ਚੰਡੀਗੜ੍ਹ 27 ਜੂਨ (ਖ਼ਬਰ ਖਾਸ ਬਿਊਰੋ)
ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦਾ ਕੰਮਕਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇਖਣਗੇ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿਛਲੇ ਦਿਨ ਕੈਬਨਿਟ ਮੰਤਰੀ ਦੇ ਅਹੁੱਦੇ ਤੋ ਅਸਤੀਫਾ ਦੇ ਦਿੱਤਾ ਸੀ। ਸੂਬਾ ਸਰਕਾਰ ਨੇ ਅਸਤੀਫ਼ਾ ਮਨਜ਼ੂਰ ਕਰਨ ਲਈ ਰਾਜਪਾਲ ਨੂੰ ਭੇਜ ਦਿੱਤਾ ਹੈ ਅਤੇ ਮੰਤਰੀ ਮੰਡਲ ਦੇ ਫੇਰਬਦਲ ਹੋਣ ਤੱਕ ਮੀਤ ਹੇਅਰ ਵਾਲੇ ਵਿਭਾਗਾਂ ਦਾ ਚਾਰਜ ਮੁੱਖ ਮੰਤਰੀ ਕੋਲ ਰਹੇਗਾ।
ਇੱਥੇ ਦੱਸਿਆ ਜਾਂਦਾ ਹੈ ਕਿ ਜਦੋਂ ਕੋਈ ਮੰਤਰੀ ਅਸਤੀਫ਼ਾ ਦਿੰਦਾ ਹੈ ਜਾਂ ਫਿਰ ਉਸਦੇ ਵਿਭਾਗ ਬਦਲ ਦਿੱਤੇ ਜਾਂਦੇ ਹਨ ਤਾਂ ਬਚਦੇ ਵਿਭਾਗ ਮੁੱਖ ਮੰਤਰੀ ਕੋਲ ਹੀ ਰਹਿੰਦੇ ਹਨ। ਜਿਸ ਕਰਕੇ ਮੁੱਖ ਮੰਤਰੀ ਹੁਣ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦਾ ਕੰਮਕਾਰ ਵੀ ਦੇਖਣਗੇ।
ਸੱਤਾ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਜਲੰਧਰ ਉਪ ਚੋਣ ਦੀ ਪ੍ਰੀਕਿਰਿਆ ਖ਼ਤਮ ਹੋਣ ਬਾਦ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਵਿਚ ਬਦਲਾਅ ਕਰ ਸਕਦੇ ਹਨ। ਮੁੱਖ ਮੰਤਰੀ ਨੇ ਲੋਕ ਸਭਾ ਦੇ ਉਮੀਦਵਾਰਾਂ ਨਾਲ ਮੀਟਿੰਗਾਂ ਸ਼ੁਰੂ ਕਰਨ ਮੌਕੇ ਤਿੰਨ ਜੈਤੂ ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਕਈਆਂ ਨੂੰ ਹੋਰ ਜੁੰਮੇਵਾਰੀ ਦਿੱਤੀ ਜਾਵੇਗੀ ਅਤੇ ਕਈਆਂ ਦਾ ਬੋਝ ਘਟਾਇਆ ਜਾਵੇਗਾ। ਸਿਆਸੀ ਮਾਹਿਰ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਮੰਤਰੀ ਮੰਡਲ ਵਿਚ ਬਦਲਾਅ ਦੇ ਰੂਪ ਵਿਚ ਦੇਖਦੇ ਹਨ। ਚਰਚਾ ਹੈ ਕਿ ਕਈ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਅਤੇ ਆਪ ਦੀ ਲੀਡਰਸ਼ਿਪ ਕਈ ਮੰਤਰੀਆਂ ਦੀ ਕਾਰਗੁਜ਼ਾਰੀ ਤੋ ਖੁਸ਼ ਨਹੀਂ ਹੈ।
ਵਰਨਣਯੋਗ ਹੈ ਕਿ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਤਾਂ ਉਨਾਂ ਨੂੰ ਸਿੱਖਿਆ, ਖੇਡਾਂ, ਸਿੰਚਾਈ, ਪ੍ਰਸਾਸਕੀ ਸੁਧਾਰ ਵਰਗੇ ਮਹ੍ਤਵਪੂਰਨ ਵਿਭਾਗ ਦਿੱਤੇ ਗਏ ਸਨ, ਪਰ ਵਿਆਹ ਹੋਣ ਬਾਅਦ ਮੁੱਖ ਮੰਤਰੀ ਨੇ ਸਾਰੇ ਵਿਭਾਗ ਵਾਪਸ ਲੈ ਲਏ ਅਤੇ ਸਿਰਫ਼ ਖੇਡਾਂ,ਦੇ ਨਾਲ ਯੁਵਕ ਸੇਵਾਵਾਂ ਵਿਭਾਗ ਦਿੱਤਾ ਸੀ। ਹੁਣ ਸੰਗਰੂੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਬਾਅਦ ਮੀਤ ਹੇਅਰ ਨੇ ਵਿਧਾਇਕ ਦੇ ਅਹੁੱਦੇ ਤੋ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ ਅਤੇ ਸਪੀਕਰ ਨੇ ਬਰਨਾਲਾ ਹਲਕਾ ਖਾਲੀ ਵੀ ਘੋਸ਼ਿਤ ਕਰ ਦਿੱਤਾ ਸੀ। ਮੀਤ ਹੇਅਰ ਨੇ ਕੈਬਨਿਟ ਮੰਤਰੀ ਦੇ ਅਹੁੱਦੇ ਤੋ ਅਸਤੀਫ਼ਾ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਬਾ੍ਦ ਦਿੱਤਾ ਹੈ।