ਓਪਰੇਸ਼ਨ ਈਗਲ ਦੇ ਤਹਿਤ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੇ ਸੰਵੇਦਨਸ਼ੀਲ ਥਾਂਵਾਂ ਤੇ ਘਰਾਂ ਦੀ ਕੀਤੀ ਚੈਕਿੰਗ
ਨਸ਼ੇ ਦਾ ਖਾਤਮਾ ਕਰਨਾ ਪੰਜਾਬ ਪੁਲਿਸ ਦਾ ਦ੍ਰਿੜ ਸੰਕਲਪ – ਅਰਪਿਤ ਸ਼ੁਕਲਾ
ਸੀਨੀਅਰ ਪੁਲੀਸ ਕਪਤਾਨ ਨੇ ਨਸ਼ੇ ਖ਼ਿਲਾਫ਼ ਹੁਣ ਤੱਕ ਕੀਤੀ ਗਈ ਕਾਰਵਾਈ ਕੀਤੀ ਸਾਂਝੀ
ਰੂਪਨਗਰ, 21 ਜੂਨ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਪੁੱਟਣ ਲਈ ਅੱਜ ਪੰਜਾਬ ਭਰ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਓਪਰੇਸ਼ਨ ਈਗਲ-4” ਦੇ ਤਹਿਤ ਅੱਜ ਜ਼ਿਲ੍ਹਾ ਰੂਪਨਗਰ ਵਿਖੇ ਸਪੈਸ਼ਲ ਡਾਇਰੈਕਟਰ ਜਨਰਲ ਪੁਲੀਸ, ਲਾਅ ਐਂਡ ਆਰਡਰ ਪੰਜਾਬ ਸ਼੍ਰੀ ਅਰਪਿਤ ਸ਼ੁਕਲਾ ਤੇ ਸੀਨੀਅਰ ਪੁਲੀਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਸੰਵੇਦਨਸ਼ੀਲ ਥਾਂਵਾਂ ਤੇ ਘਰਾਂ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਪੁਲੀਸ, ਲਾਅ ਐਂਡ ਆਰਡਰ ਪੰਜਾਬ ਸ਼੍ਰੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲੀਸ ਦਾ ਇਹ ਦ੍ਰਿੜ੍ਹ ਸੰਕਲਪ ਹੈ ਕਿ ਸੂਬੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇ, ਜਦੋਂ ਤੱਕ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ, ਸੂਬੇ ਵਿੱਚ ਨਸ਼ੇ ਖ਼ਿਲਾਫ਼ ਮੁਹਿੰਮ ਇਸੇ ਤਰ੍ਹਾਂ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਛਾਪੇਮਾਰੀਆਂ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਦਿਆਂ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ।
ਸ਼੍ਰੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਇਹ ਰਣਨੀਤੀ ਹੈ ਕਿ ਪਹਿਲਾ ਨਸ਼ਾ ਸਮੱਗਲਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਦੂਜਾ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇ ਤੇ ਪੰਜਾਬ ਪੁਲੀਸ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਨਸ਼ਾ ਸਮੱਗਲਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ ਅਤੇ ਤੀਜਾ ਨਸ਼ੇ ਦੇ ਦਲਦਲ ਵਿੱਚ ਫ਼ਸ ਚੁੱਕੇ ਨੌਜ਼ਵਾਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਉਹ ਇਸ ਨਰਕ ਭਰੀ ਜ਼ਿੰਦਗੀ ਨੂੰ ਛੱਡ ਕੇ ਇੱਕ ਆਮ ਜ਼ਿੰਦਗੀ ਬਤੀਤ ਕਰ ਸਕਣ।
“ਓਪਰੇਸ਼ਨ ਈਗਲ-4” ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਪੁਲੀਸ, ਲਾਅ ਐਂਡ ਆਰਡਰ ਪੰਜਾਬ ਨੇ ਦੱਸਿਆ ਕਿ ਪੂਰੇ ਸੂਬੇ ਵਿਚ ਅੱਜ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਸੂਬੇ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਘੇਰਾਬੰਦੀ ਕਰਦੇ ਹੋਏ ਨਸ਼ਾ ਸਮੱਗਲਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੁੱਝ ਵੀ ਬਰਾਮਦਗੀ ਹੋਣ ਤੇ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਪੁਲੀਸ ਨੇ ਵੱਡੀਆਂ ਮੱਛੀਆਂ ( ਵੱਡੇ ਨਸ਼ਾ ਸਮੱਗਲਰ) ਖਿਲਾਫ ਕਾਰਵਾਈ ਆਰੰਭੀ ਹੋਈ ਹੈ, ਜਿਸਦੇ ਤਹਿਤ 356 ਨਸ਼ਾ ਸਮੱਗਲਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਤੇ ਉਨ੍ਹਾਂ ਦੀਆਂ ਲਗਭਗ 250 ਕਰੋੜ ਦੀਆਂ ਨਜ਼ਾਇਜ ਬਣਾਈਆਂ ਗਈਆਂ ਪ੍ਰਾਪਟੀਆਂ ਵੀ ਜ਼ਬਤ ਕੀਤੀਆ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਪੁਲੀਸ ਐਕਸ਼ਨ ਮੋਡ ਵਿੱਚ ਹੈ ਤੇ ਜਿੱਥੇ ਪਹਿਲਾ ਸਿਰਫ 200-250 ਕਿਲੋ ਹੈਰੋਇਨ ਦੀ ਬਰਾਮਦਗੀ ਹੁੰਦੀ ਸੀ, ਹੁਣ ਉਹ ਲਗਭਗ 1350 ਕਿਲੋਂ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲਗਾਤਰ ਪੰਜਾਬ ਪੁਲੀਸ ਵੱਲੋਂ ਸਕੂਲਾਂ ਕਾਲਜਾਂ ਤੇ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾ ਕੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਥਾਵਾਂ ਤੇ ਵੀ ਨਸ਼ਿਆਂ ਦਾ ਖਾਤਮਾ ਕਰਨ ਲਈ ਪੰਜਾਬ ਪੁਲੀਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਥਾਵਾਂ ਤੇ ਜਾ ਕੇ ਮੋਹਤਬਰ ਵਿਆਕਤੀਆਂ ਨਾਲ ਗੱਲਬਾਤ ਕਰਦੇ ਹੋਏ ਉਸ ਸਥਾਨ ਤੋਂ ਨਸ਼ੇ ਦਾ ਜੜ੍ਹੋਂ ਖਾਤਮਾ ਕਰਨ ਲਈ ਕੰਮ ਕਰਨ।
ਸੀਨੀਅਰ ਪੁਲੀਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਵਿੱਚ 10 ਸੰਵੇਦਨਸ਼ੀਲ ਥਾਵਾਂ ਤੇ 3 ਪੁਲੀਸ ਕਪਤਾਨ, 8 ਉਪ-ਕਪਤਾਨ ਪੁਲੀਸ, 10 ਮੁੱਖ ਅਫ਼ਸਰ, 3 ਥਾਣਾ ਇੰਚਾਰਜ, ਸੀ.ਆਈ.ਏ. ਦੀ ਟੀਮ ਤੋਂ ਇਲਾਵਾ ਕਰੀਬ 250 ਪੁਲੀਸ ਮੁਲਾਜ਼ਮ ਇਸ ਓਪਰੇਸ਼ਨ ਵਿੱਚਹਿੱਸਾ ਲੈ ਰਹੇ ਹਨ।
ਸ. ਗੁਲਨੀਤ ਸਿੰਘ ਖੁਰਾਣਾ ਨੇ ਇਸ ਸਾਲ ਕੀਤੇ ਗਏ 8 ਕਾਸੋਂ ਓਪਰੇਸ਼ਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਵਿੱਚ 10 ਗ੍ਰਾਮ ਹੈਰੋਇਨ, 130 ਗ੍ਰਾਮ ਨਸ਼ੀਲਾ ਪਾਊਡਰ, 10 ਇੰਜੈਕਸ਼ਨ, 600 ਲੀਟਰ ਲਾਹਣ ਤੇ 25 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। 1 ਜਨਵਰੀ 2024 ਤੋਂ 19 ਜੂਨ ਤੱਕ ਦੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 52 ਮੁਕੱਦਮੇ ਐਨ.ਡੀ.ਪੀ.ਐਸ. ਤਹਿਤ ਦਰਜ ਕੀਤੇ ਹਨ ਤੇ 80 ਵਿਆਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਕੋਲੋਂ 1 ਕਿਲੋ 20 ਗ੍ਰਾਮ ਅਫੀਮ, 23 ਕਿਲੋ 500 ਗ੍ਰਾਮ ਭੁੱਕੀ, 32 ਗ੍ਰਾਮ 500 ਮਿਲੀਗ੍ਰਾਮ ਹੈਰੋਇਨ, 624 ਨਸ਼ੀਲੀਆਂ ਗੋਲੀਆਂ, 1 ਕਿਲੋ 550 ਗ੍ਰਾਮ 600 ਮਿਲੀਗ੍ਰਾਮ ਨਸ਼ੀਲਾ ਪਾਊਡਰ, 68 ਕਿਲੋ 340 ਗ੍ਰਾਮ ਗਾਂਜਾ, 1 ਕਿਲੋ 400 ਗ੍ਰਾਮ ਚਰਸ, 38 ਇੰਜੈਕਸ਼ਨ ਅਤੇ 5550 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨਸ਼ੇ ਦਾ ਵਾਰ-ਵਾਰ ਜੁਰਮ ਕਰਨ ਵਾਲੇ ਵਿਅਕਤੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਚੱਲ ਅਤੇ ਅਚੱਲ ਜਾਇਦਾਦ ਵੈਰੀਫਾਈ ਕਰਵਾਈ ਗਈ ਹੈ ਅਤੇ ਸਿਮਰਨਜੀਤ ਸਿੰਘ ਉਰਫ ਸਿਮਰਾ ਵਾਸੀ ਪਿੰਡ ਕਲਾਰਾ ਥਾਣਾ ਸਦਰ ਮੋਰਿੰਡਾ ਦੀ ਚੱਲ-ਅਚੱਲ ਜਾਇਦਾਦ (ਕੀਮਤ 28,0,5000 ਰੁਪਏ) ਅਧੀਨ ਧਾਰਾ 68 ਐਫ ਐਨ.ਡੀ.ਪੀ.ਐਸ ਤਹਿਤ ਜਬਤ ਕਰਵਾਈ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਪ੍ਰਪੋਜਲ ਤਿਆਰ ਕਰਕੇ ਕੰਮਪੀਟੈਟ ਅਥਾਰਟੀ ਨੂੰ ਭੇਜੀਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਐਨ.ਡੀ.ਪੀ.ਐਸ ਐਕਟ ਦੇ ਪੀਓਜ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 5 ਭਗੌੜੇ ਗ੍ਰਿਫਤਾਰ ਕੀਤੇ ਗਏ ਹਨ।
ਇਸ ਮੌਕੇ ਐਸ.ਪੀ. ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ. ਹਰਪਿੰਦਰ ਕੌਰ ਅਤੇ ਪੁਲੀਸ ਮੁਲਾਜ਼ਮ ਵੱਡੀ ਗਿਣਤੀ ਵਿੱਚ ਹਾਜ਼ਰ ਸਨ।