ਅੰਮ੍ਰਿਤਸਰ ਸਾਹਿਬ, 1 ਜੁਲਾਈ ( ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦਾ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੇ ਬਾਗੀ ਧੜੇ ਵਲੋਂ ਤਿਆਰ ਕੀਤੀ ਚਿੱਠੀ ਸੌਮਵਾਰ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਸੌਂਪਦਿਆਂ ਕਿਹਾ ਕਿ ਅਤੀਤ ਵਿਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨੇ ਜਾਣੇ ਅਣਜਾਣੇ ਰੂਪ ਵਿਚ ਹੋਈਆਂ ਗਲਤੀਆਂ ਦੀ ਕਈ ਵਾਰ ਮਾਫ਼ੀ ਵੀ ਮੰਗ ਲਈ ਹੈ, ਪਰ ਕੌਮ ਬਖਸ਼ ਨਹੀਂ ਰਹੀ। ਕੌਮ ਉਦੋਂ ਬਖਸ਼ਦੀ ਹੈ ਜਦੋਂ ਬਿਧੀਬੱਧ ਢੰਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਆਉਂਦੇ ਹਾਂ। ਉਨਾਂ ਕਿਹਾ ਕਿ ਹੁਣ ਲੀਡਰਸ਼ਿਪ ਆਈ ਹੈ, ਜੋ ਗੁਰਮਤਿ ਮੁਤਾਬਕ ਸਜ਼ਾ ਲਾਓਗੋ ਅਸੀਂ (ਬਾਗੀ ਹੋਏ ਅਕਾਲੀ ਆਗੂ) ਉਹ ਭੁਗਤਣ ਲਈ ਤਿਆਰਾ ਹਾਂ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪਿਛਲੇ ਦੋ ਢਾਈ ਸਾਲ ਤੋ ਪ੍ਰਧਾਨ ਜੀ ਨੂੰ ਮਾਫ਼ੀ ਮੰਗਣ ਲਈ ਕਹਿ ਰਹੇ ਹਾਂ ਪਰ ਪ੍ਰਧਾਨ ਜੀ ਨਹੀਂ ਮੰਨੇ। ਹਾਲਾੰਕਿ ਇਹ ਉਹਨਾਂ ਮਾਫ਼ੀ ਮੰਗ ਵੀ ਲਈ ਹੈ, ਪਰ ਕੌਮ ਨਹੀਂ ਮੰਨਦੀ। ਇਸ ਲਈ ਫਰਿਆਦੀ ਬਣਕੇ ਉਹ ਆਏ ਹਨ। ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਵਿਚ ਬੈਠੀ ਸੰਗਤ ਮਹਿਸੂਸ ਕਰ ਰਹੀ ਹੈ ਕਿ ਅਕਾਲੀ ਦਲ ਦੀ ਸਰਕਾਰ, ਸ੍ਰੋਮਣੀ ਅਕਾਲੀ ਦਲ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਖੇਤਰ ਵਿਚ ਵਿਚਰਦੇ ਹੋਏ ਕਈ ਗਲਤੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਝੂੰਦਾਂ ਕਮੇਟੀ ਨੇ ਵੀ ਗਲਤੀ ਮੰਨਣ ਦੀ ਗੱਲ ਕਹੀ ਸੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪੰਥ ਦੀ ਕਚਿਹਰੀ ਵਿਚ ਫਰਿਆਦੀ ਬਣਕੇ ਆਏ ਹਨ। ਉਹ ਗੁਰਮਤਿ ਮੁਤਾਬਿਕ ਸਜ਼ਾ ਲੈਣ ਨੂੰ ਤਿਆਰ ਹਨ ਅਤੇ ਨਤਮਸਤਕ ਹੋ ਕੇ ਭੁਗਤਣਗੇ ਅਤੇ ਪੂਰੀ ਵੀ ਕਰਾਂਗੇ।