ਮੁੱਖ ਮੰਤਰੀ ਮਾਨ ਨਾਲ 25 ਜੁਲਾਈ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਤੈਅ
ਫਗਵਾੜਾ , 1 ਜੁਲਾਈ (ਖ਼ਬਰ ਖਾਸ ਬਿਊਰੋ)
ਫਗਵਾੜਾ ਸਥਿਤ ਇਕ ਕਲੱਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਮੁਲਾਜਮ-ਪੈਨਸ਼ਨਰ ਸਾਂਝਾ ਫਰੰਟ ਦੇ 17 ਮੈਂਬਰੀ ਕਨਵੀਨਰਜ਼ ਵਫ਼ਦ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ,ਪੈਨਸ਼ਨਰਜ਼ ਨੂੰ 2.59 ਦਾ ਗੁਣਾਂਕ,ਕੱਚੇ,ਠੇਕਾ,ਸਕੀਮ ਵਰਕਰ ਮੁਲਾਜਮ ਨੂੰ ਪੱਕੇ ਕਰਨਾ,66 ਮਹੀਨੇ ਦੇ ਤਨਖਾਹ ਰਵੀਜਨ ਦੇ ਬਣਦੇ ਬਕਾਏ,ਡੀ. ਏ. ਦੇ ਬਕਾਏ,12 ਫੀਸਦੀ ਡੀ. ਏ. ਦੀਆਂ ਤਿੰਨ ਕਿਸ਼ਤਾਂ ਦੇਣ ਆਦਿ ਮੰਗਾਂ ‘ਤੇ ਮੁੱਖ ਮੰਤਰੀ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ ਪਰ ਜਿਮਨੀ ਚੋਣ ਕਾਰਨ ਚੋਣ ਜਾਬਤਾ ਲੱਗਿਆ ਹੋਣ ਕਰਕੇ ਮੰਗਾਂ ਪ੍ਰਤੀ ਸਪੱਸ਼ਟ ਫੈਸਲਾ ਲੈਣ ਤੋਂ ਅਸਮਰੱਥਾ ਪ੍ਰਗਟ ਕਰਦਿਆਂ ਫੈਸਲਾ ਕੀਤਾ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਸਾਰੀਆਂ ਪੈਂਡਿੰਗ ਮੰਗਾਂ ਸਬੰਧੀ 25 ਜੁਲਾਈ ਨੂੰ 12 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਮੁਲਾਜਮ- ਪੈਨਸ਼ਨਰ ਸਾਂਝੇ ਫਰੰਟ ਨਾਲ ਮੁੜ ਪੈਨਲ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਸਾਰੀਆਂ ਮੰਗਾਂ ਪ੍ਰਤੀ ਸਪਸ਼ਟ ਫੈਸਲੇ ਕੀਤੇ ਜਾਣਗੇ। ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਪੰਜਾਬ ਆਪ ਖੁਦ ਕਰਨਗੇ । ਮੀਟਿੰਗ ਵਿੱਚ ਮੁੱਖ ਮੰਤਰੀ ਦੇ ਹਾਂ-ਪੱਖੀ ਵਤੀਰੇ ਨੂੰ ਧਿਆਨ ਵਿੱਚ ਰੱਖਦਿਆਂ ਸਾਂਝੇ ਫਰੰਟ ਦੇ ਸਮੂਹ ਕਨਵੀਨਰਜ਼ ਵੱਲੋਂ ਇਸ ਮੀਟਿੰਗ ਤੋਂ ਬਾਅਦ ਆਪਣੀ ਵੱਖਰੀ ਮੀਟਿੰਗ ਕਰਨ ਉਪਰੰਤ 6 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਚੋਣ ਹਲਕੇ ਵਿੱਚ ਕੀਤਾ ਜਾਣ ਵਾਲਾ ਝੰਡਾ ਮਾਰਚ ਅਤੇ 2 ਜੁਲਾਈ ਨੂੰ ਜਲੰਧਰ ਵਿਖੇ ਕੀਤੀ ਜਾਣ ਵਾਲੀ ਤਿਆਰੀ ਮੀਟਿੰਗ ਹਾਲ ਦੀ ਘੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ।