ਸ੍ਰੀ ਆਨੰਦਪੁਰ ਸਾਹਿਬ, 19 ਜੂਨ (ਖ਼ਬਰ ਖਾਸ ਬਿਊਰੋ)
ਲੋਕ ਸਭਾ ਚੋਣਾਂ ‘ਚ ਗੁਰਦਾਸਪੁਰ ਤੋਂ ਵੱਡੇ ਫ਼ਰਕ ਨਾਲ ਜਿੱਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਅੱਜ ਇੱਥੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਉਹ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਮਿਲੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 27 ਮਹੀਨਿਆਂ ਵਿੱਚ ਹਰ ਫਰੰਟ ’ਤੇ ਫੇਲ੍ਹ ਹੋਈ ਹੈ। 10 ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ। ਭਾਜਪਾ ਮਨੀ, ਮਸਲ, ਮੀਡੀਆ ਤੇ ਈਡੀ ਦੇ ਸਹਾਰੇ ਆਸ ਲਾਈ ਬੈਠੀ ਸੀ ਪਰ ਆਪਣਾ ਖਾਤਾ ਵੀ ਪੰਜਾਬ ਵਿੱਚ ਨਹੀਂ ਖੋਲ੍ਹ ਸਕੀ। ਜ਼ਿਮਨੀ ਚੋਣਾਂ ਦੀ ਤਿਆਰੀ ਬਾਰੇ ਸ੍ਰੀ ਰੰਧਾਵਾ ਨੇ ਕਿਹਾ ਕਾਂਗਰਸ ਤਿਆਰ ਹੈ ਤੇ ਅਸੀਂ ਸਾਰੀਆਂ ਸੀਟਾਂ ਜਿੱਤਣ ਦੇ ਸਮਰਥ ਹੈ। ਇਸ ਮੌਕੇ ਹਲਕਾ ਮਜੀਠਾ ਦੇ ਕਾਂਗਰਸ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਵੀ ਨਾਲ ਸਨ।