ਚੰਡੀਗੜ੍ਹ 26 ਜੂਨ (ਖ਼ਬਰ ਖਾਸ ਬਿਊਰੋ)
ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋ ਇਕ ਦਿਨ ਬਾਅਦ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੈਬਨਿਟ ਮੰਤਰੀ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਵਕਤ ਮੀਤ ਹੇਅਰ ਕੋਲ ਖੇਡ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਜੁੰਮੇਵਾਰੀ ਸੀ। ਸਰਕਾਰ ਨੇ ਕੈਬਨਿਟ ਸ਼ਾਖਾ ਰਾਹੀਂ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ। ਹੁਣ ਮੁੱਖ ਮੰਤਰੀ ਵੱਲੋਂ ਅਸਤੀਫ਼ਾ ਪ੍ਰਵਾਨ ਕੀਤੇ ਜਾਣ ਬਾਅਦ ਮਨਜ਼ੂਰੀ ਲਈ ਫਾਈਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜੀ ਜਾਵੇਗੀ।
ਇੱਥੇ ਦੱਸਿਆ ਜਾਂਦਾ ਹੈ ਕਿ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ। ਮਾਨ ਕੈਬਨਿਟ ਵਿਚ ਉਨਾਂ ਨੂੰ ਕਈ ਮਹੱਤਵਪੂਰਨ ਵਿਭਾਗ ਦਿੱਤੇ ਗਏ ਸਨ, ਪਰ ਕੁੱਝ ਮਹੀਨੇ ਪਹਿਲਾਂ ਅਚਾਨਕ ਮੀਤ ਹੇਅਰ ਤੋਂ ਮਹੱਤਵਪੂਰਨ ਵਿਭਾਗ ਸਿੱਖਿਆ, ਖੇਡਾਂ, ਸਿੰਚਾਈ ਵਾਪਸ ਲੈ ਕੇ ਸਿਰਫ਼ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਦਿੱਤਾ ਗਿਆ ਸੀ।
ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਪੰਜ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਿਨਾਂ ਵਿਚ ਕੇਵਲ ਮੀਤ ਹੇਅਰ ਹੀ ਭਾਰੀ ਵੋਟਾਂ ਨਾਲ ਚੋਣ ਜਿੱਤ ਸਕੇ ਤੇ ਬਾਕੀ ਮੰਤਰੀ ਚੋਣ ਹਾਰ ਗਏ। ਲੋਕ ਸਭਾ ਮੈਂਬਰ ਚੁਣੇ ਜਾਣ ਤੋ ਬਾਅਦ ਉਹਨਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਇਕ ਦੇ ਅਹੁੱਤੇ ਤੋਂ ਅਸਤੀਫ਼ਾ ਭੇਜ ਦਿੱਤਾ ਸੀ ਅਤੇ ਸਪੀਕਰ ਨੇ ਅਸਤੀਫ਼ਾ ਮੰਜ਼ੂਰ ਕਰਕੇ ਬਰਨਾਲਾ ਸੀਟ ਖਾਲੀ ਵੀ ਘੋਸ਼ਿਤ ਕਰ ਦਿੱਤੀ ਸੀ। ਬੀਤੇ ਦਿਨ ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸੀ।