ਨਵੀਂ ਦਿੱਲੀ, 18 ਜੂਨ (ਖ਼ਬਰ ਖਾਸ ਬਿਊਰੋ)
ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ 2024 ਬਾਰੇ ਅੱਜ ਸੁਪਰੀਮ ਕੋਰਟ ‘ਚ ਮੁੜ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੂੰ ਝਾੜ ਪਾਉਂਦਿਆ ਕਿਹਾ, ‘ਜੇ ਕਿਸੇ ਵੱਲੋਂ ਵੀ 0.001 ਫ਼ੀਸਦ ਵੀ ਲਾਪ੍ਰਵਾਹੀ ਹੋਈ ਹੈ ਤਾਂ ਉਸ ਨਾਲ ਪੂਰੀ ਤਰ੍ਹਾਂ ਨਜਿੱਠਿਆ ਜਾਵੇ। ਬੱਚਿਆਂ ਨੇ ਪ੍ਰੀਖਿਆ ਦੀ ਤਿਆਰੀ ਕੀਤੀ ਹੈ ਤੇ ਉਨ੍ਹਾਂ ਦੀ ਮਿਹਨਤ ਨੂੰ ਨਹੀਂ ਭੁੱਲ ਸਕਦੇ। ਸੁਪਰੀਮ ਕੋਰਟ ਇਹ ਗੱਲ ਉਦੋਂ ਕਹੀ ਜਦੋਂ ਉਹ ਸਾਰੇ ਵਿਦਿਆਰਥੀਆਂ ਲਈ ਨੀਟ 2024 ਨੂੰ ਰੱਦ ਕਰਨ ਅਤੇ ਨੀਟ ਦੁਬਾਰਾ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਅਦਾਲਤ ਨੇ ਐੱਨਟੀਏ ਨੂੰ ਕਿਹਾ, ‘ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਹੋਣ ਦੇ ਨਾਤੇ ਤੁਹਾਨੂੰ ਨਿਰਪੱਖ ਹੋਣਾ ਚਾਹੀਦਾ ਹੈ। ਜੇ ਕੋਈ ਗਲਤੀ ਹੋਈ ਹੈ ਤਾਂ ਗਲਤੀ ਮੰਨੋ ਅਤੇ ਦੱਸੋ ਅਸੀਂ ਇਹ ਕਾਰਵਾਈ ਕਰ ਰਹੇ ਹਾਂ। ਘੱਟੋ-ਘੱਟ ਇਸ ਨਾਲ ਤੁਹਾਡੇ ’ਤੇ ਲੋਕਾਂ ਦਾ ਭਰੋਸਾ ਵਧੇਗਾ।’