ਚੰਡੀਗੜ 27 ਜੂਨ (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਲਈ ਦਿੱਤੇ ਹੋਏ ਸਮਰਥਨ ਲਈ ਧੰਨਵਾਦ ਕੀਤਾ ਹੈ। ਗੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇੰਡੀਆ ਗਠਬੰਧਨ ਦੇ ਰਾਹੀਂ ਸੰਵਿਧਾਨ ਬਚਾਓ ਦੇ ਨਾਮ ਤੇ ਦਲਿਤ, ਪਛੜੇ ਵਰਗਾ ਅਤੇ ਘੱਟ ਗਿਣਤੀ ਵਰਗਾਂ ਦੀ ਵੋਟ ਲੈ ਕੇ ਵੱਡੀ ਗਿਣਤੀ ਵਿੱਚ ਮੈਂਬਰ ਪਾਰਲੀਮੈਂਟ ਜਿੱਤੇ। ਜਦੋਂ ਦੇਸ਼ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ ਗੱਲ ਆਈ ਤਾਂ ਕਾਂਗਰਸ ਪ੍ਰਧਾਨ ਮਲਕਾਅਰਜੁਨ ਖੜਗੇ ਨੂੰ ਪਿੱਛੇ ਧੱਕਕੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਹੈ, ਜੋ ਕਿ ਅਨੁਸੂਚਿਤ ਜਾਤੀਆਂ, ਪੱਛੜੀਆ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਨਾਲ ਸਿੱਧਾ ਧੱਕਾ ਹੈ। ਕਾਂਗਰਸ ਦੇ ਪੂਰਨਿਆਂ ਤੇ ਚੱਲਦੇ ਹੋਏ ਕਮਜ਼ੋਰ ਵਰਗਾ ਨਾਲ ਧੱਕੇਸ਼ਾਹੀ ਕਰਨ ਦਾ ਕੰਮ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪਿਛਲੇ ਪੱਚੀ ਮਹੀਨਿਆਂ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੇ ਕਮਿਸ਼ਨ ਦਾ ਨਾ ਚੇਅਰਮੈਨ ਨਿਯੁਕਤ ਹੋਇਆ ਹੈ । ਪੋਸਟ ਮੈਟਰ ਸਕਾਲਰਸ਼ਿਪ ਸਕੀਮ ਤਹਿਤ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਦੀ ਗਿਣਤੀ ਸਿਰਫ 1 ਲੱਖ ਦੇ ਕਰੀਬ ਰਹਿ ਚ ਗਈ ਹੈ। ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ, ਕਾਨੂੰਨ ਵਿਵਸਥਾ ਦੇ ਵਿਗੜੇ ਹਾਲਾਤ ਅਤੇ ਕੱਚੇ ਮੁਲਾਜ਼ਮਾਂ ਦੇ ਚੱਲ ਰਹੇ ਪੱਕੇ ਧਰਨੇ ਪੰਜਾਬ ਸਰਕਾਰ ਦੇ ਮੱਥੇ ਤੇ ਕਾਲਾ ਕਲੰਕ ਹਨ।
ਗੜੀ ਨੇ ਸਮੁੱਚੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਨ ਤਾਂ ਜੋ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੂੰ ਹਰਾਕੇ ਪੰਜਾਬ ਦੇ ਲੋਕਾਂ ਦਾ ਰਾਜਨੀਤਿਕ ਭਵਿੱਖ ਸੁਰੱਖਿਤ ਕੀਤਾ ਜਾ ਸਕੇ।