ਚੰਡੀਗੜ੍ਹ 29 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬੀ ਲਿਖਣ ਦੇ ਮੁੱਦੇ ‘ਤੇ ਅਕਸਰ ਵਿਰੋਧੀਆਂ ਉਤੇ ਤੰਜ਼ ਕੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਡਰੁੱਖਾਂ (ਸੰਗਰੂਰ) ਵਿਖੇ ਸਿਹਾਰੀ ਬਿਹਾਰੀ ਦੇ ਚੱਕਰ ਵਿਚ ਖੁਦ ਉਲਝ ਗਏ। ਅਕਸਰ ਵਿਰੋਧੀਆਂ ਨੂੰ ਘੇਰਨ ਵਾਲੇ ਮੁੱਖ ਮੰਤਰੀ ਦੀ ਜ਼ੁਬਾਨ ਫਿਸਲਣ ਕਾਰਨ ਖੁਦ ਘਿਰ ਗਏ ਅਤੇ ਵਿਰੋਧੀਆਂ ਨੇ ਉਲਟਾ ਮੁੱਖ ਮੰਤਰੀ ‘ਤੇ ਤੰਜ਼ ਕਸਿਆ ਹੈ।
ਮੁੱਖ ਮੰਤਰੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬੀ ਲਿਖਣ ਦੇ ਮੁੱਦੇ ਤੇ ਆੜੇ ਹੱਥੀ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬੀ ਦੇ ਪੇਪਰ ਦੇ ਕੇ ਦਿਖਾਉਣ ਫੇਲ਼ ਹੋ ਜਾਣਗੇ। ਉਹਨਾਂ ਕਿਹਾ ਕਿ ਉਹ ਪੰਜਾਬੀ ਦਾ ਪੇਪਰ ਲੀਕ ਵੀ ਕਰ ਦੇਣਗੇ ਫਿਰ ਵੀ ਇਹਨਾਂ ਆਗੂਆਂ ਤੋਂ ਸਹੀ ਪੰਜਾਬੀ ਨਹੀਂ ਲਿਖੀ ਜਾਣੀ। ਇਸੀ ਦੌਰਾਨ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਅੱਖਰ ਬੋਲਦੇ ਸਮੇਂ ਮੁੱਖ ਮੰਤਰੀ ਬਿਹਾਰੀ ਦੀ ਥਾਂ ਸਿਹਾਰੀ ਬੋਲ ਦਿੱਤਾ। ਜਿਸਨੂੰ ਲੈ ਕੇ ਵਿਰੋਧੀਆਂ ਨੇ ਮੁੱਖ ਮੰਤਰੀ ‘ਤੇ ਸਵਾਲ ਚੁੱਕੇ ਹਨ।
ਕਿਸੇ ਵੇਲੇ ਆਪ ਦੇ ਬੁਲਾਰੇ ਰਹੇ ਐਡਵੋਕੇਟ ਸਤਵੀਰ ਸਿੰਘ ਵਾਲੀਆ ਨੇ ਆਪਣੇ ਐਕਸ ਅਕਾਉਂਟ ‘ਤੇ ਲਿਖਿਆ ਹੈ ਕਿ ” @BhagwantMann ਖੁਦ ਪੰਜਾਬੀ ਵਿੱਚ ਹੋਇਆ ਫੇਲ ਹਲੇ ਮੁੰਡਾ ਮਾਸਟਰ ਦਾ ਚੰਡੀਗੜ੍ਹ ਦੇ ਸਪੈਲਿੰਗ ਨਹੀਂ ਸਹੀ ਬੋਲ ਸਕਿਆ ।”
ਇਸੀ ਤਰਾਂ ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਪ੍ਰਿਤਪਾਲ ਸਿੰਘ ਨੇ ਕਾਵਿਕ ਰੂਪ ਵਿਚ ਮੁੱਖ ਮੰਤਰੀ ਤੇ ਵਿਅੰਗ ਕੀਤਾ ਹੈ। ਉਨਾਂ ਐਕਸ ‘ਤੇ ਲਿਖਿਆ ਹੈ ਕਿ ਫੇਲ ਹੋ ਗਿਆ ਜੀ ਦੇਖੋ ਫੇਲ ਹੋ ਗਿਆ, ਸਾਡਾ ਮੁੱਖ ਮੰਤਰੀ ਪੰਜਾਬੀ ਵਿਚ ਫੇਲ ਹੋ ਗਿਆ। ਸਿਹਾਰੀ ਬਿਹਾਰੀ ਦੇ ਚੱਕਰ ਵਿਚ ਫੇਲ ਹੋ ਗਿਆ, ਚੰਡੀਗੜ੍ਹ ਦੀ ਲਿਖਾਈ ਵਿਚ ਫੇਲ ਹੋ ਗਿਆ….।
ਕਲੇਰ ਨੇ ਕਿਹਾ, ਸੁਣੋ
ਇਸੀ ਤਰਾਂ ਅਕਾਲੀ ਦਲ ਦੇ ਬੁਲਾਰੇ ਤੇ ਕਾਨੂੰਨੀ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਵੀ ਮੁੱਖ ਮੰਤਰੀ ਨੂੰ ਘੇਰਦੇ ਹੋਏ ਅਜਿਹੀ ਹੇਠਲੇ ਪੱਧਰ ਦੀ ਬਿਆਨਬਾਜ਼ੀ ਕਰਕੇ ਦੇਸ਼ ਵਿਦੇਸ਼ ਵਿਚ ਪੰਜਾਬ ਤੇ ਪੰਜਾਬੀਆ ਦਾ ਮਜ਼ਾਕ ਨਾ ਉਡਾਉਣ ਦੀ ਗੱਲ ਕਹੀ ਹੈ।