ਚੰਡੀਗੜ੍ਹ, 22 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਰਾਜ ਵਿਚੋਂ ਬਾਲ ਮਜ਼ਦੂਰੀ ਦੀ ਅਲਾਮਤ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਸੂਬੇ ਭਰ ਵਿਚ 11 ਜੂਨ 2024 ਤੋਂ ਮਿਤੀ 21 ਜੂਨ 2024 ਤੱਕ ਕਿਰਤ ਵਿਭਾਗ ਵੱਲੋਂ ਬਾਲ ਮਜਦੂਰੀ ਖਾਤਮਾ ਸਪਤਾਹ ਦੋਰਾਨ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਕੁਲ 155 ਬਾਲ/ਕਿਸ਼ੋਰ ਮਜ਼ਦੂਰਾਂ ਨੂੰ ਮੁਕਤ ਕਰਵਾਇਆ ਗਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਮਜ਼ਦੂਰੀ ਖਾਤਮਾ ਸਪਤਾਹ ਦੀ ਮੁਹਿਮ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਜ਼ ਦੀ ਪ੍ਰਧਾਨਗੀ ਹੇਠ ਜ਼ਿਲਾ ਪੱਧਰੀ ਟੀਮਾਂ ਬਣਾਈਆਂ ਗਈਆਂ ਜਿਸ ਵਿਚ ਕਿਰਤ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਮੈਂਬਰ ਬਣਾਇਆ ਗਿਆ।
ਇਨ੍ਹਾਂ ਟੀਮਾਂ ਵਲੋਂ ਵੱਖ ਵੱਖ ਕੰਮਕਾਜੀ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਲੁਧਿਆਣਾ ਵਿੱਚ 99 , ਬਠਿੰਡਾ ਵਿੱਚ 4, ਜਲੰਧਰ ਵਿੱਚ 3, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 1, ਸ਼ਹੀਦ ਭਗਤ ਸਿੰਘ ਨਗਰ ਵਿੱਚ 3, ਫਾਜਿਲਕਾ ਵਿੱਚ 2, ਸੰਗਰੂਰ ਵਿੱਚ 1, ਸ੍ਰੀ ਮੁਕਤਸਰ ਸਾਹਿਬ ਵਿੱਚ 4, ਫਿਰੋਜਪੁਰ ਵਿੱਚ 1, ਰੂਪਨਗਰ ਵਿੱਚ 2 ਬਾਲ ਮਜ਼ਦੂਰ ਮੁਕਤ ਕਰਵਾਏ ਗਏ।
ਇਸੇ ਤਰ੍ਹਾਂ ਪਟਿਆਲਾ ਵਿੱਚ 30, ਪਠਾਨਕੋਟ ਵਿੱਚ 3, ਗੁਰਦਾਸਪੁਰ ਵਿੱਚ 1, ਬਟਾਲਾ ਵਿੱਚ 5 ਅਤੇ ਹੁਸ਼ਿਆਰਪੁਰ ਵਿੱਚ 1 ਬਾਲ ਮਜ਼ਦੂਰ ਨੂੰ ਮੁਕਤ ਕਰਵਾਇਆ ਗਿਆ।
ਕਿਰਤ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਬਾਲ ਮਜ਼ਦੂਰੀ ਦੇ ਖਾਤਮੇ ਲਈ ਮੁਹਿੰਮ ਜਾਰੀ ਰਹੇਗੀ।