ਹਜ਼ਾਰਾਂ ਕਰੋੜ ਰੁਪਏ ਦੇ ਨਸ਼ਾ ਤਸਕਰੀ ਘੁਟਾਲੇ ਬਾਰੇ ਆਪਣੀ ਚੁੱਪੀ ਤੋੜੋ,
ਕਾਂਗਰਸ, ਆਪ ਨੇ ਇਕ ਦੂਜੇ ਦੇ ਗੁਨਾਹਾਂ ’ਤੇ ਪਰਦਾ ਪਾਉਣ ਵਾਸਤੇ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਦੀ ਮੁਹਿੰਮ ਚਲਾਈ
ਚੰਡੀਗੜ੍ਹ, 17 ਜੂਨ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਪ ਸਰਕਾਰ ਨੂੰ ਸਰਕਾਰੀ ਪੁਸ਼ਤ ਪਨਾਹੀ ਹੇਠ ਚਲ ਰਹੇ ਵੱਡੇ ਨਸ਼ਿਆਂ ਦੇ ਘੁਟਾਲੇ ਦੇ ਦੋਸ਼ਾਂ ਬਾਰੇ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਆਪ ਸਰਕਾਰ ਨੂੰ ਪੰਜਾਬ ਵਿਚ ਨਸ਼ਾ ਤਸਕਰੀ ਦੀ ਪੁਸ਼ਤਪਨਾਹੀ ਬਾਰੇ ਸਾਰੇ ਸਵਾਲਾਂ ਦੇ ਜਵਾਬ ਦੇਣੇਪੈਣਗੇ। ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਸੁੱਤੀ ਪਈ ਹੈ ਤੇ ਕਾਂਗਰਸ ਪਾਰਟੀ ਆਪਣੀ ਚੁੱਪੀ ਤੇ ਧਿਆਨ ਵੰਡਾਉਣ ਵਾਸਤੇ ਅਕਾਲੀ ਦਲ ’ਤੇ ਹਮਲੇ ਕਰ ਕੇ ਮੁੱਖ ਮੰਤਰੀ ਦੀ ਮਦਦ ਕਰ ਰਹੀ ਹੈ।
ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਪ ਤੇ ਕਾਂਗਰਸ ਨੇ ਪੰਜਾਬ ਨੂੰ ਲੁੱਟਣ ਲਈ ਅਪਵਿੱਤਰ ਜੁਗਲ ਬੰਦੀ ਕੀਤੀ ਹੋਈ ਹੈ ਅਤੇ ਨਸ਼ੇ ਦੇ ਪੈਸੇ ਵਾਸਤੇ ਸਾਡੇ ਨੌਜਵਾਨਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਅਕਾਲੀ ਆਗੂ ਨੇ ਪੰਜਾਬ ਵਿਚ ਨਸ਼ਾ ਤਸਕਰੀ ਬਾਰੇ ਆਪ ਤੇ ਕਾਂਗਰਸ ਵੱਲੋਂ ਸੱਤ ਸਾਲਾਂ ਤੋਂ ਚੁੱਪੀ ਧਾਰ ਕੇ ਰਚੀ ਸਾਜ਼ਿਸ਼ ’ਤੇ ਵੀ ਸਵਾਲ ਚੁੱਕੇ।
ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਦੇ ਸੱਤ ਸਾਲਾਂ ਬਾਅਦ ਵੀ ਇਹ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਗੁਪਤ ਗਠਜੋੜ ਭਾਈਚਾਲ ਬਣੇ ਹੋਏ ਹਨ ਅਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਇਕ ਦੂਜੇ ਖਿਲਾਫ ਇਕ ਵੀ ਸ਼ਬਦ ਨਹੀਂ ਬੋਲ ਰਹੇ।
ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਮਸਲੇ ਨੂੰ ਹੱਲ ਕਰਨ ਵਿਚ ਨਾਕਾਮੀ ’ਤੇ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਚੁੱਪੀ ਧਾਰੀਹੋਈ ਹੈ। ਕਾਂਗਰਸ-ਆਪ ਦੀ ਜੁਗਲ ਬੰਦੀ ਦੇ ਸਿਖ਼ਰਲੇ ਆਗੂ ਇਸ ਨਸ਼ਾ ਤਸਕਰੀ ਜੋ ਮੀਡੀਆ ਵਿਚ ਇਕ ਵੱਡਾ ਮੁੱਦਾ ਬਣਿਆ ਹੋਇਆ ਹੈ, ’ਤੇ ਇਕ ਦੂਜੇ ਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਵਾਸਤੇ ਉਹਨਾਂ ਝੂਠੇ ਤੇ ਵਿਆਪਕ ਮੀਡੀਆ ਪ੍ਰਾਪੇਗੰਡੇ ਰਾਹੀਂ ਅਕਾਲੀ ਦਲ ਨੂੰ ਬਦਨਾਮ ਕੀਤਾ ਹਾਲਾਂਕਿ ਅਕਾਲੀ ਦਲ ਸੱਤ ਸਾਲਾਂ ਤੋਂ ਸੱਤਾ ਤੋਂ ਬਾਹਰ ਹੈ। ਅਕਾਲੀ ਆਗੂ ਨੇ ਹੋਰ ਕਿਹਾ ਕਿ ਕਾਂਗਰਸ ਨੇ ਆਪ ਸਰਕਾਰ ਦੇ ਰਾਜ ਵਿਚ ਨਸ਼ਿਆਂ ਦੀ ਲਗਾਤਾਰ ਵੱਧ ਰਹੀ ਤਸਕਰੀ ’ਤੇ ਚੁੱਪੀ ਧਾਰੀ ਹੋਈ ਹੈ ਕਿਉਂਕਿ ਸਮਝੌਤੇ ਤਹਿਤ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਵੇਲੇ ਆਪ ਨੇ ਨਸ਼ਿਆਂ ਬਾਰੇ ਚੁੱਪੀ ਧਾਰੀ ਹੋਈ ਸੀ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਨੇ ਸਾਰਾ ਜ਼ੋਰ ਅਕਾਲੀ ਦਲ ਦੀ ਬਦਨਾਮੀ ਕਰਨ ’ਤੇ ਲਾਇਆ ਹੋਇਆ ਹੈ ਤਾਂ ਜੋ ਲੋਕਾਂ ਦਾ ਧਿਆਨ ਪੰਜਾਬ ਦੇ ਨੌਜਵਾਨਾਂ ਖਿਲਾਫ ਕੀਤੇ ਗੁਨਾਹਾਂ ਤੋਂ ਪਾਸੇ ਕੀਤਾ ਜਾ ਸਕੇ।
ਅਕਾਲੀ ਦਲ ਦੇ ਆਗੂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਸੀ ਤਾਂ ਇਸ ਪੰਜਾਬ ਵਿਰੋਧੀ ਕਾਂਗਰਸ-ਆਪ ਦੀ ਜੁਗਲਬੰਦੀ ਸਿਖ਼ਰਾਂ ’ਤੇ ਸੀ। ਇਹ ਦੋਵਾਂ ਪਾਰਟੀਆਂ ਨੇ ਰਲ ਕੇ ਕਦੇ ਕਿਸੇ ਤੇ ਕਦੇ ਕਿਸੇ ਮੁੱਦੇ ’ਤੇ ਅਕਾਲੀ ਦਲ ਦੀ ਕੌਮੀ ਪੱਧਰ ’ਤੇ ਬਦਨਾਮੀ ਕੀਤੀ। ਇਹਨਾਂ ਨੇ ਸਮੁੱਚੇ ਪੰਜਾਬੀਆਂ ਖਾਸ ਤੌਰ ’ਤੇ ਸਿੱਖ ਨੌਜਵਾਨਾਂ ਨੂੰ ਨਸ਼ੇੜੀ, ਵੱਖਵਾਦੀ ਤੇ ਅਤਿਵਾਦੀ ਕਰਾਰ ਦੇਣ ਵਾਸਤੇ ਵਿਆਪਕ ਮੀਡੀਆ ਮੁਹਿੰਮ ਚਲਾਈ। ਉਹਨਾਂ ਕਿਹਾ ਕਿ ਇਹ ਉਹ ਦੌਰ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਨਸ਼ਿਆਂ ਦੇ ਪਸਾਰ ’ਤੇ ਪੂਰੀ ਰੋਕ ਲੱਗੀ ਹੋਈ ਸੀ ਤੇ ਕਾਂਗਰਸ-ਆਪ ਜੁਗਲਬੰਦੀ ਨੇ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗਣ ਦਾ ਪ੍ਰਚਾਰ ਕੀਤਾ। ਇਹਨਾਂ ਨੇ ’ਉਡਤਾ ਪੰਜਾਬ’ ਵਰਗੀਆਂ ਫਿਲਮਾਂ ਬਣਵਾਈਆਂ ਤੇ ਪੰਜਾਬ ਨੂੰ ਬਦਨਾਮ ਕੀਤਾ ਤੇ ਰਾਹੁਲ ਗਾਂਧੀ ਨੇ ਸ਼ਰ੍ਹੇਆਮ ਐਲਾਨ ਕੀਤਾ ਕਿ 70 ਫੀਸਦੀ ਪੰਜਾਬੀ ਨੌਜਵਾਨ ਨਸ਼ੇੜੀ ਹਨ। ਅੱਜ ਰਾਹੁਲ ਗਾਂਧੀ ਕਿਥੇ ਹਨ ?
ਗਰੇਵਾਲ ਨੇ ਕਿਹਾ ਕਿ ਇਕ ਜਦੋਂ ਇਕ ਵਾਰ ਅਕਾਲੀ ਦਲ ਸੱਤਾ ਵਿਚੋਂ ਬਾਹਰ ਹੋ ਗਿਆ ਤਾਂ ਨਸ਼ਾ ਆਪ-ਕਾਂਗਰਸ ਦੇ ਏਜੰਡੇ ਵਿਚੋਂ ਬਾਹਰ ਹੋ ਗਿਆ। ਉਹਨਾਂ ਕਿਹਾ ਕਿ ਦੋਵੇਂ ਗਠਜੋੜ ਭਾਈਵਾਲ ਤੇ ਇਹਨਾਂ ਦੀ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਨੇ ਅਕਾਲੀ ਦਲ ਖਿਲਾਫ ਬਦਨਾਮੀ ਦੀ ਲਹਿਰ ਚਲਾਈ ਰੱਖਣ ਲਈ ਇਕ ਦੂਜੇ ਨੂੰ ਇਨਾਂਮ ਦਿੱਤੇ। ਉਹਨਾਂ ਕਿਹਾ ਕਿ ਅੱਜ ਉਹ ਜਥੇਬੰਦੀਆਂ ਕਿਥੇ ਹਨ ਜਦੋਂ ਹਰਿਆਣਾ ਤੇ ਦਿੱਲੀ ਦੇ ਬਾਰਡਰਾਂ ’ਤੇ ਸਿੱਖ ਨੌਜਵਾਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਜਾਂ ਉਹ ਨਸ਼ਿਆਂ ਨਾਲ ਮਰ ਰਹੇ ਹਨ? ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਦੋਵੇਂ ਚੁੱਪੀ ਦੀ ਸਾਜ਼ਿਸ਼ ਵਿਚ ਇਕਜੁੱਟ ਹਨ।
ਅਕਾਲੀ ਆਗੂ ਨੇ ਅਫਸੋਸ ਪ੍ਰਗਟ ਕੀਤਾ ਕਿ ਮੀਡੀਆ ਵੀ ਇਹਨਾਂ ਦੋਵੇਂ ਪੰਜਾਬ ਵਿਰੋਧੀ ਪਾਰਟੀਆਂ ਵੱਲੋਂ ਵਰਤਿਆ ਗਿਆ ਅਤੇ ਨਵੀਂ ਸਰਕਾਰ ਦੇ ਗੁਨਾਹਾਂ ’ਤੇ ਪਰਦਾ ਪਿਆ ਰਿਹਾ ਤੇ ਇਸ ਸਰਕਾਰ ਦੀ ਨਸ਼ਾ ਤਸਕਰੀ ਵਿਚ ਸ਼ਮੂਲੀਅਤ ਪਰਦੇ ਪਿੱਛੇ ਹੀ ਰਹਿ ਗਈ।
ਉਹਨਾਂ ਕਿਹਾ ਕਿ ਹੁਣ ਜਦੋਂ ਅਖੀਰ ਵਿਚ ਮੀਡੀਆ ਜਾਗਿਆ ਹੈ ਤੇ ਜ਼ਮੀਨੀ ਹਕੀਕਤ ਵੇਖੀ ਹੈ ਤਾਂ ਮੀਡੀਆ ਵਿਚ ਨਸ਼ਿਆਂ ਕਾਰਣ ਹੋ ਰਹੀਆਂ ਮੌਤਾਂ ਦਾ ਜ਼ਿਕਰ ਹੋ ਰਿਹਾ ਹੈ।
ਗਰੇਵਾਲ ਨੇ ਕਿਹਾ ਕਿ ਆਪ-ਕਾਂਗਰਸ ਗੁਪਤ ਗਠਜੋੜ ਨੂੰ ਇਸ ਚੁੱਪੀ ਦੀ ਸਾਜ਼ਿਸ਼ ਖਾਸ ਤੌਰ ’ਤੇ ਨੌਜਵਾਨ ਪੰਜਾਬੀਆਂ ਦੀਆਂ ਮੌਤਾਂ ਦੇ ਮਾਮਲੇ ਵਿਚ ਸਵਾਲਾਂ ਦੇ ਜਵਾਬ ਦੇਣੇ ਪੈਣਗੇ।