ਮਾਨਸਾ, 18 ਜੂਨ (ਖ਼ਬਰ ਖਾਸ ਬਿਊਰੋ)
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਦੀ ਜੇਲ੍ਹ ਵਿੱਚੋਂ ਵੀਡੀਓ ਵਾਇਰਲ ਕਾਰਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਰਾਜ਼ ਹੋ ਗਏ ਹਨ। ਉਨ੍ਹਾਂ ਕਿਹਾ ਹੈ ਕਿ ਸਰਕਾਰਾਂ ਨੇ ਸੁਰੱਖਿਆ ਦੇ ਕੇ ਪੂਰੀ ਤਰ੍ਹਾਂ ਲਾਰੈਂਸ ਬਿਸ਼ਨੋਈ ਨੂੰ ਸਾਂਭਿਆ ਹੋਇਆ ਹੈ ਤਾਂ ਹੀ ਉਹ ਜੇਲ੍ਹਾਂ ਵਿੱਚ ਬੈਠਾ ਫੋਨਾਂ ’ਤੇ ਧਮਕੀਆ ਦੇ ਰਿਹਾ ਹੈ ਅਤੇ ਆਪਣਾ ਕਾਰੋਬਾਰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਗੈਂਗਸਟਰ ਨੂੰ ਨੱਥ ਨਹੀਂ ਪਾਈ ਅਤੇ ਨਾ ਹੀ ਸਿੱਧੂ ਮੂਸੇਵਾਲਾ ਕਤਲ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਹੈ। ਗੈਂਗਸਟਰ ਦੀ ਇੱਕ ਦਿਨ ਪਹਿਲਾਂ ਗੁਜਰਾਤ ਦੀ ਜੇਲ੍ਹ ਵਿੱਚੋਂ ਪਾਕਿਸਤਾਨ ਦੇ ਕਿਸੇ ਅਤਿਵਾਦੀ ਨਾਲ ਗੱਲਬਾਤ ਕਰਦੇ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਈਦ ਦੀ ਵਧਾਈ ਦਿੰਦਿਆਂ ਅਤਿਵਾਦੀ ਨਾਲ ਪਾਕਿਸਤਾਨ ਅਤੇ ਦੁਬਈ ਵਿੱਚ ਇਹ ਤਿਓਹਾਰ ਮਨਾਏ ਜਾਣ ਦੀ ਗੱਲ ਕਰ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਿਸ਼ਨੋਈ ਦੀ ਟੀਵੀ ਨੂੰ ਇੰਟਰਵਿਊ ਦਿੰਦੇ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨਾਲ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰਾਂ ’ਤੇ ਵੀ ਸਵਾਲ ਉੱਠੇ।