ਸੁਰੱਖਿਆ- ਪੰਜਾਬ ਪੁਲਿਸ, ਫੌਜ, ਸਿਵਲ ਪ੍ਰਸ਼ਾਸਨ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਸਾਂਝੀ ਮੀਟਿੰਗ ਹੋਈ

ਪਠਾਨਕੋਟ, 3 ਜੁਲਾਈ (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਸ੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਨਿਰਵਿਘਨ ਅਤੇ ਸੁਰੱਖਿਅਤ ਲਾਂਘੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ ‘ਤੇ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਇਸ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁਲਿਸ, ਫੌਜ, ਸਿਵਲ ਪ੍ਰਸ਼ਾਸਨ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਪਠਾਨਕੋਟ ਵਿੱਚ ਹੋਈ ਇਹ ਮੀਟਿੰਗ ਚੱਲ ਰਹੀ ਅਮਰਨਾਥ ਯਾਤਰਾ ਲਈ ਰਣਨੀਤਕ ਤਿਆਰੀਆਂ ਦੇ ਵੱਖ-ਵੱਖ ਪਹਿਲੂਆਂ ਜਿਵੇਂ ਪੁਲਿਸ ਦੀ ਤਾਇਨਾਤੀ, ਸੁਰੱਖਿਆ ਉਪਾਅ, ਆਵਾਜਾਈ ਪ੍ਰਬੰਧਨ ਅਤੇ ਆਫ਼ਤ ਪ੍ਰਬੰਧਨ ‘ਤੇ ਕੇਂਦਰਿਤ ਸੀ। ਇਸ ਮੀਟਿੰਗ ਦੌਰਾਨ ਕੋਟ ਭੱਟੀਆਂ ਪਿੰਡ, ਬਮਿਆਲ ਵਿੱਚ ਹਥਿਆਰਬੰਦ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਅਤੇ ਕਠੂਆ ਜ਼ਿਲ੍ਹੇ ਵਿੱਚ ਹਥਿਆਰਬੰਦ ਸ਼ੱਕੀ ਵਿਅਕਤੀ ਨਾਲ ਹੋਈ ਮੁੱਠਭੇੜ ਵਾਲੀਆਂ ਤਾਜ਼ਾ ਘਟਨਾਵਾਂ ‘ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਪੁਲਿਸ, ਜੰਮੂ-ਕਸ਼ਮੀਰ ਪੁਲਿਸ, ਹਿਮਾਚਲ ਪ੍ਰਦੇਸ਼ ਪੁਲਿਸ, ਭਾਰਤੀ ਸੈਨਾ, ਭਾਰਤੀ ਹਵਾਈ ਸੈਨਾ, ਸੀਮਾ ਸੁਰੱਖਿਆ ਬਲ (ਬੀਐਸਐਫ), ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਸ਼ਾਮਲ ਸਨ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅੰਤਰਰਾਸ਼ਟਰੀ ਸਰਹੱਦ ਨੂੰ ਸੁਰੱਖਿਅਤ ਕਰਨ ਅਤੇ ਸ੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ 550 ਜਵਾਨਾਂ, ਐਸਓਜੀ, ਸਨਾਈਪਰ ਟੀਮਾਂ, ਬੰਬ ਨਿਰੋਧਕ ਦਸਤਾ ਅਤੇ ਹੋਰ ਕਮਾਂਡੋ ਯੂਨਿਟਾਂ ਦੀ ਤਾਇਨਾਤੀ ਨਾਲ ਸੁਰੱਖਿਆ ਪੱਧਰ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਅੱਠ ਦੂਜੀ ਕਤਾਰ ਦੇ ਰੱਖਿਆ ਨਾਕੇ ਸਥਾਪਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਰਸਤਿਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਇਨ੍ਹਾਂ ਨੂੰ ਪੰਜ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਸੀਏਪੀਐਫ ਦੀਆਂ ਚਾਰ ਕੰਪਨੀਆਂ ਇਨ੍ਹਾਂ ਨਾਲ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੰਗਰ ਸਥਾਨਾਂ ‘ਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ, ਕੈਮਰਿਆਂ ਦੀ ਸਥਾਪਨਾ, ਬੁਲੇਟ ਪਰੂਫ ਮੋਰਚੇ ਅਤੇ ਐਸਓਜੀ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਪਾਰਕਿੰਗ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਸਾਰੇ ਪੰਜ ਸੈਕਟਰਾਂ ‘ਤੇ ਬਲਾਂ ਦੀ ਰਣਨੀਤਕ ਤਾਇਨਾਤੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਸੈਕਟਰ ਵਿੱਚ ਟਰੌਮਾ ਸੈਂਟਰ, ਐਂਬੂਲੈਂਸ ਸੇਵਾਵਾਂ, ਟੋਅ ਵਹੀਕਲਜ਼ ਅਤੇ ਹਾਈਡ੍ਰਾਸ ਪਹਿਲਾਂ ਹੀ ਮੌਜੂਦ ਹਨ।
ਅਧਿਕਾਰੀਆਂ, ਸੁਰੱਖਿਆ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਦਰਮਿਆਨ ਨੇੜਲੇ ਤਾਲਮੇਲ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦਿਆਂ, ਸਪੈਸ਼ਲ ਡੀਜੀਪੀ ਨੇ ਸੁਚਾਰੂ ਅਤੇ ਸ਼ਾਂਤੀਪੂਰਨ ਯਾਤਰਾ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਸੁਚੱਜੀ ਯੋਜਨਾਬੰਦੀ ਅਤੇ ਪ੍ਰਭਾਵੀ ਵਿਧੀ ਅਪਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਡਰੋਨ ਨਿਗਰਾਨੀ ਪ੍ਰਣਾਲੀ ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੇਗੀ ਅਤੇ ਬੀਐਸਐਫ ਅਤੇ ਪਠਾਨਕੋਟ ਪੁਲਿਸ ਵੱਲੋਂ ਸਾਂਝੀਆਂ ਚੈੱਕ ਪੋਸਟਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਖਤਰੇ ਤੋਂ ਬਚਣ ਲਈ ਨਿਯਮਤ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਸੀਏਐਸਓ) ਅਤੇ ਐਂਟੀ ਟਨਲਿੰਗ ਆਪ੍ਰੇਸ਼ਨ ਚਲਾਏ ਜਾ ਰਹੇ ਹਨ।
ਕਿਸੇ ਵੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਵਿਆਪਕ ਆਫ਼ਤ ਪ੍ਰਬੰਧਨ ਦੀ ਲੋੜ ’ਤੇ ਜ਼ੋਰ ਦਿੰਦਿਆਂ, ਉਹਨਾਂ ਅੱਗਜ਼ਨੀ ਦੀਆਂ ਘਟਨਾਵਾਂ ਜਾਂ ਅਚਾਨਕ ਹੜ੍ਹਾਂ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐਸਓਪੀਜ਼) ਨੂੰ ਲਾਗੂ ਕਰਨ ਦੀ ਤਾਕੀਦ ਕੀਤੀ।
ਮੀਟਿੰਗ ਵਿੱਚ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ, ਡੀਆਈਜੀ ਬੀਐਸਐਫ ਗੁਰਦਾਸਪੁਰ ਸ਼ਸ਼ਾਂਕ ਆਨੰਦ, ਡੀਆਈਜੀ ਬੀਐਸਐਫ ਗੁਰਦਾਸਪੁਰ ਯੁਵਰਾਜ ਦੂਬੇ, ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ, ਐਸਐਸਪੀ ਪਠਾਨਕੋਟ ਸੁਹੇਲ ਕਾਸਿਮ ਮੀਰ, ਐਸਐਸਪੀ ਕਠੂਆ ਅਨਾਇਤ ਅਲੀ ਅਤੇ ਵਿੰਗ ਕਮਾਂਡਰ ਏਆਈਐਫ ਪਠਾਨਕੋਟ ਨਰਿੰਦਰ ਸਿੰਘ ਸਮੇਤ ਪ੍ਰਮੁੱਖ ਅਧਿਕਾਰੀ ਅਤੇ ਕੇਂਦਰੀ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

Leave a Reply

Your email address will not be published. Required fields are marked *