ਬੀਬੀ ਭੱਠਲ ਨੇ ਕਿਉਂ ਕਿਹਾ-ਜਥੇਦਾਰ ਸਾਹਿਬ ਅਕਾਲੀਆਂ ਨੂੰ 10 ਸਾਲ ਲਈ ਸਿਆਸਤ ਤੋਂ ਸਨਿਆਸ ਦੇਣ
ਚੰਡੀਗੜ੍ਹ ,3 ਜੁਲਾਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਵਿੱਚ ਪੈਦਾ ਹੋਈ ਗੁੱਟਬਾਜ਼ੀ ਨੂੰ ਲੈ ਕੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਸਮੁੱਚੀ ਅਕਾਲੀ ਲੀਡਰਸ਼ਿਪ ‘ਤੇ ਵਿਅੰਗ ਕਸਦਿਆਂ ਕਿਹਾ ਹੈ ਕਿ ਅਕਾਲੀਆਂ ਦੀ ਹਾਲਤ “ਨੌ ਮਣ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ” ਕਹਾਵਤ ਵਾਲੀ ਹੈ।
ਉਹਨਾ ਕਿਹਾ ਕਿ ਅੱਜ ਭੁੱਲਾ ਬਖਸ਼ਾਉਣ ਦੀ ਗੱਲ ਕਰਨ ਵਾਲੇ ਆਗੁਆਂ ਨੇ ਮਿਲਕੇ ਮਲਾਈਆ ਖਾਧੀਆ ਹਨ ਅਤੇ ਹਰੇਕ ਫੈਸਲੇ ਵਿੱਚ ਭਾਈਵਾਲ ਰਹੇ ਹਨ।
ਉਹਨਾਂ ਕਿਹਾ ਕਿ ਸ਼੍ਰੀ ਆਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਧਰਮ ਵਿੱਚ ਤਖਤ ਸਾਹਿਬਾਨ ਦਾ ਵੱਡਾ ਸਤਿਕਾਰ ਹੈ, ਇਸ ਲਈ ਜੱਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਸਮੁੱਚੇ ਅਕਾਲੀਆਂ ਨੂੰ ਦਸ ਸਾਲਾਂ ਤਕ ਸਿਆਸਤ ਤੋਂ ਸੰਨਿਆਸ ਲੈਣ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ SGPC ਨੇ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ ਅਕਾਲੀ ਦਲ ਦਾ ਪਰਚਾਰ ਕੀਤਾ ਹੈ। ਜੇਕਰ ਪਾਰਟੀ ਧਰਮ ਦੀ ਸੀਖ ਲੈ ਕੇ ਚੱਲਦੀ ਤਾਂ ਅੱਜ ਹਾਲਾਤ ਹੋਰ ਹੋਣੇ ਸਨ।
ਬੀਬੀ ਭੱਠਲ ਨੇ ਕਿਹਾ ਕਿ 13 -0 ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਪੱਲੇ ਤਿੰਨ ਸੀਟਾਂ ਪਈਆਂ ਹਨ। ਸ਼੍ਰੀਮਤੀ ਭੱਠਲ ਨੇ ਕਿਹਾ ਕਿ ਸਰਕਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਕੋਲ ਉਮੀਦਵਾਰ ਨਹੀਂ ਸਨ ਇਸ ਕਰਕੇ ਲੋਕ ਸਭਾ ਚੋਣਾਂ ਵਿੱਚ ਜਿੱਥੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਲਿਆਂਦੇ ਗਏ ਉੱਥੇ ਪਾਰਟੀ ਨੂੰ ਆਪਣੇ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਪਿਆ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਮੁੱਖ ਮੰਤਰੀ ਕਿਕਲੀਆਂ ਪਾਉਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ।
ਉਹਨਾਂ ਨੇ ਕਿਹਾ ਕਿ ਜਿੱਥੇ ਸਰਕਾਰ ਤੋਂ ਅਧਿਕਾਰੀ ਬੇਚੈਨ ਹਨ ਉੱਥੇ ਸੂਬੇ ਦੇ ਲੋਕ ਬਹੁਤ ਨਿਰਾਸ਼ ਹੋ ਗਏ ਹਨ ਇਹ ਪਹਿਲੀ ਵਾਰ ਹੈ ਕਿ ਸੂਬੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਲੱਗ ਰਹੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ਵਿੱਚ ਟਿਕਟਾਂ ਦੀ ਵੰਡ ਸਹੀ ਹੋਈ ਹੁੰਦੀ ਤਾਂ ਕਾਂਗਰਸ ਨੂੰ ਕੁਝ ਸੀਟਾਂ ਹੋਰ ਮਿਲ ਜਾਣੀਆਂ ਸਨ। ਭੱਠਲ ਨੇ ਕਿਹਾ ਕਿ ਵਿਜੈ ਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਲੜਾਇਆ ਜਾਂਦਾ ਤਾਂ ਪਾਰਟੀ ਸੰਗਰੂਰ ਅਤੇ ਆਨੰਦਪੁਰ ਸਾਹਿਬ ਸੀਟ ਵੀ ਜਿੱਤ ਸਕਦੀ ਸੀ।
ਉਹਨਾਂ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਜਿੱਥੇ ਨੌਜਵਾਨ ਵਰਗ ਨੂੰ ਅੱਗੇ ਲਿਆਉਣ ਦੀ ਜਰੂਰਤ ਹੈ ਉਥ ਸੀਨੀਅਰ ਆਗੂਆਂ ਦੀ ਭੂਮਿਕਾ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਸੀਨੀਅਰ ਕੋਲ ਜਿੰਦਗੀ ਦਾ ਲੰਬਾ ਅਨੁਭਵ ਹੁੰਦਾ ਹੈ।
ਭੱਠਲ ਨੇ ਇੱਕ ਜਵਾਬ ਵਿੱਚ ਕਿਹਾ ਕਿ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਹਟਾਉਣ ਦੇ ਫੈਸਲੇ ਬਾਰੇ ਹਾਈ ਕਮਾਂਡ ਨੂੰ ਲਿਖਤੀ ਤਰਕ ਦਿੱਤਾ ਸੀ ਕਿ ਇਹ ਸਮਾਂ ਅਨੁਕੂਲ ਨਹੀਂ ਹੈ।
ਸ਼੍ਰੀਮਤੀ ਭੱਠਲ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਵਿੱਚ ਵੱਡੇ ਕੱਦ ਦਾ ਲੀਡਰ ਬਣ ਕੇ ਉਭਰੇ ਹਨ ਖਾਸ ਕਰਕੇ ਰਾਹੁਲ ਗਾਂਧੀ ਵੱਲੋਂ ਦੇਸ਼ ਵਿੱਚ ਕੱਢੀ ਗਈ ਪੈਦਲ ਯਾਤਰਾ ਤੋਂ ਬਾਅਦ ਉਹਨਾਂ ਦੀ ਸਿਆਸਤ ਵਿੱਚ ਕਾਫੀ ਸੁਧਾਰ ਆਇਆ ਹੈ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਸੰਜੀਦਗੀ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ। 2027 ਦਾ ਵਿਧਾਨ ਸਭਾ ਚੋਣਾਂ ਕਾਂਗਰਸ ਲਈ ਅਹਿਮ ਹੋਣਗੀਆਂ।