ਚੰਡੀਗੜ੍ਹ, 16 ਜੂਨ ( ਖ਼ਬਰ ਖਾਸ ਬਿਊਰੋ)
ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਨੂੰ ਲੈ ਕੇ ਅਕਾਲੀ ਦਲ ਦੇ ਅੰਦਰ ਜਵਾਰਭਾਟਾ ਆਉਣ ਤੋ ਪਹਿਲਾਂ ਵਾਲੀ ਸਾਂਤੀ ਬਣੀ ਹੋਈ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਅੰਦਰ ਉਠਣ ਵਾਲੀਆਂ ਬਗਾਵਤਾਂ ਨੂੰ ਭਾਂਪਦੇ ਹੋਏ ਪਹਿਲਾਂ ਹੀ ਦਬਾਉਣ ਦੇ ਯਤਨ ਵਿੱਚ ਲੱਗੇ ਹੋਏ ਹਨ, ਪਰ ਕੁੱਝ ਆਗੂਆਂ ਨੇ ਚੋਣ ਨਤੀਜ਼ੀਆਂ ਨੂੰ ਲੈ ਕੇ ਸਵਾਲ ਵੀ ਖੜੇ ਕੀਤੇ ਹਨ। ਖਾਸਕਰਕੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਜਮਾਨਤ ਜ਼ਬਤ ਹੋਣ ਉਤੇ ਖਫ਼ਾ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਕਾਫ਼ੀ ਨਾਰਾਜ਼ ਹਨ। ਉਹ ਪਹਿਲਾਂ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ, ਪਰ ਇਸ ਵਾਰ ਉਹ ਚੌਥੇ ਨੰਬਰ ਉਤੇ ਪੁੱਜ ਗਏ।
ਪਾਰਟੀ ਅੰਦਰ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਕਈ ਤਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਖਾਸਕਰਕੇ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਮੀਡੀਆ ਵਿਚ ਵੱਖ ਵੱਖ ਤਰਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋ ਰਹੀ ਹਨ। ਚੰਦੂਮਾਜਰਾ ਸਮੇਤ ਕਈ ਆਗੂਆਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਅਜਿਹਾ ਮਤਾ ਮੀਟਿੰਗ ਵਿਚ ਆਇਆ ਨਹੀ ਹੈ, ਜਦਕਿ ਅਕਾਲੀ ਦਲ ਦੁਆਰਾ ਜਾਰੀ ਪ੍ਰੈ੍ਸ ਬਿਆਨ ਵਿਚ ਸੁਖਬੀਰ ਬਾਦਲ ਦੀ ਲੀਡਰਸ਼ਿਪ ਉਤੇ ਭਰੋਸਾ ਕਰਨ ਦੀ ਗੱਲ ਕਹੀ ਗਈ ਹੈ।
ਏਦਾਂ ਹੋਈ ਸੀ ਗੱਲ
ਅਕਾਲੀ ਦਲ ਦੇ ਅਤਿ ਭਰੋਸਯੋਗ ਸੂਤਰਾਂ ਤੋ ਪਤਾ ਲੱਗਿਆ ਹੈ ਕਿ ਮੀਟਿੰਗ ਵਿਚ ਵੋਟਾਂ ਨੂੰ ਲੈ ਕੇ ਖੁੱਲ ਦਿਲੀ ਨਾਲ ਚਰਚਾ ਹੋਈ। ਕਈਆਂ ਨੇ ਸੁਖਬੀਰ ਬਾਦਲ ਵਲੋਂ ਕਈ ਮਹੀਨੇ ਪਹਿਲਾਂ ਪ੍ਰਚਾਰ ਸ਼ੁਰੂ ਕਰਨ ਅਤੇ ਕੋਈ ਕਸਰ ਨਾ ਛੱਡਣ ਦੀ ਗੱਲ ਕਹੀ। ਇਸੀ ਦੌਰਾਨ ਲਾਹਾ ਲੈਂਦੇ ਹੋਏ ਇਕ ਸਲਾਹਕਾਰ ਨੇ ਕਹਿ ਦਿੱਤਾ ਕਿ ਪ੍ਰਧਾਨ ਜੀ (ਸੁਖਬੀਰ ਬਾਦਲ) ਦੀ
ਲੀਡਰਸ਼ਿਪ ਵਿਚ ਭਰੋਸਾ ਸਬੰਧੀ ਮਤਾ ਪਾਸ ਕਰ ਦਿੰਦੇ ਐ। ਇਹ ਗੱਲ ਸੁਣਕੇ ਇਕ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਹਰ ਗੱਲ ਵਿਚ ਮਤਾ ਨਾ ਲਿਆਇਆ ਕਰੋ। ਜੇਕਰ ਪ੍ਰਧਾਨ ਜੀ ਦੇ ਨਾਲ ਹਾਂ ਤਾਂ ਹੀ ਮੀਟਿੰਗ ਵਿਚ ਆਏ ਹਾਂ। ਇਸਦੀ ਕੁੱਝ ਹੋਰ ਆਗੂਆਂ ਨੇ ਵੀ ਤਾਇਦ ਕਰ ਦਿੱਤੀ। ਪਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰੈ੍ਸ ਬਿਆਨ ਵਿਚ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਹੋਣ ਦਾ ਮਤਾ ਪਾਸ ਕਰਨ ਦੀ ਗੱਲ ਆ ਗਈ। ਜਿਸ ਕਰਕੇ ਚੰਦੂਮਾਜਰਾ ਸਮੇਤ ਕੁੱਝ ਆਗੂਆਂ ਨੇ ਮਤਾ ਪਾਸ ਨਾ ਹੋਣ ਦੀ ਗੱਲ ਕਹੀ ਹੈ।
ਅਕਾਲੀ ਦਲ ਦੇ ਅੰਦਰ ਘੁਸਰ ਮੁਸਰ ਜਾਰੀ ਹੈ। ਪਾਰਟੀ ਪ੍ਰਧਾਨ ਨੇ ਹੁਣ ਬੁਧੀਜੀਵੀਆੰ, ਚਿੰਤਕਾਂ, ਆਲੋਚਕਾ ਤੋਂ ਸੁਝਾਅ ਲੈਣ ਦੀ ਗੱਲ ਕਹੀ ਹੈ। ਦੇਖਣ ਵਾਲੀ ਗੱਲ ਹੋਵੇਗੀ ਕਿ ਬੁੱਧੀਜੀਵੀ ਜਾਂ ਆਲੋਚਕ ਕਿਹੋ ਜਿਹੇ ਸੁਝਾਅ ਦਿੰਦੇ ਹਨ।