ਚੰਡੀਗੜ 30 ਜੂਨ (ਖ਼ਬਰ ਖਾਸ ਬਿਊਰੋੋ)
ਮੰਤਰੀ ਮੰਡਲ ਅਤੇ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਦੇ ਆਸਾਰ ਬਣ ਗਏ ਹਨ। ਸਿਆਸੀ ਗਲਿਆਰਿਆ ਵਿਚ ਚਰਚਾ ਹੈ ਕਿ ਆਗਾਮੀ ਦਿਨਾਂ ਖਾਸਕਰਕੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਪ੍ਰੀਕਿਰਿਆ ਮੁਕੰਮਲ ਹੋਣ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਮੰਡਲ ਵਿਚ ਬਦਲਾਅ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਅੱਧੀ ਦਰਜ਼ਨ ਤੋਂ ਵੱਧ ਮੰਤਰੀਆਂ ਦੀਆਂ ਕੁਰਸੀਆਂ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਹਾਲਾਂਕਿ ਆਪ ਦੇ ਕਈ ਸੀਨੀਅਰ ਆਗੂ ਮੰਤਰੀ ਮੰਡਲ ਵਿਚ ਬਦਲਾਅ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਅਤੇ ਮੀਡੀਆ ਦੀ ਉਪਜ਼ ਦੱਸਦੇ ਹਨ, ਪਰ ਆਪ ਦੇ ਅੰਦਰੂਨੀ ਹਲਕਿਆਂ ਵਿਚ ਫੇਰਬਦਲ ਨੂੰ ਲੈ ਕੇ ਚਰਚਾਵਾਂ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਬਡਰੁੱਖਾ (ਸੰਗਰੂਰ) ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਆਯੋਜਿਤ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਵਲੰਟੀਅਰਜ਼ ਨੂੰ ਇਹ ਸੰਕੇਤ ਵੀ ਦਿੱਤਾ ਹੈ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਆਗਾਮੀ ਦਿਨਾਂ ਵਿਚ ਸਰਕਾਰ ਅਤੇ ਪਾਰਟੀ ਵਿਚ ਕੁੱਝ ਬਦਲਾਅ ਹੋਵੇਗਾ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨਾਂ ਨੇ ਵਲੰਟੀਅਰਜ਼ ਦੀ ਲਿਸਟ ਮੰਗਵਾਂ ਰਹੇ ਹਨ ਅਤੇ ਉਹਨਾਂ ਨੂੰ ਸਰਕਾਰ ਅਤੇ ਪਾਰਟੀ ਵਿਚ ਅਡਜਸਟ ਕੀਤਾ ਜਾਵੇਗਾ ਤਾਂ ਜੋ ਉਹ ਲੋਕਾਂ ਦੀ ਹੋਰ ਸੇਵਾ ਕਰ ਸਕਣ।
ਸਿਆਸੀ ਮਾਹਿਰ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਮੰਤਰੀ ਮੰਡਲ ਵਿਚ ਬਦਲਾਅ ਦੇ ਰੂਪ ਵਿਚ ਦੇਖ ਰਹੇ ਹਨ। ਲੋਕ ਸਭਾ ਚੋਣਾਂ ਵਿਚ ਪਾਰਟੀ ਦੇ 13 ਵਿਚੋਂ 3 ਉਮੀਦਵਾਰ ਹੀ ਸੰਸਦ ਦੀਆਂ ਪੌੜੀਆਂ ਚੜ ਸਕੇ ਹਨ। ਜਦਕਿ ਮੁੱਖ ਮੰਤਰੀ 13-0 ਦਾ ਦਾਅਵਾ ਕਰਦੇ ਰਹੇ ਹਨ। ਨਤੀਜ਼ਿਆਂ ਬਾਅਦ ਹੀ ਇਹਨਾਂ ਅਟਕਲਾਂ ਨੇ ਜ਼ੋਰ ਫੜ ਲਿਆ ਸੀ ਕਿ ਜਿਹੜੇ ਮੰਤਰੀਆਂ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਹੈ ਤੇ ਉਹ ਆਪਣੇ ਹਲਕਿਆਂ ਵਿਚ ਹੀ ਉਮੀਦਵਾਰਾਂ ਨੂੰ ਜਿਤਾ ਨਹੀਂ ਸਕੇ, ਉਹਨਾਂ ਦੀ ਛੁੱਟੀ ਤੈਅ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਮੰਤਰੀ ਮੰਡਲ ਵਿਚ ਬਦਲਾਅ ਕਰਨ ਲਈ ਪੂਰਾ ਮੰਨ ਬਣਾ ਲਿਆ ਸੀ, ਪਰ ਚੋਣਾਂ ਦੇ ਤੁਰੁੰਤ ਬਾਦ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਜੇਲ ਜਾਣ ਲਈ ਆਤਮ ਸਮਰਪਣ ਕਰਨਾ ਪਿਆ। ਆਲਾ ਮਿਆਰੀ ਸੂਤਰ ਦੱਸਦੇ ਹਨ ਕਿ ਅਰਵਿੰਦ ਕੇਜਰੀਵਾਲ ਨੇ ਹੀ ਮੁੱਖ ਮੰਤਰੀ ਨੂੰ ਫੇਰਬਦਲ ਕੁੱਝ ਸਮੇਂ ਲਈ ਟਾਲਣ ਅਤੇ ਪਾਰਟੀ ਦੇ ਤਿੰਨ ਸੀਨੀਅਰ ਆਗੂਆਂ ਜਿਨਾਂ ਵਿਚ ਡਾ ਸੰਦੀਪ ਪਾਠਕ ਅਹਿਮ ਹੈ, ਦੀ ਸਲਾਹ ਮੁਤਾਬਿਕ ਅਗਲੇ ਫੈਸਲੇ ਲੈਣ ਲਈ ਕਿਹਾ ਹੈ। ਚਰਚਾ ਇਹ ਵੀ ਹੈ ਕਿ ਫੇਰਬਦਲ ਰੁਕ ਜਾਣ ਦਾ ਕਾਰਨ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਦਾ ਸਾਹਾ ਬੰਨਿਆ ਹੋਣ (ਵਿਆਹ ਦੀ ਤਾਰੀਖ ਨਿਸ਼ਚਿਤ ਕੀਤੀ) ਅਤੇ ਫਿਰ ਜਲੰਧਰ ਉਪ ਚੋਣ ਦਾ ਐਲਾਨ ਹੋ ਜਾਣਾ ਹੈ।
ਮੁੱਖ ਮੰਤਰੀ ਦੇ ਕੱਲ ਦੇ ਬਿਆਨ ਨੇ ਇਕ ਵਾਰ ਫਿਰ ਮੰਤਰੀ ਮੰਡਲ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਦੀਆਂ ਅਟਕਲਾਂ ਨੂੰ ਜਨਮ ਦੇ ਦਿੱਤਾ ਹੈ। ਅਟਕਲਾਂ ਹਨ ਕਿ ਅਤੀਤ ਵਿੱਚ ਕਈ ਮੰਤਰੀਆਂ ਦੇ ਭਾਸ਼ਣ, ਜ਼ੁਬਾਨ ਕਾਰਨ ਸਰਕਾਰ ਦੀ ਕਿਰਕਿਰੀ ਹੋਈ ਅਤੇ ਕਈਆਂ ਤੇ ਕਈ ਤਰਾਂ ਦੇ ਵਿਰੋਧੀਆਂ ਨੇ ਦੋਸ਼ ਲਾਏ ਹਨ ਅਤੇ ਕੁੱਝ ਕੁ ਮੰਤਰੀਆਂ ਦੀ ਕਾਰਗੁਜ਼ਾਰੀ ਚੰਗੀ ਨਾ ਹੋਣ ਦੀਆਂ ਰਿਪੋਰਟਾਂ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਹੜੇ ਕਿਹੜੇ ਮੰਤਰੀ ਦੀ ਛੁੱਟੀ ਹੁੰਦੀ ਹੈ ਅਤੇ ਕਿਹੜੇ ਵਿਧਾਇਕ ਨੂੰ ਝੰਡੀ ਵਾਲੀ ਕਾਰ ਮਿਲਦੀ ਹੈ। ਵੈਸੇ ਦੋ ਸੀਟਾਂ ਮੰਤਰੀ ਮੰਡਲ ਵਿਚ ਵੈਸੇ ਵੀ ਖਾਲੀ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।