ਵਿਸ਼ਵ ਦਾ ਸਭ ਤੋਂ ਪ੍ਰਤਿਭਾਸ਼ਾਲੀ ਵਿਅਕਤੀ Dr Ambedkar

ਭਾਰਤੀ ਸੰਵਿਧਾਨ ਦਾ ਨਿਰਮਾਤਾ : ਡਾ. ਭੀਮ ਰਾਓ ਅੰਬੇਦਕਰ
( ਰਾਬਿੰਦਰ ਸਿੰਘ ਰੱਬੀ ਦੀ ਕਿਤਾਬ ਸਰਕਾਰੀ ਛੁੱਟੀਆਂ ਚੋਂ)
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਨਾਂ ਸਿਰਫ ਨਾਂ ਹੀ ਨਹੀਂ ਹੈ ਬਲਕਿ ਭਾਰਤ ਵਾਸੀਆਂ ਦੇ ਸਿਰ ਦਾ ਤਾਜ ਹੈ।ਇੱਕ ਬੰਦਾ, ਜੋ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਜੰਮਿਆ, ਪਲ਼ਿਆ ਅਤੇ ਅੱਗੇ ਵਧਿਆ, ਉਸ ਬੰਦੇ ਨੂੰ ਆਈਆਂ ਪੈਰ—ਪੈਰ ’ਤੇ ਦਿੱਕਤਾਂ ਦਾ ਨਾਂ ਹੈ ਭੀਮ ਰਾਓ।ਭੀਮ ਰਾਓ ਇੱਕ ਅਜਿਹਾ ਨਾਂ ਹੈ, ਜਿਸ ਨੇ ਵਿਰੋਧੀ ਹਾਲਾਤ ਹੋਣ ਦੇ ਬਾਵਜੂਦ ਭਾਰਤ ਵਾਸੀਆਂ ਲਈ ਅਜਿਹੇ ਕਾਰਜ ਕੀਤੇ, ਜੋ ਇਤਿਹਾਸ ਦੇ ਸੁਨਿਹਰੀ ਪੰਨ੍ਹਿਆਂ ਵਿੱਚ ਦਰਜ ਹਨ।ਅਸੀਂ ਭਾਰਤੀ ਆਮ ਤੌਰ ’ਤੇ ਉਨ੍ਹਾਂ ਨੂੰ ਇਸ ਲਈ ਜਾਣਦੇ ਹਾਂ ਕਿ ਉਹ ‘ਭਾਰਤੀ ਸੰਵਿਧਾਨ ਦੇ ਨਿਰਮਾਤਾ’ ਨੇ।ਪਹਿਲਾਂ ਤਾਂ ਇਹ ਹੀ ਬਹੁਤ ਵੱਡੀ ਗੱਲ ਹੈ ਕਿ ਡਾ. ਭੀਮ ਰਾਓ ਨੇ ਲਗਪਗ ਇਕੱਲੇ ਹੀ ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕੀਤਾ।ਭਾਵੇਂ ਕਿ ਉਨ੍ਹਾਂ ਨਾਲ਼ ਪੂਰੀ ਟੀਮ ਸੀ ਪਰ ਉਹ ਟੀਮ ਪੂਰੀ ਰੁਝੇਵੇਂ ਵਾਲ਼ੀ ਸੀ।ਇਸ ਲਈ ਡਾਕਟਰ ਸਾਹਿਬ ਨੂੰ ਇਹ ਕਾਰਜ ਇਕੱਲੇ ਹੀ ਕਰਨਾ ਪਿਆ।ਭਾਵੇਂ ਕਿ ਇਸ ਨਾਲ਼ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ। ਆਓ ! ਆਪਾਂ ਉਨ੍ਹਾਂ ਦੇ ਜੀਵਨ ’ਤੇ ਨਿਗ੍ਹਾ ਮਾਰਦੇ ਹਾਂ।
 ਆਪ ਦਾ ਜਨਮ 14 ਅਪਰੈਲ 1891 ਨੂੰ ਮਹੂ (ਮੱਧ ਪ੍ਰਦੇਸ) ਵਿੱਚ ਪਿਤਾ ਰਾਮ ਜੀ ਅਤੇ ਮਾਤਾ ਭੀਮ ਬਾਈ ਦੇ ਘਰ ਹੋਇਆ।ਅੰਤਾਂ ਦੀ ਗਰੀਬੀ ਅਤੇ ਜ਼ਾਤ—ਪਾਤ ਕਾਰਨ ਆਪ ਨੂੰ ਬੜੀ ਜਿੱਲਤ ਦਾ ਸਾਹਮਣਾ ਕਰਨਾ ਪਿਆ।ਆਪ ਦੀ ਜ਼ਾਤ ਮਹਾਰ ਸੀ, ਜਿਸ ਨੂੰ ਕਿ ਅਛੂਤ ਮੰਨਿਆ ਜਾਂਦਾ ਸੀ।ਉਸ ਸਮੇਂ ਆਪ ਨੇ ਫ਼ੈਸਲਾ ਕੀਤਾ ਕਿ ਪੜ੍ਹ—ਲਿਖ ਕੇ ਭਾਰਤੀ ਸਮਾਜ ਨੂੰੰ ਬਦਲਣਾ ਹੈ।ਇਸ ਲਈ ਉਹ ਪੜ੍ਹੇ।ਖ਼ੂਬ ਪੜ੍ਹੇ।
ਆਪ ਦੇ 14 ਭੈਣ ਭਰਾ ਸਨ ਪਰ ਗ਼ਰੀਬੀ ਅਤੇ ਮਾੜੀਆਂ ਜਿਊਣ ਹਾਲਤਾਂ ਕਾਰਨ ਪੰਜ ਹੀ ਜਿਉਂਦੇ ਰਹਿ ਸਕੇ।ਪਿਤਾ ਸੂਬੇਦਾਰ ਰਾਮ ਜੀ ਸਕਪਾਲ ਨੇ ਆਪ ਨੂੰ ਅਤੇ ਆਨੰਦ ਰਾਓ ਨੂੰ ਕੈਂਪ ਸਕੂਲ ਸਤਾਰਾ ਵਿਖੇ ਦਾਖਲ ਕਰਵਾ ਦਿੱਤਾ।ਪੜ੍ਹਾਈ ਨੂੰ ਮੁੱਖ ਰੱਖਦਿਆਂ ਪਰਿਵਾਰ ਨੇ ਰਿਹਾਇਸ਼ ਵੀ ਮੁੰਬਈ ਕਰ ਲਈ।ਉੱਥੇ ਪਰਿਵਾਰ ਕੋਲ਼ ਇੱਕ ਹੀ ਕਮਰਾ ਸੀ।ਇਸੇ ਕਮਰੇ ਵਿੱਚ ਸਾਰਾ ਸਮਾਨ, ਕੱਪੜੇ, ਬਰਤਨ, ਬਾਲਣ ਅਤੇ ਰਸੋਈ ਦਾ ਸਮਾਨ ਵੀ ਪਿਆ ਹੁੰਦਾ ਸੀ।ਪਿਤਾ ਜੀ ਭੀਮ ਰਾਓ ਦੀ ਪੜ੍ਹਾਈ ਦਾ ਉਚੇਚਾ ਧਿਆਨ ਰੱਖਦੇ।ਛੇਤੀ ਹੀ ਭੀਮ ਰਾਓ ਨੂੰ ਸੁਲਾ ਦਿੰਦੇ ਅਤੇ ਦੋ ਵਜੇ ਤੱਕ ਆਪ ਜਾਗਦੇ ਰਹਿੰਦੇ।ਫਿਰ ਉਸ ਨੂੰ ਦੋ ਵਜੇ ਜਗਾ ਕੇ ਆਪ ਸੌਂਦੇ।ਭੀਮ ਰਾਓ ਫਰਸ਼ ’ਤੇ ਹੀ ਸਫ਼ ਵਿਛਾ ਕੇ ਪੜ੍ਹਦੇ ਸਨ।ਉਨ੍ਹਾਂ ਦੀ ਲਾਲਟੈਨ ਨੂੰ ਚਿਮਨੀ ਵੀ ਨਹੀਂ ਸੀ।ਸਕੂਲ ਵਿੱਚ ਵੀ ਆਪ ਨਾਲ਼ ਵਿਤਕਰਾ ਜਾਰੀ ਸੀ।ਭੀਮ ਰਾਓ ਦੂਜੇ ਬੱਚਿਆਂ ਦੇ ਬਰਾਬਰ ਨਹੀਂ ਸਨ ਬੈਠ ਸਕਦੇ।ਸਕੂਲ ਦੇ ਤੱਪੜ ਨਹੀਂ ਸਨ ਵਰਤ ਸਕਦੇ।ਉਹ ਆਪਣੀ ਬੋਰੀ ਘਰੋਂ ਲਿਜਾਂਦੇ ਸਨ।ਘੜੇ ’ਚੋਂ ਪਾਣੀ ਨਹੀਂ ਸੀ ਪੀ ਸਕਦੇ।ਗੰਦ ਬਾਕੀ ਪਾਉਂਦੇ ਸਨ ਪਰ ਸਫ਼ਾਈ ਭੀਮ ਰਾਓ ਤੋਂ ਕਰਾਈ ਜਾਂਦੀ ਸੀ।ਅਜਿਹੇ ਮਾਹੌਲ ਵਿੱਚ ਆਪ ਨੇ ਪੰਜਵੀਂ ਪਾਸ ਕਰਕੇ ‘ਐਲਫਿੰਸਟਨ ਹਾਈ ਸਕੂਲ’ ਵਿੱਚ ਦਾਖ਼ਲਾ ਲਿਆ।ਕਾਲਜ ਵਿੱਚ ਦਾਖਲਾ ਲੈਣ ਵਾਲ਼ੇ ਆਪ ਪਹਿਲੇ ਅਛੂਤ ਸਨ।ਇੱਥੇ ਆਪ ਨੇ ਬੀਏ ਦੀ ਡਿਗਰੀ ਲਈ।ਆਪ ਦਾ ਵਿਆਹ 1906 ਈਸਵੀ ਵਿੱਚ ਰਮਾ ਬਾਈ ਨਾਲ਼ ਹੋਇਆ।ਆਪ ਦੇ ਘਰ ਪੰਜ ਬੱਚਿਆਂ ਨੇ ਜਨਮ ਲਿਆ ਪਰ ਗ਼ਰੀਬੀ ਅਤੇ ਸਹੀ ਦੇਖ—ਭਾਲ਼ ਨਾ ਹੋਣ ਕਾਰਨ ਯਸ਼ਵੰਤ ਤੋਂ ਬਿਨਾਂ ਸਾਰੇ ਬਚਪਨ ਵਿੱਚ ਹੀ ਮਰ ਗਏ।ਘਰ ਦੀ ਗ਼ਰੀਬੀ, ਜ਼ਿਆਦਾ ਕੰਮ ਕਰਨ ਕਾਰਨ ਰਮਾਬਾਈ ਵੀ ਜਵਾਨੀ ਉਮਰੇ ਹੀ ਇਸ ਸੰਸਾਰ ਨੁੂੰ ਤਿਆਗ ਗਏ।ਬਾਬਾ ਸਾਹਿਬ ਸਮਾਜ ਦੀ ਜੰਗ ਲੜ ਰਹੇ ਸਨ ਪਰ ਦੁੂਜੇ ਪਾਸੇ ਉਨ੍ਹਾਂ ਦੀ ਘਰੇਲੂ ਜ਼ਿੰਦਗੀ ਵਿੱਚ ਦੁੱਖਾਂ ਦੇ ਅੰਬਾਰ ਸਨ।
 ਫਿਰ ਡਾ. ਭੀਮ ਰਾਓ ਅੰਬੇਦਕਰ ਲੈਫਟੀਨੈਂਟ ਭਰਤੀ ਹੋ ਗਏ ਪਰ 15 ਦਿਨ ਬਾਅਦ ਹੀ ਪਿਤਾ ਜੀ ਚੱਲ ਵਸੇ।1913 ਈਸਵੀ ਵਿੱਚ ਮਹਾਰਾਜਾ ਬੜੌਦਾ ਨੇ ਯੋਗ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਦਵਾਉਣ ਲਈ ਯੋਜਨਾ ਬਣਾ ਕੇ ਚਾਰ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦਾ ਪ੍ਰਬੰਧ ਕੀਤਾ, ਅੰਬੇਦਕਰ ਵੀ ਉਨ੍ਹਾਂ ’ਚੋਂ ਇੱਕ ਸਨ।ਆਪ ਦਾ ਇਕਰਾਰ ਇਹ ਹੋਇਆ ਕਿ ਵਿੱਦਿਆ ਪ੍ਰਾਪਤੀ ਤੋਂ ਬਾਅਦ ਆਪ 10 ਸਾਲ ਬੜੌਦਾ ਸਟੇਟ ਦੀ ਸੇਵਾ ਕਰਨਗੇ।ਆਪ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਐਮ ਏ ਕਰ ਕੇ ਲੰਡਨ ਗਏ, ਜਿੱਥੇ ਆਪ ਨੇ ਕਾਨੂੰਨ ਦੀ ਪੜ੍ਹਾਈ ਲਈ ਦਾਖ਼ਲਾ ਲੈ ਲਿਆ ਪਰ ਰਿਆਸਤ ਦੇ ਮੁਨਸ਼ੀ ਨੇ ਆਪ ਨੂੰ ਵਾਪਸ ਬੁਲਾ ਲਿਆ।ਮਹਾਰਾਜਾ ਨੇ ਐਲਾਨ ਕੀਤਾ ਕਿ ਰੇਲਵੇ ’ਤੇ ਅੰਬੇਦਕਰ ਦਾ ਸਵਾਗਤ ਕੀਤਾ ਜਾਵੇ ਪਰ ਕੋਈ ਵੀ ਉੱਥੇ ਨਾ ਗਿਆ।
ਫਿਰ ਬਾਬਾ ਸਾਹਿਬ ਦਾ ਮੇਲ ਮਹਾਰਾਜਾ ਕੋਹਲਾਪੁਰ ਨਾਲ਼ ਹੋਇਆ।ਆਪ ਨੇ ਉਨ੍ਹਾਂ ਦੀ ਮੱਦਦ ਨਾਲ਼ ਪੰਦਰਾਂ ਰੋਜ਼ਾ ਅਖ਼ਬਾਰ ‘ਮੂਕ ਨਾਇਕ’ ਕੱਢਿਆ।ਦਲਿਤ ਸਮਾਜ ਵਿੱਚ ਆਈ ਚੇਤਨਾ ਸਦਕਾ ਅਛੂਤ ਸਮਾਜ ਨੂੰ ਸਵੀਕਾਰ ਕੀਤਾ ਗਿਆ।ਉਪਰੰਤ ਬਾਬਾ ਸਾਹਿਬ ਨੇ ਸ਼ੋਲਾਪੁਰ ਵਿਖੇ ਅਛੂਤ ਵਿਦਿਆਰਥੀਆਂ ਲਈ ਹੋਸਟਲ ਖੋਲ੍ਹਿਆ ।ਕਮੇਟੀ ਨੇ ਵੀ ਇਸ ਦੇ ਰੱਖ ਰਖਾਵ ਲਈ ਗ੍ਰਾਂਟ ਦਿੱਤੀ।ਬਾਬਾ ਸਾਹਿਬ ਨੇ ਗ਼ਰੀਬਾਂ ਦੀ ਭਲਾਈ ਲਈ ਰਾਤ—ਦਿਨ ਇੱਕ ਕਰ ਦਿੱਤਾ ਪਰ ਉਨ੍ਹਾਂ ਨੂੰ ਪੈਰ—ਪੈਰ ’ਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ।ਤਲਾਬਾਂ ’ਤੇ ਪਾਣੀ ਪੀਣ ਦੀ ਖੁੱਲ੍ਹ ਵੀ ਸਮਾਜ ਨੇ ਪ੍ਰਵਾਨ ਨਾ ਕੀਤੀ।ਇੱਥੋਂ ਤੱਕ ਕਿ ਮਹਾਡ ਨਗਰ ਪਾਲਿਕਾ ਨੇ ਆਪਣਾ ਮਤਾ ਵੀ ਵਾਪਸ ਲੈ ਲਿਆ, ਜੋ ਅਛੂਤਾਂ ਨੂੰ ਸਭ ਥਾਵਾਂ ਵਰਤਣ ਦੀ ਖੁੱਲ੍ਹ ਦਿੰਦਾ ਸੀ।ਇਸ ਘਟਨਾ ਨੇ ਬਲ਼ਦੀ ’ਤੇ ਤੇਲ ਦਾ ਕੰਮ ਕੀਤਾ।ਬਾਬਾ ਸਾਹਿਬ ਨੇ ਭਾਰਤੀ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਤੁਹਾਡੇ ਬੱਚੇ ਪੜ੍ਹ ਗਏ, ਤਾਂ ਹੀ ਤੁਹਾਡਾ ਸੁਧਾਰ ਹੋਣਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਦਲਿਤਾਂ ਨੂੰ ਭਰਤੀ ਨਹੀਂ ਕਰਦੀ, ਚਾਹੇ ਉਹ ਯੋਗ ਹੀ ਕਿਉਂ ਨਾ ਹੋਵੇ।ਸਿੱਟੇ ਵਜੋਂ ਐਮ ਕੇ ਯਾਦਵ ਨੂੰ ਡਿਪਟੀ ਕਮਿਸ਼ਨਰ ਲਾਇਆ ਗਿਆ।ਬਾਬਾ ਸਾਹਿਬ ਨੇ ਬੇਗਾਰ ਪ੍ਰਥਾ ਵਿਰੁੱਧ ਵੀ ਪ੍ਰਚਾਰ ਕੀਤਾ।ਉਸ ਸਮੇਂ ਅਛੂਤਾਂ ਨੂੰ ਮੰਦਰਾਂ ’ਚ ਜਾਣ ਦੀ ਆਗਿਆ ਨਹੀਂ ਸੀ।ਬਾਹਰ ਲਿਖਿਆ ਹੁੰਦਾ ਸੀ ਕਿ ਸ਼ੂਦਰ ਪ੍ਰਵੇਸ਼ ਨਾ ਕਰੇ।ਬਰਾਬਰਤਾ ਲਈ ਬਾਬਾ ਸਾਹਿਬ ਨੇ ਕਾਲ਼ਾ ਰਾਮ ਮੰਦਰ ਦੇ ਬਾਹਰ ਮੁਜਾਹਰਾ ਕੀਤਾ।ਉਨ੍ਹਾਂ ਦਰਵਾਜੇ ਲਾ ਲਏ।ਇੱਕ ਮਹੀਨਾ ਇਹ ਸੰਘਰਸ਼ ਚੱਲਿਆ।ਰੱਥ ਯਾਤਰਾ ਮੌਕੇ ਅਛੂਤਾਂ ਦੀ ਕਾਫ਼ੀ ਕੁੱਟਮਾਰ ਕੀਤੀ ਗਈ।
  ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਡਾ ਅੰਬੇਦਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਆਪ ਨੇ ਕਰਮਚਾਰੀ ਰਾਜ ਬੀਮਾ, ਮੈਡੀਕਲ ਲੀਵ ਅਤੇ ਹੋਰ ਸੁਵਿਧਾਵਾਂ ਲਾਗੂ ਕਰਵਾਈਆਂ।ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ 14 ਤੋਂ ਘਟਾ ਕੇ 8 ਘੰਟੇ ਕਰਵਾਏ।ਆਪ ਨੇ ਔਰਤਾਂ ਨੂੰ ਤਲਾਕ ਦਾ ਅਧਿਕਾਰ ਦੁਆਇਆ।ਉਹ ਹਿੰਦੂ ਕੋਡ ਬਿਲ ਲੈ ਕੇ ਆਏ।ਜਿਸ ਵਿੱਚ ਇੱਕ ਵਿਆਹ, ਗੋਦ ਲੈਣ, ਤਲਾਕ ਅਤੇ ਸਿੱਖਿਆ ਜਿਹੇ ਮੁੱਦੇ ਸਨ।
  ਹੈਰਾਨੀ ਹੈ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੌਂ ਭਾਸ਼ਾਵਾਂ ਜਾਣਦੇ ਸੀ ਅਤੇ ਉਨ੍ਹਾਂ ਕੋਲ਼ 21 ਵਿਸ਼ਿਆਂ ਦੀ ਡਿਗਰੀ ਸੀ।ਉਹ 64 ਵਿਸ਼ਿਆਂ ਵਿੱਚ ਮੁਹਾਰਤ ਰੱਖਦੇ ਸਨ।ਅਜਿਹੇ ਸਮੇਂ ਵਿੱਚ ਵਿਦੇਸ਼ ਵਿੱਚ ਡਾਕਟਰੇਟ ਕਰਨ ਵਾਲ਼ੇ ਆਪ ਪਹਿਲੇ ਭਾਰਤੀ ਸਨ।ਕੋਲੰਬੀਆ ਯੂਨੀਵਰਸਿਟੀ ਨੇ 2004 ਵਿੱਚ 250 ਸਾਲ ਪੂਰੇ ਹੋਣ ’ਤੇ 100 ਹੋਣਹਾਰ ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ।ਇਸ ਵਿੱਚ ਛੇ ਵੱਖ—ਵੱਖ ਦੇਸਾਂ ਦੇ ਰਾਸ਼ਟਰਪਤੀ, 3 ਅਮਰੀਕੀ ਰਾਸ਼ਟਰਪਤੀ ਅਤੇ ਨੋਬਲ ਪੁਰਸਕਾਰ ਨਾਲ਼ ਜੇਤੂ ਸ਼ਖ਼ਸੀਅਤਾਂ ਸਨ।ਮਾਣ ਦੀ ਗੱਲ ਇਹ ਸੀ ਕਿ ਇਸ ਵਿੱਚ ਡਾ. ਭੀਮ ਰਾਓ ਅੰਬੇਦਕਰ ਦਾ ਨਾਂ ਵੀ ਸ਼ਾਮਲ ਸੀ।ਪੜ੍ਹਨ ਦਾ ਸ਼ੌਂਕ ਹੋਣ ਕਾਰਨ ਆਪ ਦੀ ਲਾਇਬਰੇਰੀ ਵਿੱਚ ਹਜ਼ਾਰਾਂ ਹੀ ਕਿਤਾਬਾਂ ਸਨ।ਇਹੋ ਨਹੀਂ ਲੰਡਨ ਯੂਨੀਵਰਸਿਟੀ ਵਿੱਚ 8 ਸਾਲ ਦਾ ਸਿਲੇਬਸ ਆਪ ਨੇ 3 ਸਾਲ ਵਿੱਚ ਪੂਰਾ ਕਰਕੇ ਸਭ ਨੁੂੰ ਹੈਰਾਨ ਕਰ ਦਿੱਤਾ।ਆਪ ਨੂੰ ਇੰਗਲੈਂਡ ਨੇ 2011 ਵਿੱਚ ਵਿਸ਼ਵ ਦਾ ਸਭ ਤੋਂ ਪ੍ਰਤਿਭਾਸ਼ਾਲੀ ਵਿਅਕਤੀ ਐਲਾਨਿਆ।ਆਪ ਨੂੰ ‘ਸਿੰਬਲ ਆਫ ਨਾਲਜ’ ਦਾ ਦਰਜਾ ਹੀ ਨਹੀਂ ਦਿੱਤਾ ਗਿਆ ਬਲਕਿ ਆਪ ਦੇ ਜਨਮ ਦਿਨ ਨੂੰ ਵਿਸ਼ਵ ਗਿਆਨ ਦਿਵਸ ਦੇ ਤੌਰ ਉੱਤੇ ਵੀ ਮਨਾਉਣ ਦਾ ਨਿਰਣਾ ਕੀਤਾ ਗਿਆ।ਅੰਬੇਦਕਰ ਇਕੱਲੇ ਭਾਰਤੀ ਸਨ, ਜਿਨ੍ਹਾਂ ਦੀ ਤਸਵੀਰ ਲੰਡਨ ਮਿਉੂਜ਼ੀਅਮ ਵਿੱਚ ਕਾਰਲ ਮਾਰਕਸ ਦੇ ਨਾਲ਼ ਲੱਗੀ ਹੋਈ ਹੈ।ਨੋਬਲ ਪੁਰਸਕਾਰ ਜੇਤੂ ਪ੍ਰੋ. ਅਮ੍ਰਤਿਆ ਸੇਨ ਆਪ ਨੂੰ ਅਰਥ ਸਾਸ਼ਤਰ ਵਿੱਚ ਆਪਣੇ ਪਿਤਾ ਮੰਨਦੇ ਸਨ।ਹਿਸਟਰੀ ਟੀ ਵੀ ਚੈਨਲ ਨੇ ਆਪ ਨੂੰ ਅਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਮਹਾਨ ਵਿਅਕਤੀ ਐਲਾਨਿਆ।ਆਪ ਸਾਈਮਨ ਕਮਿਸ਼ਨ ਦੇ ਵੀ ਮੈਂਬਰ ਬਣੇ।
ਮਗਰਲੇ ਦਿਨਾਂ ਵਿੱਚ ਬਾਬਾ ਸਾਹਿਬ ਦੀ ਸਿਹਤ ਬੜੀ ਖ਼ਰਾਬ ਰਹੀ।ਉਹ ਇਸ ਗੱਲ ਲਈ ਚਿੰਤਤ ਰਹਿੰਦੇ ਕਿ ਮੇਰੇ ਬਾਅਦ ਮੇਰੇ ਕਾਰਜ ਨੂੰ ਅੱਗੇ ਕੌਣ ਕਰੇਗਾ ? ਉਹ ਇਸ ਲਈ ਭੁੱਬਾਂ ਮਾਰ ਕੇ ਰੋਂਦੇ ਵੀ ਦੇਖੇ ਗਏ।ਉਨ੍ਹਾਂ ਕਿਹਾ ਕਿ ਅਜਿਹੇ ਦੇਸ ਵਿੱਚ, ਜਿਸ ਦੇ ਲੋਕ ਇੰਨੇ ਪੱਖਪਾਤੀ ਹਨ, ਜਨਮ ਧਾਰਨਾ ਇੱਕ ਤਰ੍ਹਾਂ ਦਾ ਪਾਪ ਹੈ।ਤਾਂ ਵੀ ਹਰ ਪਾਸਿਓਂ ਗਾਲ਼ਾਂ ਖਾਣ ਦੇ ਬਾਵਜੂਦ ਮੈਂ ਕਾਫ਼ੀ ਕੰਮ ਕਰ ਦਿੱਤਾ ਹੈ ਤੇ ਆਪਣੇ ਅੰਤਲੇ ਸਾਹਾਂ ਤੱਕ ਇਹ ਕੰਮ ਕਰਦਾ ਰਹਾਂਗਾ।ਉਨ੍ਹਾਂ ਨਾਨਕ ਚੰਦ ਰੱਤੂ ਨੂੰ ਕਿਹਾ, “ਮੇਰੀ ਜਨਤਾ ਨੂੰ ਇਹ ਦੱਸਣਾ ਕਿ ਜੋ ਕੁੱਝ ਮੈਂ ਉਨ੍ਹਾਂ ਲਈ ਕੀਤਾ ਹੈ, ਇਹ ਮੈਂ ਆਪਣੇ ਜੀਵਨ ਵਿੱਚ ਤਰ੍ਹਾਂ—ਤਰ੍ਹਾਂ ਦੀਆਂ ਔਕੜਾਂ, ਆਫ਼ਤਾਂ ਅਤੇ ਮੁਸੀਬਤਾਂ ਨੂੰ ਝੱਲ ਕੇ ਕੀਤਾ ਹੈ ਅਤੇ ਮੇੈਨੂੰ ਆਪਣੇ ਵਿਰੋਧੀਆਂ ਨਾਲ਼ ਲੜਾਈਆਂ ਲੜਨੀਆਂ ਪਈਆਂ ਹਨ।ਬੜੀ ਕਠਿਨਾਈ ਨਾਲ਼ ਇਹ ਕਾਰਵਾਂ ਮੈਂ ਇੱਥੇ ਲਿਆ ਸਕਿਆ ਹਾਂ।ਚਾਹੇ ਕੁੱਝ ਵੀ ਹੋਵੇ, ਇਹ ਕਾਰਵਾਂ ਅੱਗੇ ਵਧਣਾ ਚਾਹੀਦਾ ਹੈ।ਜੇ ਮੇਰੇ ਪੈਰੋਕਾਰ ਇਸ ਨੂੰ ਅੱਗੇ ਨਾ ਲਿਜਾ ਸਕਣ, ਤਾਂ ਉਨ੍ਹਾਂ ਨੂੰ ਇਸ ਕਾਰਵਾਂ ਨੂੰ ਕਿਸੇ ਹਾਲ ਵਿੱਚ ਵੀ ਪਿੱਛੇ ਨਹੀਂ ਜਾਣ ਦੇਣਾ ਚਾਹੀਦਾ।ਮੇਰਾ ਆਪਣੇ ਲੋਕਾਂ ਨੂੰ ਇਹੋ ਸੁਨੇਹਾ ਹੈ।” 6 ਦਸੰਬਰ 1956 ਈਸਵੀ ਨੂੰ ਆਪ ਦਿੱਲੀ ਵਿਖੇ ਪੁੂਰੇ ਹੋਏ।
ਆਪ ਦੇ ਤਿੰਨ ਗੁਰੂ ਸਨ : ਮਹਾਤਮਾ ਬੁੱਧ, ਭਗਤ ਕਬੀਰ ਅਤੇ ਜੋਤਿਬਾ ਫੂਲੇ। ਆਪ ਦਾ ਨਾਹਰਾ ਸੀ : ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ।
 ਰਾਬਿੰਦਰ ਸਿੰਘ ਰੱਬੀ ਮੋਰਿੰਡਾ
8968946129
ਹੋਰ ਪੜ੍ਹੋ 👉  ਆਟੇ ਦੇ ਭਾਅ 'ਚ ਵਾਧੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਵਧਿਆ ਵਿੱਤੀ ਤਣਾਅ : ਬਾਜਵਾ

Leave a Reply

Your email address will not be published. Required fields are marked *