ਸਲੇਮਪੁਰੀ ਦੀ ਚੂੰਢੀ- ਮੁੱਲ ਦੇ ਖਿਡਾਰੀ!

ਸਲੇਮਪੁਰੀ ਦੀ ਚੂੰਢੀ-
ਮੁੱਲ ਦੇ ਖਿਡਾਰੀ!
– ਜਾਂਦੇ ਨੇ ਮਸਜਿਦ ਮੰਦਰ।
ਲੋਕੀਂ ਨੇ ਬੜੇ ਪਤੰਦਰ!
ਪਾਪ ਨਾ ਛੱਡਦੇ ਨੇ !
ਰਹਿੰਦੇ ਨੇ ਅੱਗ ਉੱਗਲਦੇ, ਨਫ਼ਰਤ ਜਿਹੀ ਰੱਖਦੇ ਨੇ!
ਰਹਿੰਦੇ ਨੇ ਅੱਗ ਉੱਗਲਦੇ…!
ਰੱਖਦੇ ਨੇ ਹੱਥ ਵਿਚ ਮਾਲਾ!
ਲਾਲਚ ਵੀ ਕਰਦੇ ਬਾਹਲਾ!
ਪਾਠ ਵੀ ਕਰਦੇ ਨੇ!
ਬਾਣੀ ਦੀਆਂ ਗੱਲਾਂ ਕਰਦੇ , ਝੂਠੇ ਨਾਲ ਖੜ੍ਹਦੇ ਨੇ!
ਬਾਣੀ ਦੀਆਂ ਗੱਲਾਂ ਕਰਦੇ….!
ਰੁੱਖਾਂ ਨੂੰ ਜਾਂਦੇ ਕੱਟੀ!
ਕੁਦਰਤ ਨਾਲ ਮਾਰਨ ਠੱਗੀ!
ਤਾਹੀਓਂ ਅੱਗ ਵਰ੍ਹਦੀ ਆ!
ਬਾਰਸ਼ ਨਾ ਦਿਸਦੀ ਕਿਧਰੇ, ਤੱਤੀ ਲੂ ਵਗਦੀ ਆ!
ਬਾਰਸ਼ ਨਾ ਦਿਸਦੀ ਕਿਧਰੇ…..!
ਬਣਾਉਟੀ ਨੇ ਦੁੱਧ ਬਣਾਉਂਦੇ!
ਦੁੱਧ ਦੇ ਵਿਚ  ਪਾਣੀ ਪਾਉਂਦੇ!
ਰੋਟੀ ਵਿਚ ਜ਼ਹਿਰਾਂ ਨੇ!
ਪਾਣੀ ਵੀ ਗੰਦਾ ਕਰਤਾ, ਪਿੰਡਾਂ ਤੇ ਸ਼ਹਿਰਾਂ ਨੇ!
ਪਾਣੀ ਵੀ ਡੂੰਘਾ ਕਰਤਾ…. !
ਲੀਡਰਾਂ ਦਾ ਧਰਮ ਰਿਹਾ ਨਾ!
ਤਾਹੀਓਂ ਕੋਈ ਭਰਮ ਰਿਹਾ ਨਾ!
ਕੁਰਸੀ ਹੀ ਲੱਭਦੇ ਨੇ!
ਕੁਰਸੀ ‘ਤੇ ਬਹਿੰਦੇ ਪਿਛੋਂ ,ਨੋਟਾਂ ਵਲ ਭੱਜਦੇ ਨੇ!
ਕੁਰਸੀ ‘ਤੇ ਬਹਿੰਦੇ ਪਿਛੋਂ…..!
ਰਹਿੰਦੇ ਨੇ ਰੰਗ ਵਟਾਉੰਦੇ!
ਗਿਰਗਿਟ ਨੂੰ ਦੰਦ ਚਿੜਾਉਂਦੇ!
ਮੁੱਲ ਦੇ ਖਿਡਾਰੀ ਨੇ!
ਦੇਸ਼ ਪਵੇ ਢੱਠੇ ਖੂਹ ਵਿਚ, ਬਣ ਗਏ ਵਪਾਰੀ ਨੇ!
ਦੇਸ਼ ਪਵੇ ਢੱਠੇ ਖੂਹ ਵਿਚ….!
-ਸੁਖਦੇਵ ਸਲੇਮਪੁਰੀ
09780620233
16 ਜੂਨ, 2024.

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

Leave a Reply

Your email address will not be published. Required fields are marked *