ਨਵੀਂ ਦਿੱਲੀ, 16 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ, ਜੋ ਸਾਰੇ ਸਲਾਖਾਂ ਪਿੱਛੇ ਹਨ, ਨੂੰ ਪਾਰਟੀ ਨੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਵਜੋਂ ਨਾਮਜ਼ਦ ਕੀਤਾ ਹੈ।
ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਪਾਰਟੀ ਨੇ ਚੋਣ ਕਮਿਸ਼ਨ ਨੂੰ ਸੌਂਪੇ ਹਨ। ਸੂਚੀ ਵਿੱਚ ਹੋਰ ਪ੍ਰਮੁੱਖ ਨਾਮ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ, ਰਾਘਵ ਚੱਢਾ ਅਤੇ ਸੰਦੀਪ ਪਾਠਕ ਹਨ। ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ ਅਤੇ ਸਵਾਤੀ ਮਾਲੀਵਾਲ ਦੇ ਨਾਂ ਸੂਚੀ ਵਿੱਚੋਂ ਗਾਇਬ ਹਨ। ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ‘ਚੋਂ ‘ਆਪ’ ਇੰਡੀਆ ਗਠਜੋੜ ਤਹਿਤ ਭਰੂਚ ਅਤੇ ਭਾਵਨਗਰ ਸੀਟਾਂ ’ਤੇ ਚੋਣ ਲੜ ਰਹੀ ਹੈ, ਜਦਕਿ ਇਸ ਦੀ ਸਹਿਯੋਗੀ ਕਾਂਗਰਸ ਬਾਕੀ 24 ਸੀਟਾਂ ‘ਤੇ ਚੋਣ ਲੜ ਰਹੀ ਹੈ।