ਤਰਨ ਤਾਰਨ, 30 ਜੂਨ (ਖ਼ਬਰ ਖਾਸ ਬਿਊਰੋ)
ਸਥਾਨਕ ਪੁਲਿਸ ਨੇ ਕਰੀਬ 26 ਸਾਲ ਪੁਰਾਣੇ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਦਲਿਤ ਆਗੂ ਸੋਮ ਪ੍ਰਕਾਸ਼ ਸਮੇਤ ਛੇ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ। ਸੋਮ ਪ੍ਰਕਾਸ਼ ਸਮੇਤ ਛੇ ਵਿਅਕਤੀਆਂ ਉਤੇ ਇਕ ਸਨਅਤਕਾਰ ਦੀ ਜ਼ਬਤ ਕੀਤੀ ਮਿੱਲ ਕੌਡੀਆ ਦੇ ਭਾਅ ਵੇਚਣ ਦਾ ਦੋਸ਼ ਹੈ। ਜਦੋਂ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਉਸ ਵਕਤ ਸੋਮ ਪ੍ਰਕਾਸ਼ ਪੰਜਾਬ ਵਿਤ ਨਿਗਮ (ਪੀ.ਐੱਫ.ਸੀ) ਦੇ ਸੀਨੀਅਰ ਅਧਿਕਾਰੀ ਸਨ।
ਅਦਾਲਤ ਵਿਚ ਇਹ ਮਾਮਲਾ ਕੀ ਕਰਵਟ ਲਵੇਗਾ ਇਹ ਅਦਾਲਤੀ ਪ੍ਰੀਕਿਰਿਆ ਹੈ, ਪਰ ਪੁਲਿਸ ਨੇ ਢਾਈ ਦਹਾਕਿਆ ਬਾਅਦ ਸੋਮ ਪ੍ਰਕਾਸ਼ ਤੇ ਹੋਰਨਾਂ ਖਿਲਾਫ਼ ਕੇਸ ਦਰਜ਼ ਕਰਕੇ ਭਾਜਪਾ ਆਗੂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੁਲਿਸ ਦੀ ਇਹ ਕਾਰਵਾਈ ਹੋਰਨਾਂ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸੱਤਾ ਉਤੇ ਕਾਬਜ਼ ਲੋਕਾਂ ਲਈ ਵੀ ਸਬਕ ਹੈ ਕਿ ਅਤੀਤ ਵਿਚ ਗਲਤੀਆਂ ਦਾ ਖਮਿਆਜ਼ਾ ਕਦੇ ਵੀ ਭੁਗਤਣਾ ਪੈ ਸਕਦਾ ਹੈ।
ਕੀ ਹੈ ਮਾਮਲਾ —
ਮਾਮਲਾ 1998 ਦਾ ਹੈ। ਉਸ ਸਮੇਂ ਸੋਮ ਪ੍ਰਕਾਸ਼ ਪੰਜਾਬ ਵਿਤ ਨਿਗਮ ਵਿਚ ਸੀਨੀਅਰ ਅਧਿਕਾਰੀ ਸਨ। ਪੁਲਿਸ ਨੇ ਇਹ ਕੇਸ ਇੰਗਲੈਂਡ ਰਹਿੰਦੇ ਸਨਅਤਕਾਰ ਹਰਪਾਲ ਸਿੰਘ ਨਿਵਾਸੀ ਨਿਊ ਅੰਤਰਯਾਮੀ ਕਲੌਨੀ ਅੰਮ੍ਰਿਤਸਰ ਦੀ ਸ਼ਿਕਾਇਤ ਦੇ ਆਧਾਰ ਉਤੇ ਧਾਰਾ 420 ਤੇ 406 ਤਹਿਤ ਦਰਜ਼ ਕੀਤਾ ਹੈ। ਹਰਪਾਲ ਸਿੰਘ ਨੇ ਇਕ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਅਨੁਸਾਰ ਉਸਨੇ ਤਰਨ ਤਾਰਨ-ਅੰਮ੍ਰਿਤਸਰ ਦੁਬਰਜੀ ਪਿੰਡ ਵਿਚ ਪੰਜਾਬ ਓਵਰਸੀਜ ਰਾਈਸ ਮਿੱਲ ਲਗਾਉਣ ਲਈ ਪੀ.ਐਫ.ਸੀ ਤੋ 70.30 ਲੱਖ ਰੁਪਏ ਦਾ ਕਰਜ਼ ਮਨਜ਼ੂਰ ਕਰਵਾਇਆ ਸੀ, ਅਤੇ 12 ਕਨਾਲ ਵਿਚ ਆਪਣੀ ਫੈਕਟਰੀ ਲਾਈ ਸੀ। ਉਨਾਂ ਕਿਹਾ ਕਿ ਫੈਕਟਰੀ ਨੂੰ ਬਿਜਲੀ ਬੋਰਡ (ਹੁਣ ਪਾਵਰਕੌਮ) ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ। ਜਿਸ ਕਰਕੇ ਫੈਕਟਰੀ ਚਾਲੂ ਨਾ ਹੋ ਸਕੀ ਅਤੇ ਉਹ ਪੀ.ਐਫ.ਸੀ ਦੀਆਂ ਕਿਸ਼ਤਾਂ ਨਾ ਦੇ ਸਕਿਆ। ਇਸ ਤਰਾਂ ਪੀ.ਐਫ.ਸੀ ਨੇ ਅਗਸਤ 1998 ਵਿਚ ਆਪਣੇ ਅਧਿਕਾਰ ਖੇਤਰ ਵਿਚ ਲੈ ਲਿਆ। ਪੀ.ਐਫ.ਸੀ ਨੇ ਇਹ ਫੈਕਟਰੀ 14.96 ਲੱਖ ਰੁਪਏ ਵਿਚ ਨੀਲਾਮ ਕਰ ਦਿੱਤੀ।
ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਇਹ ਫੈਕਟਰੀ ਕਮਰਸ਼ੀਅਲ ਟਿਕਾਣੇ ਹੋਣ ਕਰਕੇ ਕਰੀਬ ਢਾਈ ਕਰੋੜ ਰੁਪਏ ਦੀ ਸੀ। ਉਸ ਵਕਤ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਘੱਟ ਰੇਟ ਵਿਚ ਵੇਚੀ ਹੈ। ਇਸ ਤਰਾਂ ਅਧਿਕਾਰੀਆਂ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਹੈ।
ਇਹਨਾਂ ਖਿਲਾਫ਼ ਦਰਜ਼ ਹੋਇਆ ਕੇਸ-
ਪੁੁਲਿਸ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ ਸਾਬਕਾ ਡਿਪਟੀ ਮੈਨੇਜਰ ਸਤਪਾਲ ਸੇਠੀ ਨਿਵਾਸੀ ਜਲੰਧਰ, ਸੀ.ਐ੍ਮ ਸੇਠੀ ਨਿਵਾਸੀ ਸੈਕਟਰ 61 ਚੰਡੀਗੜ, ਸੁਧੀਰ ਕਪਿਲਾ ਸਾਬਕਾ ਜਿਲਾ ਮੈਨੇਜਰ ਵਾਸੀ ਰਣਜੀਤ ਐਵੇਨਿਊ ਅੰਮ੍ਰਿਤਸਰ ਅਤੇ ਐੱਸ ਐੱਸ ਗਰੋਵਰ ਵਾਸੀ ਗੁਰੂ ਨਾਨਕ ਐਵੇਨਿਊ ਅੰਮ੍ਰਿਤਸਰ ਅਤੇ ਏਕੇ ਧਵਨ ਨਿਵਾਸੀ ਸੈਕਟਰ ਚਾਰ ਪੰਚਕੂਲਾ ਖਿਲਾਫ਼ ਧੋਖਾਧੜੀ ਦੀ ਧਰਾਵਾਂ ਤਹਿਤ ਕੇਸ ਦਰਜ਼ ਕੀਤਾ ਹੈ। ਪੁਲਿਸ ਨੇ ਢਾਈ ਦਹਾਕੇ ਪਹਿਲਾਂ ਵਾਪਰੀ ਘਟਨਾਂ ਦਾ ਕੇਸ ਦਰਜ਼ ਕਰਕੇ ਸੋਮ ਪ੍ਰਕਾਸ਼ ਸਣੇ ਸਾਰੇ ਸਾਬਕਾ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।