-ਡਾ ਰਾਜੂ ਨੇ ਲਿਖੀ ਮੁੱਖ ਮੰਤਰੀ ਨੂੰ ਚਿੱਠੀ ਲਾਏ ਗੰਭੀਰ ਦੋਸ਼
-ਕਿਹਾ , ਤੁਹਾਡੇ ਰਾਜ ਵਿਚ ਦਲਿਤਾਂ ‘ਤੇ ਤਸੀਹੇ ਦੀਆਂ ਸਾਰੀਆਂ ਹੱਦਾਂ ਪਾਰ ਹੋਈਆਂ
ਚੰਡੀਗੜ੍ਹ 1 ਜੁਲਾਈ (ਖ਼ਬਰ ਖਾਸ ਬਿਊਰੋ)
ਭਾਜਪਾ ਨੇਤਾ ਅਤੇ ਸਾਬਕਾ ਆਈ.ਏ.ਐੱਸ ਅਧਿਕਾਰੀ (ਤਾਮਿਲਨਾਡੂ ਕੇਡਰ) ਡਾ ਜਗਮੋਹਨ ਸਿੰਘ ਰਾਜੂ ਨੇ ਮੁ੍ੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੀ ਕਾਰਗੁਜ਼ਾਰੀ ਉਤੇ ਸਵਾਲ ਖੜੇ ਕਰਦੇ ਹੋਏ ਮੁੱਖ ਮੰਤਰੀ ਦੀ ਡੇਰਾ ਬੱਲਾਂ ਦੌਰੇ ਉਤੇ ਸਵਾਲ ਚੁੱਕੇ ਹਨ।
ਡਾ ਰਾਜੂ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਉਹ ਡੇਰਾ ਬੱਲਾ ਸੱਚੀ ਸ਼ਰਧਾਂ ਨਾਲ ਨਹੀਂ ਗਏ ਬਲਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਲਈ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮਕਸਦ ਵਜੋਂ ਗਏ ਹਨ।
ਡਾ ਜਗਮੋਹਨ ਸਿੰਘ ਰਾਜੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਤੁਹਾਨੂੰ ਆਪਣੇ ਪਰਿਵਾਰ ਸਮੇਤ ਡੇਰਾ ਸੱਚਖੰਡ ਬੱਲਾਂ ਗਿਆ ਦੇਖ ਕੇ ਚੰਗਾ ਲੱਗਾ, ਪਰ ਮੈਂ ਇਹ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਤੁਹਾਡੀ ਸੱਚਖੰਡ ਡੇਰੇ ਦੀ ਫੇਰੀ, ਡੇਰੇ ਪ੍ਰਤੀ ਸੱਚੀ ਸ਼ਰਧਾ ਵਜੋਂ ਸੀ ਜਾਂ ਫਿਰ ਆਉਣ ਵਾਲੀ ਚੋਣ ਵਿੱਚ ਵੱਡੀ ਦਲਿਤ ਆਬਾਦੀ ਵਾਲੀ ਰਾਖਵੀਂ ਸੀਟ ਜਲੰਧਰ ਪੱਛਮੀ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਸਿਆਸੀ ਚਾਲ ਸੀ।
ਡਾ ਰਾਜੂ ਨੇ ਲਿਖਿਆ ਹੈ ਕਿ ਮੈਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਤੁਹਾਡੇ ਕਾਰਜਕਾਲ ਦੌਰਾਨ ਦਲਿਤਾਂ ਉਤੇ ਤਸੀਹੇ ਦੀਆਂ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਉੱਚ ਜਾਤੀ ਨਾਲ ਸੰਬੰਧਿਤ ਲੋਕ ਖੁੱਲੇ ਆਮ ਦਲਿਤਾਂ ਦਾ ਅਪਮਾਨ ਅਤੇ ਉਨਾਂ ਤੇ ਅੱਤਿਆਚਾਰ ਕਰ ਰਹੇ ਹਨ। ਹਾਲ ਹੀ ਵਿੱਚ ਇੱਕ ਦਲਿਤ ਉੱਤੇ ਫਾਰਵਰਡ ਕਮਿਊਨਿਟੀ ਦੇ ਖਿਲਾਫ਼ ਭੱਦੀ ਭਾਸ਼ਾ ਬੋਲਣ ਲਈ ਮਾਮਲਾ ਦਰਜ ਕੀਤਾ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਦੋਂ ਕਿ ਅਗਾਹਵਧੂ ਭਾਈਚਾਰੇ ਦੇ ਲੋਕ ਦਲਿਤਾਂ ਵਿਰੁੱਧ ਬਹੁਤ ਜਿਆਦਾ ਅਪਮਾਨਜਨਕ ਬੋਲਦੇ ਹਨ।
ਡਾ ਰਾਜੂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਤੁਹਾਡੇ ਆਪਣੇ ਭਾਈਚਾਰੇ ਨੂੰ ਤੁਹਾਡੀ ਸਰਪ੍ਰਸਤੀ ਦੇ ਕਾਰਨ ਪੁਲਿਸ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਉਹਨਾਂ ਖੁਦ ਦਲਿਤਾਂ ਤੇ ਅੱਤਿਆਚਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਡੀਜੀਪੀ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਡਾਕਟਰ ਰਾਜੂ ਨੇ ਉਹ ਕਾਪੀ ਵੀ ਨੱਥੀ ਕੀਤੀ ਹੈ ਜਿਸ ਵਿੱਚ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਇੱਕ ਹੋਰ ਸ਼ਖਸ਼ੀਅਤ ਦਾ ਨਾਮ ਦਰਜ ਕੀਤਾ ਗਿਆ ਹੈ।
ਡਾਕਟਰ ਰਾਜੂ ਨੇ ਕਿਹਾ ਕਿ ਜੇਕਰ ਤੁਸੀਂ ਡੇਰਾ ਸੱਚਖੰਡ ਪ੍ਰਤੀ ਸੱਚਾ ਸਤਿਕਾਰ ਅਤੇ ਦਲਿਤਾਂ ਨਾਲ ਦਿਲੋਂ ਹਮਦਰਦੀ ਰੱਖਦੇ ਹੋ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਪੁਲਿਸ ਨੂੰ ਮੇਰੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਨ ਲਈ ਨਿਰਦੇਸ਼ ਦਿਓ।