-ਲੋਕ ਸਭਾ ਚੋਣਾਂ ਵਿਚ ਹਾਰ ਤੋਂ ਨਾ ਸਿੱਖਿਆ ਸਬਕ
ਚੰਡੀਗੜ, 20 ਜੂਨ (ਖ਼ਬਰ ਖਾਸ ਬਿਊਰੋ)
ਐੱਸਸੀ / ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਕ ਵਾਰ ਫਿਰ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਸਰਕਾਰ ਨੇ ਹਾਲ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜ਼ਿਆ ਤੋਂ ਕੋਈ ਸਬਕ ਨਹੀਂ ਸਿੱਖਿਆ।
ਸਲਾਣਾਂ ਨੇ ਇਕ ਬਿਆਨ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਦਲਿਤ ਸਮਾਜ ਨਾਲ ਵਾਰ – ਵਾਰ ਕੀਤੇ ਧੋਖੇ , ਝੂਠ ਅਤੇ ਬੇਇੱਜਤੀ ਦੀ ਸਮਾਜ ਵੱਲੋਂ ਚੋਣਾਂ ਵਿੱਚ ਸਜ਼ਾ ਦਿੰਦਿਆਂ ਸਬਕ ਸਿਖਾਇਆ ਗਿਆ ਹੈ ਪਰ ਲਗਦਾ ਸਰਕਾਰ ਨੇ ਚੰਗੀ ਤਰ੍ਹਾਂ ਸਬਕ ਨਹੀਂ ਲਿਆ। ਉਨਾਂ ਕਿਹਾ ਕਿ ਪਹਿਲਾ ਲਾਅ ਅਫਸਰਾਂ ਦੀ ਭਰਤੀ ਵੇਲੇ ਸਮੁੱਚੇ ਸਮਾਜ ਨੂੰ ਨਲਾਇਕ ਕਹਿਣਾ, ਫਿਰ ਲਾਅ ਅਫ਼ਸਰਾਂ ਨੂੰ ਅਜੇ ਤੱਕ ਤਨਖਾਹ ਨਾ ਦੇਣਾ, 85 ਵੀਂ ਸੋਧ ਲਾਗੂ ਨਾ ਕਰਨਾ, ਬੈਕਲਾਗ ਪੂਰਾ ਨਾ ਕਰਨਾ,ਧੱਕੇ ਦਲਿਤਾਂ ਨਾਲ਼ ਪਰ ਕਮਿਸਨ ਜਨਰਲ ਦਾ ਬਣਾਉਣਾ, ਐਸਸੀ ਕਮਿਸਨ ਦੇ ਮੈਬਰਾਂ ਦੀ ਗਿਣਤੀ ਘਟਾ ਕੇ ਕਮਜੋਰ ਕਰਨਾ, ਅਤੇ ਢਾਈ ਸਾਲ ਦਾ ਵਕਫ਼ਾ ਬੀਤ ਜਾਣ ਦੇ ਬਾਵਜੂਦ ਐਸ.ਸੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਨਾ ਕਰਨ ਦੇ ਰੋਸ ਵਜੋਂ ਸਮਾਜ ਵੱਲੋਂ ਸਰਕਾਰ ਨੂੰ ਸਿਰਫ 3 ਸੀਟਾਂ ਤੇ ਸੀਮਤ ਕਰ ਕੇ ਸੀਸਾ ਵਿਖਾਇਆ ਗਿਆ ਪਰ ਲਗਦਾ ਅਜੇ ਵੀ ਸਰਕਾਰ ਨੇ ਅਪਣਾ ਦਲਿਤ ਵਿਰੋਧੀ ਚਿਹਰਾ ਨਹੀਂ ਬਦਲਿਆ।
ਤਾਜਾ ਮਿਸਾਲ ਸਰਕਾਰ ਵੱਲੋਂ 25 ਜੂਨ ਨੂੰ ਸਿਖਿਆ ਵਿਭਾਗ ਵਿੱਚ ਗਰੁੱਪ A ਦੇ ਸਰਵਿਸ ਰੂਲਾਂ ਵਿੱਚ ਸੋਧ ਸਬੰਧੀ ਬਲਾਈ ਮੀਟਿੰਗ ਹੈ। ਜਿਸ ਵਿਚ ਸਿਰਫ ਜਨਰਲ ਕੈਟਗਰੀ ਦੇ ਆਗੂ, ਜਥੇਬੰਦੀ ਨੂੰ ਤਾਂ ਬੁਲਾਇਆ ਗਿਆ ਹੈ ਪਰ ਸਿਖਿਆ ਵਿਭਾਗ ਵਿੱਚ 1978 ਤੋਂ ਐਸ. ਸੀ. ਬੀ. ਸੀ. ਵਰਗ ਦੇ ਹਿੱਤਾਂ ਦੀ ਰਾਖੀ ਲਈ ਸਥਾਪਤ ਇੱਕੋ ਇੱਕ ਜਥੇਬੰਦੀ ਐਸਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਜਾਂ ਹੋਰ ਕਿਸੇ ਵੀ ਦਲਿਤ ਜਥੇਬੰਦੀ ਨੂੰ ਨਹੀਂ ਬੁਲਾਇਆ ਗਿਆ ਜਦੋਂ ਕਿ ਜਥੇਬੰਦੀ ਗਰੁੱਪ A ਤੋਂ ਲੈ ਕੇ ਹਰ ਵਰਗ ਦੀ ਨੁਮਾਇੰਦਗੀ ਕਰਦੀ ਹੈ।
ਸਲਾਣਾ ਨੇ ਸਰਕਾਰ ਨੂੰ ਸਪੱਸਟ ਚਿਤਾਵਨੀ ਹੈ ਕਿ ਜੇਕਰ ਉਸ ਨੇ ਆਪਣਾਂ ਵਤੀਰਾ ਨਾ ਬਦਲਿਆ ਅਤੇ ਜਥੇਬੰਦੀ ਦੀ ਅਜਿਹੇ ਮਸਲਿਆ ਤੇ ਰਾਏ ਨਹੀਂ ਲਈ ਜਾਂਦੀ ਤਾਂ ਸਮੁੱਚੇ ਸਮਾਜ ਨੂੰ ਇਕੱਠਾ ਕਰਦਿਆਂ ਲਗਾਤਾਰ ਤਿੱਖਾ ਸੰਘਰਸ ਅਰੰਭਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਸਬਕ ਵੀ ਸਿਖਾਇਆ ਜਾਵੇਗਾ ਜਿਸ ਦੀ ਜਿਮੇਵਾਰ ਪੰਜਾਬ ਸਰਕਾਰ ਅਤੇ ਉਸ ਦੇ ਅਜਿਹੇ ਦਲਿਤ ਵਿਰੋਧੀ ਉੱਚ ਅਧਿਕਾਰੀ ਹੋਣਗੇ ਜੋ ਸਮਾਜ ਨੂੰ ਲਗਾਤਾਰ ਅਣਦੇਖਾ ਕਰ ਰਹੇ ਹਨ।