ਕਈ ਵਿਹਲੇ ਤੇ ਕਈਆਂ ਕੋਲ ਵਾਧੂ ਕਾਰਜ਼ ਭਾਰ
ਚੰਡੀਗੜ 20 ਜੂਨ (ਖ਼ਬਰ ਖਾਸ ਬਿਊਰੋ)
ਲੋਕਾਂ ਅਤੇ ਸਰਕਾਰ ਦਰਮਿਆਨ ਪੁੱਲ ਦਾ ਕੰਮ ਕਰਨ ਵਾਲੇ ਮਹੱਤਵਪੂਰਨ ਵਿਭਾਗ ਸੂਚਨਾਂ ਤੇ ਲੋਕ ਸੰਪਰਕ ਵਿਭਾਗ ਵਿਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਅੰਦਰੋ ਅੰਦਰ ਧੁਖ਼ ਰਹੀ ਅੱਗ ਦਾ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ।
ਵਿਭਾਗ ਦੇ ਸਕੱਤਰ ਨੇ ਅੱਜ ਹੁਕਮ ਜਾਰੀ ਕਰਕੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਦੀਆਂ ਸ਼ਕਤੀਆਂ ਘਟਾ ਦਿੱਤੀਆਂ ਹਨ। ਗਰੇਵਾਲ ਪਹਿਲਾਂ ਡਿਪਟੀ ਡ਼ਾਇਰੈਕਟਰ (ਪ੍ਰੈ੍ਸ) ਸਨ, ਹੁਣ ਉਹਨਾਂ ਨੂੰ ਪ੍ਰੋਡਕਸ਼ਨ, ਕਲਿਪਿੰਗ ਅਤੇ ਫੋਟੋਸਟੇਟ ਸ਼ਾਖਾ ਦਾ ਕੰਮ ਦਿੱਤਾ ਗਿਆ ਹੈ। ਵਿਭਾਗ ਵਿਚ ਇਹਨਾਂ ਸ਼ਾਖਾਵਾਂ ਨੂੰ ਖੁੱਡੇ ਲਾਈਨ ਵਾਲੀਆਂ ਬ੍ਰਾਂਚਾ ਸਮਝਿਆ ਜਾਂਦਾ ਹੈ। ਇਸ਼ਵਿੰਦਰ ਗਰੇਵਾਲ ਵਿਭਾਗ ਅਤੇ ਸਕੱਤਰੇਤ ਦੇ ਗਲਿਆਰਿਆ ਵਿਚ ਇਕ ਇਮਾਨਦਾਰ ਅਫ਼ਸਰ ਵਜੋਂ ਜਾਣਿਆ ਜਾਂਦਾ ਹੈ।
ਹਰਜੀਤ ਸਿੰਘ ਗਰੇਵਾਲ ਹੋਏ ਹੋਰ ਮਜ਼ਬੂਤ—
ਜਾਰੀ ਹੁਕਮ ਅਨੁਸਾਰ ਜੁਆਇੰਟ ਡਾਇਰੈਕਟ ਹਰਜੀਤ ਸਿੰਘ ਗਰੇਵਾਲ ਹੁਣ ਪ੍ਰੈ੍ਸ ਸੈਕਸ਼ਨ ਦਾ ਕੰਮ ਦੇਖਣਗੇ। ਹਰਜੀਤ ਗਰੇਵਾਲ ਕੋਲ ਇਕ ਦਰਜ਼ਨ ਦੇ ਕਰੀਬ ਸਾਖਾਵਾਂ ਦਾ ਕਾਰਜਭਾਰ ਹੈ। ਹੁਕਮਾਂ ਅਨੁਸਾਰ ਹਰਜੀਤ ਗਰੇਵਾਲ ਫੀਲਡ, ਪਨਮੀਡੀਆ ਸੁਸਾਇਟੀ, ਪ੍ਰੈ੍ਸ ਸੈਕਸ਼ਨ, ਫੋਟੋ ਸੈਕਸ਼ਨ, ਪੀ.ਐੱਫ.ਏ, ਟੈਕਨੀਕਲ ਬ੍ਰਾਂਚ, ਤਿੰਨ ਸੋਸ਼ਲ ਮੀਡੀਆ ਏਜੰਸੀਆਂ ਦਾ ਕਾਰਜ ਦੇਖਣਗੇ।
ਮਨਵਿੰਦਰ ਸਿੰਘ ਡਿਪਟੀ ਡਾਇਰੈਕਟਰ ਇਲੈਕਟ੍ਰੋਨਿਕਸ ਮੀਡੀਆ, ਸੋਸ਼ਲ ਮੀਡੀਆ, ਵੈਬ ਚੈਨਲ ਅਤੇ ਮੁੱਖ ਮੰਤਰੀ ਦਫ਼ਤਰ ਦਾ ਕੰਮ ਦੇਖਣਗੇ। ਗੁਰਮੀਤ ਸਿੰਘ ਖਹਿਰਾ ਡਿਪਟੀ ਡਾਇਰੈਕਟਰ ਸਟੋਰ ਅਤੇ ਮੈਗਜ਼ੀਨ ਦਾ ਕੰਮ ਦੇਖਣਗੇ।
ਹਾਲਾਂਕਿ ਕਿਸੇ ਵੀ ਵਿਭਾਗ ਵਿਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਹੋਣਾ ਜਾਂ ਕਿਸੇ ਬ੍ਰਾਂਚ ਦਾ ਕੰਮ ਦੇਣਾ ਸਰਵਿਸ ਨਿਯਮਾਂ ਦਾ ਹਿੱਸਾ ਹੈ, ਪਰ ਜਦੋਂ ਸੀਨੀਅਰ ਨੂੰ ਅਣਦੇਖਾ ਕਰਕੇ ਕਿਸੇ ਜੂਨੀਅਰ ਜਾਂ ਕਿਸੇ ਬਰਾਬਰ ਦੇ ਅਧਿਕਾਰੀ ਨੂੰ ਵੱਧ ਸ਼ਕਤੀਆਂ ਦਿੱਤੀਆਂ ਜਾਂਦੀਆ ਹਨ ਤਾਂ ਕਈ ਤਰਾਂ ਦੀਆਂ ਅਟਕਲਾਂ ਜਨਮ ਲੈਂਦੀਆਂ ਹਨ। ਵਿਭਾਗ ਅਤੇ ਸਕੱਤਰੇਤ ਦੇ ਗਲਿਆਰਿਆ ਵਿਚ ਕਈ ਤਰਾਂ ਦੀਆਂ ਅਟਕਲਾਂ ਦਾ ਬਜ਼ਾਰ ਗਰਮ ਹੈ। ਵਿਭਾਗੀ ਤਰੱਕੀਆ, ਮੋਬਾਇਲ ਫੋਨ ਸਮੇਤ ਕਈ ਤਰਾਂ ਦੇ ਕਿੱਸੇ ਸਕੱਤਰੇਤ ਦੀਆਂ ਮੰਜ਼ਲਾਂ ਵਿਚ ਕੰਨੀਂ ਪੈਂਦੇ ਹਨ।ਚਰਚਾ ਹੈ ਕਿ ਕਈ ਹੋਰ ਸੀਨੀਅਰ ਅਧਿਕਾਰੀਆਂ ਕੋਲ ਵੀ ਕੋਈ ਖਾਸ ਕੰਮ ਨਹੀਂ ਦਿੱਤਾ ਹੋਇਆ।