ਚੰਡੀਗੜ 21 ਜੂਨ (ਖ਼ਬਰ ਖਾਸ ਬਿਊਰੋ)
ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਧੜੇਬੰਦੀ ਨੂੰ ਖ਼ਤਮ ਕਰਨ ਲਈ ਲੋਕ ਰਾਜ ਪੰਜਾਬ ਨੇ ਮਿਸ਼ਨ ਲੋਕ ਏਕਤਾ ਸ਼ੁਰੂ ਕੀਤਾ ਹੈ। ਇਸ ਮਿਸ਼ਨ ਤਹਿਤ ਪਿੰਡਾਂ ਵਿਚ ਲੋਕਾਂ ਨੂੰ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਕੀਤੀ ਹੈ। ਲੋਕ ਰਾਜ ਪੰਜਾਬ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਸਿਆਸਤਦਾਨਾਂ ਨੇ ਆਪਣੇ ਨਿੱਜੀ ਹਿੱਤਾਂ ਲਈ, ਗਰਾਂਟਾ ਦੇਣ ਦੇ ਨਾਮ ਉਤੇ ਪਿੰਡਾਂ ਵਿਚ ਧੜੇਬੰਦੀ ਪੈਦਾ ਕਰ ਦਿੱਤੀ। ਜਿਸਦਾ ਸਿੱਟਾ ਇਹ ਨਿਕਲਿਆ ਕਿ ਪਿੰਡਾਂ ਵਿਚ ਆਪਸੀ ਪਿਆਰ, ਸਮਾਜਿਕ ਸਾਂਝ ਖ਼ਤਮ ਹੋ ਗਈ ਅਤੇ ਕਤਲ ਵਰਗੀਆਂ ਅਨੈਤਿਕ ਘਟਨਾਵਾਂ ਵਾਪਰ ਰਹੀਆ ਹਨ।
ਪੰਜਾਬ ਸਰਕਾਰ ਦੇ ਸਾਬਕਾ ਆਈ.ਏ.ਐੱਸ ਅਧਿਕਾਰੀ ਸਵਰਨ ਸਿੰਘ ਬੋਪਾਰਾਏ, ਸਾਬਕਾ ਸਿਵਲ ਸਰਜਨ ਡਾ ਮਨਜੀਤ ਸਿੰਘ ਰੰਧਾਵਾ ਨੇ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਖਾਸਕਰਕੇ ਨੌਜਵਾਨਾਂ ਨੂੰ ਨਸਲਾਂ,ਫਸਲਾਂ ਤੇ ਪੰਜਾਬ ਬਚਾਓਣ ਲਈ ਪਿੰਡਾਂ ਵਿਚ ਸਰਬ ਸੰਮਤੀ ਨਾਲ ਪੰਚਾਇਤਾਂ ਬਣਾਉਣ ਲਈ ਅੱਗੇ ਆਉਣਾ ਪਵੇਗਾ।
ਰੰਧਾਵਾਂ ਨੇ ਪਿੰਡ ਵਾਸੀਆ ਨੂੰ ਅਪੀਲ ਕਰਦਿਆ ਕਿਹਾ ਕਿ ਰਾਜਸੀ ਪਾਰਟੀਆਂ ਨੇ ਪਿੰਡਾਂ ਵਿਚ ਗਰਾਂਟਾ ਦੇਣ ਦੇ ਨਾਮ ’ਤੇ ਧੜੇਬੰਦੀ ਪੈਦਾ ਕੀਤੀ ਹੈ। ਰਾਜਸੀ ਆਗੂ ਲੋਕਾਂ ਦੇ ਰਾਹ ਦਸੇਰਾ ਨਹੀਂ ਬਣ ਸਕੇ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਦੋ ਔਰਤਾਂ ਤੇ ਦੋ ਉਦਮੀ ਨੌਜਵਾਨਾਂ ਨੂੰ ਜਰੂਰ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸ੍ਰੀ ਖਡੂਰ ਸਾਹਿਬ ਤੇ ਫਰੀਦਕੋਟ ਦੇ ਨਤੀਜ਼ਿਆ ਨੇ ਸਿਆਸੀ ਪਾਰਟੀਆਂ ਨੂੰ ਰੱਦ ਕਰਕੇ ਦੱਸ ਦਿੱਤਾ ਹੈ ਕਿ ਲੋਕ ਹੁਣ ਆਪ ਮੁਹਾਰੇ ਚੱਲਣ ਲੱਗੇ ਹਨ।
ਡਾ ਰੰਧਾਵਾਂ ਨੇ ਕਿਹਾ ਕਿ ਪਿੰਡਾਂ ਦੀ ਸੱਥ, ਗ੍ਰਾਮ ਸਭਾਵਾਂ ਵਿਚ ਸੰਗਤ ਵਲੋਂ ਆਪਣੇ ਨੁਮਾਇੰਦੇ ਚੁਣਨੇ ਚਾਹੀਦੇ ਹਨ। ਜੇਕਰ ਕੋਈ ਸਰਬਸੰਮਤੀ ਨੂੰ ਨਹੀ ਮੰਨਦਾ ਤਾਂ ਪਿੰਡ ਵਾਲੇ ਇਕੱਠੇ ਹੋ ਕੇ ਇਕ ਪਾਸੜ ਰਿਜਲਟ ਦੇਣ। ਇਸ ਤਰ੍ਹਾਂ ਭਵਿੱਖ ਵਿਚ ਸਾਰੇ ਸਰਬਸੰਮਤੀ ਨੂੰ ਪਹਿਲ ਦੇਣਗੇ। ਰੰਧਾਵਾਂ ਨੇ ਕਿਹਾ ਕਿ ਪੰਚਾਇਤ ਲੋਕਤੰਤਰ ਦੀ ਮੁੱਢਲੀ ਇਕਾਈ ਹੈ, ਪਰ ਪਿਛਲੇ ਕਈ ਸਾਲਾਂ ਦੌਰਾਨ ਪਿੰਡ ਵਾਸੀਆਂ ਵਿਚ ਕੁੜਤਣ ਅਤੇ ਧੜੇਬੰਦੀ ਪੈਦਾ ਕੀਤੀ ਗਈ ਹੈ। ਜਿਸ ਕਰਕੇ ਬੇਲੋੜੇ ਝਗੜੇ, ਮੁਕੱਦਮੇਬਾਜ਼ੀ, ਕਤਲ ਤੱਕ ਦੀਆਂ ਅਨੈਤਿਕ ਗਤੀਵਿਧੀਆਂ ਪੈਦਾ ਹੁੰਦੀਆਂ ਹਨ।
ਉਨਾਂ ਕਿਹਾ ਕਿ ਪੁਰਾਤਨ ਸਮੇਂ ਮਹਾਰਾਜਾ ਵਿਕਰਮਦਿੱਤਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਾਸ਼ਨ ਤੱਕ ਪੰਚਾਇਤਾਂ ਚੰਗੇ ਸਾਸ਼ਨ ਅਤੇ ਜਨਤਕ ਵਿਵਸਥਾ ਦੀ ਰੀੜ ਦੀ ਹੱਡੀ ਸਨ। ਇਸ ਮੌਕੇ ਸਾਬਕਾ ਡੀ.ਆਈ.ਜੀ ਰਣਬੀਰ ਸਿੰਘ ਖਟੜਾ, ਕਰਨਲ ਬੀ.ਐੱਸ ਰੰਗੀ, ਜਸਜੀਤ ਸਿੰਘ ਵਾਤਾਵਰਨ ਪ੍ਰੇਮੀ, ਹਰਿੰਦਰ ਸਿੰਘ ਬਰਾੜ, ਗੁਰਸਿਮਰਤ ਸਿੰਘ ਰੰਧਾਵਾਂ ਤੇ ਹੋਰ ਹਾਜ਼ਰ ਸਨ।