮ ਲੋਕਾਂ ਨੂੰ ਵਿਗਿਆਨਕ ਸੋਚ ਰਾਹੀਂ ਸੁਚੇਤ ਹੋਣ ਅਤੇ ਅਜਿਹੇ ਪਾਖੰਡੀ ਬਾਬਿਆਂ ਦੇ ਡੇਰਿਆਂ ਦੇ ਝਾਂਸੇ ਵਿੱਚ ਨਾ ਫਸਣ ਦੀ ਅਪੀਲ ਕੀਤੀ।