ਚੰਡੀਗੜ 24 ਜੂਨ (ਖ਼ਬਰ ਖਾਸ ਬਿਊਰੋ)
ਇੱਕ ਕਲਯੁਗੀ ਮਾਮੇ ਨੇ ਆਪਣੇ ਭਾਣਜੇ ਦਾ ਚਰਿਤਰ ਉਤੇ ਸ਼ੱਕ ਹੋਣ ਕਰਕੇ ਕਤਲ ਕਰ ਦਿੱਤਾ। ਮਾਮੇ ਨੂੰ ਸ਼ੱਕ ਸੀ ਕਿ ਉਸਦੇ ਭਾਣਜੇ ਦੇ ਉਸਦੀ ਨੂੰਹ ਨਾਲ ਨਾਜਾਇਜ਼ ਸਬੰਧ ਹਨ। ਜਾਣਕਾਰੀ ਅਨੁਸਾਰ ਨੌਜਵਾਨ ਦੇ ਮਾਮੇ ਨੇ ਆਪਣੇ ਭਾਣਜੇ ਨੂੰ ਚੰਡੀਗੜ੍ਹ ਦੀ ਸੈਰ ਕਰਨ ਦੇ ਬਹਾਨੇ ਆਪਣੀ ਕਾਰ ਵਿੱਚ ਬਿਠਾ ਲਿਆ ਅਤੇ ਰਸਤੇ ਵਿੱਚ ਹੀ ਮਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਵਾਰਦਾਤ ਨੂੰ ਅੰਜ਼ਾਮ ਮਾਮੇ ਤੇ ਉਸਦੇ ਤਿੰਨ ਸਾਥੀਆਂ ਨੇ ਦਿੱਤਾ ਹੈ। ਪੁਲੀਸ ਨੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੱਟਾਂ ਮਾਰ ਮਾਰ ਕੀਤਾ ਕਤਲ
ਜਾਣਕਾਰੀ ਅਨੁਸਾਰ ਕਥਿਤ ਦੋਸ਼ੀਆਂ ਨੇ ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਸਥਿਤ ਚੰਡੀਗੜ੍ਹ ਢਾਬੇ ਨੇੜੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ 22 ਸਾਲਾ ਨੌਜਵਾਨ ਦਾ ਇੱਟਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਿੱਟੂ ਪੁੱਤਰ ਰਣਧੀਰ ਸਿੰਘ ਵਾਸੀ ਮਸੂਦਪੁਰ, ਹਾਂਸੀ, ਜ਼ਿਲ੍ਹਾ ਹਿਸਾਰ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਬੀਏ ਦੀ ਪੜ੍ਹਾਈ ਕਰ ਰਿਹਾ ਸੀ। ਉਹ ਫੌਜ ਵਿਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ।
ਲਾਸ਼ ਨੂੰ ਮੁਰਦਾਘਰ ਰੱਖ ਕੇ ਦੋਸ਼ੀ ਹੋਇਆ ਫਰਾਰ
ਮੁਲਜ਼ਮਾਂ ਦੀ ਪਛਾਣ ਸੁਭਾਸ਼ (ਮਾਮਾ) ਵਾਸੀ ਦਨੋਧਾ, ਜ਼ਿਲ੍ਹਾ ਜੀਂਦ (ਹਰਿਆਣਾ) ਵਜੋਂ ਹੋਈ ਹੈ ਅਤੇ ਬਾਕੀ ਤਿੰਨ ਮੁਲਜ਼ਮਾਂ ਵਿੱਚ ਸੁਨੀਲ, ਨਵੀਨ ਉਰਫ਼ ਛਬੀਲਾ, ਨਵੀਨ ਉਰਫ਼ ਮਾਨੀਆ, ਮ੍ਰਿਤਕ ਦਾ ਇੱਕ ਦੋਸਤ ਸ਼ਾਮਲ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤੀ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ। ਮੁਲਜ਼ਮ ਬਿੱਟੂ ਨੂੰ ਚੰਡੀਗੜ੍ਹ ਆਉਣ ਦੇ ਬਹਾਨੇ ਕਾਰ ਵਿੱਚ ਬਿਠਾ ਕੇ ਲੈ ਗਏ ਸਨ। ਰਸਤੇ ‘ਚ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਹਾਦਸਾਗ੍ਰਸਤ ਦਿਖਾਉਣ ਲਈ ਅੰਬਾਲਾ ਛਾਉਣੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ ਅਤੇ ਉਥੋਂ ਫਰਾਰ ਹੋ ਗਏ।
ਦੋਸਤਾਂ ਨੇ ਵੀ ਕੰਸ ਮਾਮੇ ਦਾ ਦਿੱਤਾ ਸਾਥ
ਥਾਣਾ ਲਾਲੜੂ ਦੇ ਇੰਚਾਰਜ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਣਬੀਰ ਸਿੰਘ ਨੇ ਬਿਆਨ ਦਰਜ਼ ਕਰਵਾਏ ਹਨ ਕਿ ਉਸ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ। 22 ਜੁਲਾਈ ਨੂੰ ਸਵੇਰੇ 11 ਵਜੇ ਦੇ ਕਰੀਬ ਉਸ ਦੇ ਲੜਕੇ ਬਿੱਟੂ ਨੇ ਫੋਨ ‘ਤੇ ਦੱਸਿਆ ਕਿ ਉਹ ਆਪਣੇ ਤਿੰਨ ਦੋਸਤਾਂ ਸੁਨੀਲ, ਨਵੀਨ ਉਰਫ ਛਬੀਲਾ, ਨਵੀਨ ਉਰਫ ਮਾਨੀਆ ਨਾਲ ਆਪਣੇ ਮਾਮਾ ਸੁਭਾਸ਼ ਦੀ ਕਾਰ ‘ਚ ਚੰਡੀਗੜ੍ਹ ਜਾ ਰਿਹਾ ਸੀ। 23 ਜੁਲਾਈ ਨੂੰ ਸਵੇਰੇ 4 ਵਜੇ ਦੇ ਕਰੀਬ ਉਸ ਦੇ ਭਤੀਜੇ ਵਿਜੇ ਨੇ ਫੋਨ ‘ਤੇ ਦੱਸਿਆ ਕਿ ਬਿੱਟੂ ਦੇ ਮਾਮੇ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਸਰਸੀਣੀ ‘ਚ ਚੰਡੀਗੜ੍ਹ ਢਾਬੇ ਨੇੜੇ ਬਿੱਟੂ ਦਾ ਕਤਲ ਕਰ ਦਿੱਤਾ ਹੈ। ਬਿੱਟੂ ਦੀ ਲਾਸ਼ ਅੰਬਾਲਾ ਛਾਉਣੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਕੇ ਚਾਰੇ ਮੁਲਜ਼ਮ ਫਰਾਰ ਹੋ ਗਏ।
ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ। ਇੱਥੋਂ ਅਦਾਲਤ ਨੇ ਚਾਰਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਨੇ ਲਾਸ਼ ਅੰਬਾਲਾ ਤੋਂ ਲਿਆਂਦੀ, ਡੇਰਾਬੱਸੀ ਦੇ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।