ਖੁੰਡੀਆਂ ਦੇ ਸਿੰਙ ਫਸ ਗਏ…….

ਚੰਡੀਗੜ੍ਹ, 4 ਜੁਲਾਈ (ਖਬਰ ਖਾਸ ਬਿਊਰੋ)

ਜਲੰਧਰ ਉਪ ਚੋਣ ਨੂੰ ਲੈ ਕੇ ਸਿਆਸੀ ਸਰੀਕਾਂ ਵੱਲੋਂ ਇੱਕ ਦੂਜੇ ਖਿਲਾਫ ਤੋਹਮਤਬਾਜ਼ੀ ਸਿਖਰ ਉੱਤੇ ਪੁੱਜ ਗਈ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਹੁਣ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਭਿੜ ਗਏ ਹਨ। ਦੋਵਾਂ ਵੱਲੋਂ ਇੱਕ ਦੂਜੇ ਨੂੰ ਦਿੱਤੀ ਗਈ ਚੁਣੌਤੀ ਨਾਲ ਸਿਆਸੀ ਪਾਰਾ ਚੜ ਗਿਆ ਹੈ।

ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜ ਜੁਲਾਈ ਤੋਂ ਪਹਿਲਾਂ ਹੀ ਆਪਣਾ ਪੱਖ ਰੱਖਣ ਦੀ ਚੁਨੌਤੀ ਕਬੂਲ ਲਈ ਹੈ। ਸ਼ੀਤਲ ਅੰਗਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੁੰਦੇ ਹੋਏ ਕਿਹਾ ਹੈ ਕਿ ਉਹ ਵੀਰਵਾਰ ਦੁਪਹਿਰ 2 ਵਜੇ ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਂਕ ਵਿਖੇ ਸਾਰੇ ਸਬੂਤ ਲੈ ਕੇ ਪੁੱਜ ਜਾਣਗੇ।

ਸ਼ੀਤਲ ਨੇ ਕਿਹਾ ਹੈ ਕਿ ਉਨਾਂ ਕੋਲ ਜਲੰਧਰ ਦੇ ਆਪ ਦੇ ਵਿਧਾਇਕ ਅਤੇ ਮੁੱਖ ਮੰਤਰੀ ਪਰਿਵਾਰ ਦੀ ਗੱਲਬਾਤ ਦੇ ਕਾਫੀ ਸਬੂਤ ਹਨ ਉਹਨਾਂ ਕਿਹਾ ਕਿ ਜੇਕਰ ਸਬੂਤ ਨਾ ਹੋਏ ਤਾਂ ਮੁੱਖ ਮੰਤਰੀ ਉਹਨਾਂ ਖਿਲਾਫ ਕੋਈ ਵੀ ਕਾਰਵਾਈ ਕਰ ਸਕਦਾ ਹੈ।

ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਨੂੰ ਬਾਬੂ ਜਗਜੀਵਨ ਰਾਮ ਚੌਂਕ ਵਿੱਚ ਆਉਣ ਦੀ ਚੁਨੌਤੀ ਦਿੰਦੇ ਹੋਏ ਕਿਹਾ ਕਿ ਉਹ ਤੁਹਾਡੇ (ਮੁੱਖ ਮੰਤਰੀ) ਲਈ ਸਪੈਸ਼ਲ ਕੁਰਸੀ ਵੀ ਲਾ ਦੇਣਗੇ ਜੇਕਰ ਤੁਹਾਨੂੰ ਚੌਂਕ ਬਾਰੇ ਪਤਾ ਨਹੀਂ ਹੈ ਤਾਂ ਉਹ ਲਾਈਵ ਲੋਕੇਸ਼ਨ ਵੀ ਭੇਜ ਦੇਣਗੇ ਪਰ ਤੁਸੀਂ ਮੇਰੇ ਨਾਲ ਗੱਲਬਾਤ ਕਰਨ ਲਈ ਜਰੂਰ ਆਉਣਾ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਸ਼ੀਤਲ ਅੰਗੂਰਾਲ ਦੇ ਇਸ ਬਿਆਨ ਨਾਲ ਮੁੱਖ ਮੰਤਰੀ ਬੁਰੀ ਤਰ੍ਹਾਂ ਘਿਰ ਗਏ ਹਨ। ਜੇਕਰ ਮੁੱਖ ਮੰਤਰੀ ਹੁਣ ਨਹੀਂ ਜਾਂਦੇ ਤਾਂ ਉਹ ਸਿਆਸੀ ਤੌਰ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਕਮਜ਼ੋਰ ਹੋਣਗੇ ਅਤੇ ਜੇਕਰ ਉੱਥੇ ਬਹਿਸ ਲਈ ਜਾਂਦੇ ਹਨ ਤਾਂ ਦੋਵਾਂ ਵਿੱਚ ਭਰਿਸ਼ਟਾਚਾਰ ਦੇ ਮੁੱਦੇ ‘ਤੇ ਮੇਹਣੋ ਮੇਹਣੀ ਹੋਣ ਨਾਲ ਦੋਵਾਂ ਦੀ ਪੋਲ ਖੁੱਲੇਗੀ ਇਸ ਨਾਲ ਆਮ ਆਦਮੀ ਪਾਰਟੀ ਅਤੇ ਦੋਵਾਂ ਆਗੂਆਂ ਦੇ ਵਿਕਾਰ ‘ਤੇ ਸੱਟ ਲੱਗੇਗੀ।

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ ਕਿਉਂਕਿ ਇਸ ਨਾਲ ਸੀਤਲ ਅੰਗੁਰਾਲ ਦਾ ਸਿਆਸੀ ਤੌਰ ‘ਤੇ ਕੋਈ ਨੁਕਸਾਨ ਹੋਣ ਵਾਲਾ ਨਹੀਂ ਹੈ ਜਦਕਿ ਮੁੱਖ ਮੰਤਰੀ ਲਈ ਵੱਡੀ ਚੁਣੌਤੀ ਖੜੀ ਹੋ ਗਈ ਹੈ ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਹੀ ਸ਼ੀਤਲ ਅੰਗੂਰਾਲ ਵੱਲੋਂ ਲਗਾਏ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਨੂੰ ਸਵਾਲ ਕੀਤੇ ਹਨ।

ਵਰਣਨਯੋਗ ਹੈ ਕਿ ਸ਼ੀਤਲ ਅਗੁਰਾਲ ਨੇ ਬੀਤੇ ਦਿਨ ਮੁੱਖ ਮੰਤਰੀ ਅਤੇ ਉਹਨਾਂ ਦੇ ਟੱਬਰ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਇਸਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਸ਼ਾਮ ਨੂੰ ਚੋਣ ਪ੍ਰਚਾਰ ਦੌਰਾਨ ਸ਼ੀਤਲ ਅੰਗੂਰਾਲ ਨੂੰ ਪੰਜ ਜੁਲਾਈ ਤੋਂ ਪਹਿਲਾਂ ਹੀ ਗੱਲ ਕਰਨ ਲਈ ਲਲਕਾਰਿਆ ਸੀ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਮੁੱਖ ਮੰਤਰੀ ਨੇ ਸੀਤਲ ਬਾਰੇ ਕੀ ਕਿਹਾ ਸੀ ਪੜ੍ਹੋ-

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੋ ਸਾਲ ਪਹਿਲਾਂ ਉਸ ਨੂੰ ਆਮ ਆਦਮੀ ਪਾਰਟੀ ਨੇ ਵਿਧਾਇਕ ਬਣਾਇਆ ਸੀ, ਪਰ ਉਹ ਦਲ-ਬਦਲੂ ਅਤੇ ਲਾਲਚੀ ਨਿਕਲਿਆ। ਇਹ ਚੋਣ ਉਸ ਦੇ ਨਿੱਜੀ ਸਵਾਰਥ ਅਤੇ ਲਾਲਚ ਕਾਰਨ ਹੋ ਰਹੀ ਹੈ। ਉਨ੍ਹਾਂ ਅਸਤੀਫ਼ਾ ਦੇ ਕੇ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ। ਮਾਨ ਨੇ ਕਿਹਾ ਕਿ ਲੋਕਾਂ ਨੂੰ ਇਸ ਚੋਣ ਵਿਚ ਹੋਈ ਧੋਖਾਧੜੀ ਦਾ ਬਦਲਾ ਲੈਣਾ ਚਾਹੀਦਾ ਹੈ। ਇਸ ਵਾਰ ਉਸ ਨੂੰ ਅਜਿਹਾ ਸਬਕ ਸਿਖਾਓ ਕਿ ਕੋਈ ਮੁੜ ਇਸ ਤਰ੍ਹਾਂ ਅਸਤੀਫ਼ਾ ਦੇਣ ਦੀ ਹਿੰਮਤ ਨਾ ਕਰੇ।

ਮਾਨ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਛੱਡ ਕੇ ਪਾਰਟੀ ਅਤੇ ਲੋਕਾਂ ਨਾਲ ਧੋਖਾ ਕੀਤਾ ਹੈ। ਉਸ ਦੀ ਇਸ ਧੋਖਾਧੜੀ ਕਾਰਨ ਜ਼ਿਮਨੀ ਚੋਣਾਂ ‘ਚ ਸਰਕਾਰੀ ਖ਼ਜ਼ਾਨੇ ‘ਚੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਜੋ ਲੋਕਾਂ ਦੇ ਟੈਕਸ ਦਾ ਪੈਸਾ ਹੈ।

ਮਾਨ ਨੇ ਸ਼ੀਤਲ ਅੰਗੁਰਾਲ ਨੂੰ ਚੇਤਾਵਨੀ ਦਿੱਤੀ ਕਿ ਉਹ ਸਾਡੇ ਨਾਲ ਪੰਗਾ ਨਾ ਲਵੇ। ਤੁਹਾਡੇ ਵਾਂਗ ਸਾਡੇ ਖ਼ਿਲਾਫ਼ ਨਸ਼ਾ ਤਸਕਰੀ ਦਾ ਕੋਈ ਐਨਡੀਪੀਐਸ ਕੇਸ ਨਹੀਂ ਹੈ। ਮਾਨ ਨੇ ਕਿਹਾ ਕਿ ਬਹਿਸ ਕਰਨ ਦੀ ਧਮਕੀ ਕਿਸੇ ਹੋਰ ਨੂੰ ਦਿਓ। ਸਾਡੇ ਤੋਂ ਜਦੋਂ ਮਰਜ਼ੀ ਚਾਹੇ ਬਹਿਸ ਕਰ ਲਓ, 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ, ਅੱਜ ਹੀ ਬਹਿਸ ਕਰ ਲਓ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਮਾਨ ਨੇ ਕਿਹਾ ਕਿ ਮੈਂ ਸ਼ੀਤਲ ਅੰਗੁਰਾਲ ਨੂੰ ਉਸ ਦੀਆਂ ਭ੍ਰਿਸ਼ਟ ਗਤੀਵਿਧੀਆਂ ਰੋਕਣ ਲਈ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੇ। ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਦੋ ਨੰਬਰ ਦੇ ਕੰਮ ਕਰਨ ‘ਚ ਪਰੇਸ਼ਾਨੀ ਹੁੰਦੀ ਸੀ। ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਖੁੱਲ੍ਹਾ ਹੱਥ ਦਿੰਦੀ ਹੈ। ਪਰ ਅਸੀਂ ਉਸ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ।

ਮਾਨ ਨੇ ਕਿਹਾ ਕਿ ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ ਹਾਂ। ਜੇ ਮੈਂ ਪੈਸਾ ਕਮਾਉਣਾ ਚਾਹੁੰਦਾ ਤਾਂ ਮੈਂ ਹੁਣ ਤੱਕ ਕਰੋੜਾਂ ਰੁਪਏ ਕਮਾ ਚੁੱਕਾ ਹੁੰਦਾ। 20 ਸਾਲ ਪਹਿਲਾਂ ਮੈਂ ਇੱਕ ਸ਼ੋਅ ਦੇ 25 ਲੱਖ ਰੁਪਏ ਚਾਰਜ ਕਰਦਾ ਸੀ ਅਤੇ ਵਿਦੇਸ਼ ਵਿੱਚ ਇੱਕ ਸ਼ੋਅ ਲਈ ਮੈਨੂੰ 70 ਲੱਖ ਰੁਪਏ ਮਿਲਦੇ ਸਨ। ਮਾਨ ਨੇ ਕਿਹਾ ਕਿ ਜਿਸ ਦਿਨ ਮੇਰੇ ‘ਤੇ ਇਕ ਰੁਪਏ ਦੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਮੈਂ ਖ਼ੁਦ ਸਿਆਸਤ ਛੱਡ ਦੇਵਾਂਗਾ। (ਆਪ ਵੱਲੋਂ ਬੁੱਧਵਾਰ ਨੂੰ ਜਾਰੀ ਕੀਤਾ ਪ੍ਰੈਸ ਨੋਟ)

Leave a Reply

Your email address will not be published. Required fields are marked *