ਜਲੰਧਰ, 30 ਜੂਨ (ਖ਼ਬਰ ਖਾਸ ਬਿਊਰੋ)
‘ਯਾਰੀ ਲੱਗੀ ਤਾਂ ਲਵਾਤੇ ਤਖ਼ਤੇ ਟੁੱਟੀ ਤਾਂ ਚੁਗਾਠ ਪੁੱਟ ਲੀ’ ਗੀਤ ਦੀਆਂ ਸਤਰਾਂ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ‘ਤੇ ਅਜਕੱਲ ਪੂਰੀਆਂ ਫਿੱਟ ਬੈਠਦੀਆਂ ਹਨ।
ਆਪ ਦੇ ਉਹਨਾਂ ਸਾਰੇ ਆਗੂਆਂ ਨੇ ਸ਼ੀਤਲ ਅੰਗੁਰਾਲ ਖਿਲਾਫ਼ ਮੋਰਚਾ ਖੋਲ਼ ਦਿੱਤਾ ਹੈ, ਜਿਹਨਾਂ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ (ਆਪ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ) ਸ਼ੀਤਲ ਅੰਗੁਰਾਲ ਸੱਜੇ ਖੱਬੇ ਬੈਠਦਾ ਰਿਹਾ ਹੈ ਅਤੇ ਹਾਂ ਵਿਚ ਹਾਂ ਮਿਲਾਉਂਦਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਸਿਆਸਤ ਵਿਚ ਸਭ ਜਾਇਜ਼ ਹੈ। ਕੁਰਸੀ ਦੇ ਮੋਹ ਕਾਰਨ ਕਦੋਂ ਸਿਆਸੀ ਦੁਸ਼ਮਣ ਨਾਲ ਜੱਫੀਆਂ ਪੈ ਜਾਣ ਅਤੇ ਕਦੋਂ ਮਿੱਤਰ ਸਿਆਸੀ ਦੁਸ਼ਮਣ ਬਣ ਜਾਵੇ ਪਤਾ ਨਹੀਂ ਲੱਗਦਾ।
ਆਪ ਦੇ ਬੁਲਾਰੇ ਅਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ , ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਅਤੇ ਜਲੰਧਰ ਦੇ ਜ਼ਿਲ੍ਹਾ ਸਕੱਤਰ (ਸ਼ਹਿਰੀ) ਗੁਰਿੰਦਰ ਸਿੰਘ ਸ਼ੇਰਗਿੱਲ ਨੇ ਸ਼ੀਤਲ ਅੰਗੁਰਾਲ ਉਤੇ ਕਈ ਗੰਭੀਰ ਦੋਸ਼ ਲਾਏ ਹਨ। ਕੁੱਝ ਦਿਨ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬਿਆਨ ਦਿੱਤਾ ਸੀ ਕਿ ਸ਼ੀਤਲ ਅੰਗੁਰਾਲ ਤਾਂ ਕੁਲਚੇ ਵਾਲੇ ਤੋਂ ਵੀ ਉਗਰਾਹੀ ਵਸੂਲਦਾ ਰਿਹਾ ਹੈ।
ਹੁਣ ਸਵਾਲ ਉਠਦਾ ਹੈ ਕਿ ਜੇਕਰ ਸ਼ੀਤਲ ਅੰਗੁਰਾਲ ਐਨਾਂ ਮਾੜਾ ਸੀ ਤਾਂ ਆਪ ਹਾਈਕਮਾਨ ਨੇ “ਟ੍ਰਿਪਲ ਸੀ” ਫਾਰਮੂੁਲੇ ਨੂੰ ਅਣਦੇਖਾ ਕਰਕੇ ਕਿਉਂ ਵਿਧਾਨ ਸਭਾ ਚੋਣਾਂ ਵਿਚ ਉਸਨੂੰ ਟਿਕਟ ਦਿੱਤੀ ਸੀ। ਜੇਕਰ ਵਿਧਾਇਕ ਬਣਨ ਬਾਅਦ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਤਾਂ ਪਾਰਟੀ ਹਾਈਕਮਾਨ ਅਤੇ ਕਾਨੂੰਨ ਦਾ ਰਾਜ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਕਿਉਂ ਸ਼ੀਤਲ ਅੰਗੁਰਾਲ ਖਿਲਾਫ਼ ਕਾਰਵਾਈ ਨਹੀਂ ਕੀਤੀ। ਜਦੋਂ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਵਿਜੈ ਸਿੰਗਲਾਂ ਨੂੰ ਗ੍ਰਿਫ਼ਤਾਰ ਕਰਵਾ ਸਕਦੇ ਹਨ ਤਾਂ ਇਸ ਵਿਧਾਇਕ ਜਾਂ ਇਸਦੇ ਸਗੇ ਸਬੰਧੀ ਜੋ ਕਾਨੂੰਨ ਤੋੜਦੇ ਰਹੇ ਹਨ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ।
ਸ਼ੀਤਲ ਅੰਗੁਰਾਲ ਖਿਲਾਫ਼ ਦਰਜ਼ਨਾਂ, ਸੈਂਕੜੇ ਸ਼ਿਕਾਇਤਾਂ ਹੋ ਸਕਦੀਆਂ ਹਨ, ਪਰ ਕਾਰਵਾਈ ਕਰਨ ਤੋਂ ਅੱਖਾਂ ਬੰਦ ਕਰਨਾ ਸੰਵਿਧਾਨ ਦੀ ਸਹੁੰ ਖਾਣ ਵਾਲੇ ਸਰਕਾਰ ਵਿਚ ਸ਼ਾਮਲ ਸਾਰੇ ਰਾਜਸੀ ਆਗੂ ਹੀ ਨਹੀਂ, ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀ ਵੀ ਕਾਨੂੰਨ ਦੀਆਂ ਨਜ਼ਰਾਂ ਵਿਚ ਬਰਾਬਰ ਦੇ ਗੁਨਾਹਕਾਰ ਹਨ, ਜਿਹਨਾਂ ਨੇ ਸ਼ੀਤਲ ਅੰਗੁਰਾਲ ਖਿਲਾਫ਼ ਸ਼ਿਕਾਇਤਾਂ ਨੂੰ ਅਣਦੇਖਾ ਕਰਕੇ ਨਿਆਂ ਲਈ ਭਟਕ ਰਹੇ ਲੋਕਾਂ ਨੂੰ ਨਿਆਂ ਨਹੀਂ ਦਿੱਤਾ। ਹੁਣ ਵੋਟਾਂ ਮੌਕੇ ਆਪ ਲੀਡਰਸ਼ਿਪ ਜਿੰਨੇ ਦੋਸ਼ ਸ਼ੀਤਲ ਅੰਗੁਰਾਲ ਦੇ ਖਿਲਾਫ਼ ਲਾਏਗੀ ਇਹ ਸਿਆਸੀ ਤੋਹਮਤਾਂ ਤੇ ਬਦਲਾਖੋਹੀ ਹੀ ਮੰਨੇ ਜਾਣਗੇ।
ਆਪ ਆਗੂਆਂ ਨੇ ਇਹ ਕਿਹਾ, ਪੜੋ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਜਬਰੀ ਵਸੂਲੀ ਦੇ ਮਾਮਲੇ ਵਿੱਚ ਬੇਨਕਾਬ ਕੀਤਾ ਹੈ। ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਆਪਣੇ ਭਰਾ ਦੀ ਸ਼ਹਿ ‘ਤੇ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਤੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ।
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਅਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਅਤੇ ਜਲੰਧਰ ਦੇ ਜ਼ਿਲ੍ਹਾ ਸਕੱਤਰ (ਸ਼ਹਿਰੀ) ਗੁਰਿੰਦਰ ਸਿੰਘ ਸ਼ੇਰਗਿੱਲ ਦੇ ਨਾਲ ਐਤਵਾਰ ਨੂੰ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਜਿੱਥੇ ਉਨ੍ਹਾਂ ਸਬੂਤਾਂ ਸਮੇਤ ਮੀਡੀਆ ਸਾਹਮਣੇ ਅੰਗੁਰਾਲ ਭਰਾਵਾਂ ਖਿਲਾਫ ਇਸ ਅਪਰਾਧਿਕ ਕੇਸ ਦਾ ਖੁਲਾਸਾ ਕੀਤਾ।
ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਹਰ ਰੋਜ਼ ਅਜਿਹੇ ਲੋਕ ਸਾਹਮਣੇ ਆ ਰਹੇ ਹਨ, ਜੋ ਇਹ ਖੁਲਾਸਾ ਕਰ ਰਹੇ ਹਨ ਕਿ ਸ਼ੀਤਲ ਅੰਗੁਰਲ ਨੇ ਸਾਡੇ ਨਾਲ ਠੱਗੀ ਕੀਤੀ ਹੈ, ਸ਼ੀਤਲ ਅੰਗੁਰਲ ਨੇ ਸਾਡੇ ਕੋਲੋਂ ਪੈਸੇ ਵਸੂਲੇ, ਧੋਖਾਧੜੀ ਕੀਤੀ ਅਤੇ ਜੂਆ ਖੇਡਿਆ। ਕੰਗ ਨੇ ਦੱਸਿਆ ਕਿ ਜਲੰਧਰ ‘ਚ ਇਕ ਪਰਿਵਾਰ ਹੈ ਜਿਸ ਦਾ ਕੋਈ ਵਿਵਾਦ ਚੱਲ ਰਿਹਾ ਸੀ ਅਤੇ ਉਨ੍ਹਾਂ ਦਾ ਲੜਕਾ ਸੰਦੀਪ ਕੁਮਾਰ ਆਸਟ੍ਰੇਲੀਆ ‘ਚ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਇਹ ਮਾਮਲਾ ਥਾਣੇ ਪਹੁੰਚਿਆ ਤਾਂ ਸੰਦੀਪ ਕੁਮਾਰ ਨੇ ਤਤਕਾਲੀ ਵਿਧਾਇਕ ਸ਼ੀਤਲ ਅੰਗੁਰਾਲ ਕੋਲ ਵਿਚੋਲਾ ਬਣਨ ਅਤੇ ਮਾਮਲੇ ਨੂੰ ਸੁਲਝਾਉਣ ਲਈ ਉਸ ਦੇ ਪਰਿਵਾਰ ਦੀ ਮਦਦ ਕਰਨ ਲਈ ਪਹੁੰਚ ਕੀਤੀ। ਕੰਗ ਨੇ ਦੱਸਿਆ ਕਿ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਸੰਦੀਪ ਕੁਮਾਰ ਤੋਂ 5 ਲੱਖ 20 ਹਜ਼ਾਰ ਰੁਪਏ ਲਏ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਕੋਲ ਰਾਜਨ ਅੰਗੁਰਾਲ ਦੀ ਪੈਸੇ ਮੰਗਣ ਦੀ ਰਿਕਾਰਡਿੰਗ ਹੈ।
ਕੰਗ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਅਤੇ ਰਾਜਨ ਅੰਗੁਰਾਲ ਨੇ ਆਪਣੇ ਗੈਰ-ਕਾਨੂੰਨੀ ਕੰਮਾਂ ਨੂੰ ਅਲੱਗ-ਅਲੱਗ ਵੰਡਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼ੀਤਲ ਅੰਗੁਰਾਲ ਦਾ ਸਿਆਸੀ ਪ੍ਰਭਾਵ ਸੀ ਅਤੇ ਰਾਜਨ ਅੰਗੁਰਾਲ ਆਪਣੇ ਭਰਾ ਦੀ ਸ਼ਹਿ ‘ਤੇ ਸਾਰੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।
ਕੰਗ ਨੇ ਕਿਹਾ ਕਿ ਉਨ੍ਹਾਂ ਨੇ ਸੰਦੀਪ ਕੁਮਾਰ ਦੀ ਜਾਣ-ਪਛਾਣ ਅਯੂਬ ਖਾਨ ਨਾਲ ਕਰਵਾਈ ਜੋ ਸ਼ੀਤਲ ਅੰਗੁਰਾਲ ਦਾ ਸੱਜਾ ਹੱਥ ਹੈ ਅਤੇ ਕਿਹਾ ਕਿ ਉਹ ਇਸ ਝਗੜੇ ਨੂੰ ਸੁਲਝਾਉਣ ਲਈ ਥਾਣੇ ਵਿਚ ਉਸ ਦੀ ਮਦਦ ਕਰਨਗੇ। ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ। ਸੰਦੀਪ ਕੁਮਾਰ ਅਤੇ ਉਸ ਦੇ ਪਰਿਵਾਰ ਨੂੰ ਇਸ ਝਗੜੇ ਸਬੰਧੀ ਅਜੇ ਵੀ ਥਾਣੇ ਤੋਂ ਫੋਨ ਆ ਰਹੇ ਸਨ, ਇਸ ਲਈ ਰਾਜਨ ਅੰਗੁਰਾਲ ਨੇ ਸੰਦੀਪ ਕੁਮਾਰ ਤੋਂ ਹੋਰ 2 ਲੱਖ ਰੁਪਏ ਦੀ ਮੰਗ ਕੀਤੀ। ਕੰਗ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਖਿਲਾਫ ਇਹ ਇਕੱਲਾ ਮਾਮਲਾ ਨਹੀਂ ਹੈ। ਉਹ ਆਦਤਨ ਅਪਰਾਧੀ ਹੈ।
ਕੰਗ ਨੇ ਜਲੰਧਰ ਪੱਛਮੀ ਦੇ ਲੋਕਾਂ ਨੂੰ ਆਗਾਮੀ ਜ਼ਿਮਨੀ ਚੋਣ ਵਿੱਚ ਸਮਝਦਾਰੀ ਨਾਲ ਵੋਟ ਕਰਨ ਦੀ ਅਪੀਲ ਕੀਤੀ। ਕੰਗ ਨੇ ਕਿਹਾ ਕਿ ਆਪਣੇ ਗੈਰ-ਕਾਨੂੰਨੀ ਅਤੇ ਸੁਆਰਥੀ ਮਨਸੂਬਿਆਂ ਕਾਰਨ ਸ਼ੀਤਲ ਅੰਗੁਰਲ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਿਆ, ਕਿਉਂਕਿ ‘ਆਪ’ ਸਰਕਾਰ ‘ਚ ਉਸ ਨੂੰ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂਂ ਨੂੰ ਅੰਜਾਮ ਦੇਣ ਦਾ ਮੌਕੇ ਨਹੀਂ ਮਿਲ ਰਹੇ ਸਨ।ਕੰਗ ਨੇ ਕਿਹਾ ਕਿ ਇੱਕ ਪਾਸੇ ਭਗਤ ਪਰਿਵਾਰ ਹੈ ਜੋ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ, ਜੋ ਇਮਾਨਦਾਰ ਅਤੇ ਮਿਹਨਤੀ ਹੈ। ਦੂਜੇ ਪਾਸੇ, ਸ਼ੀਤਲ ਅੰਗੁਰਲ ਹੈ, ਜਿਸ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਜੋ ਮਦਦ ਲਈ ਉਸ ਕੋਲ ਜਾਣ ਵਾਲੇ ਲੋਕਾਂ ਤੋਂ ਜ਼ਬਰਦਸਤੀ ਕਰਦਾ ਹੈ। ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰ ਉਮੀਦਵਾਰ ਮੋਹਿੰਦਰ ਭਗਤ ਨੂੰ ਵੋਟਾਂ ਪਾ ਕੇ ਜਲੰਧਰ ਪੱਛਮੀ ਦਾ ਨੁਮਾਇੰਦਾ ਚੁਣਨ।