ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਰੇਂਜ ਦੇ ਐਸ.ਐਸ.ਪੀਜ਼ ਨਾਲ ਕੀਤੀ ਬੈਠਕ
-ਪਟਿਆਲਾ ਰੇਂਜ ਦੇ ਜਿਲ੍ਹਿਆਂ ‘ਚ 916 ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਦਾਲੇ : ਡੀ.ਆਈ.ਜੀ.
ਪਟਿਆਲਾ, 16 ਜੂਨ (ਖ਼ਬਰ ਖਾਸ ਬਿਊਰੋ)
ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਆਈ.ਜੀ. ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ. ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਪੁਲਿਸ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪਟਿਆਲਾ ਰੇਂਜ ਦੇ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਐਸ.ਐਸ.ਪੀਜ਼ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਪੁਲਿਸ ਕਰਮਚਾਰੀਆਂ ਨੂੰ ਚੌਕਸ ਕਰਨ ਅਤੇ ਪੁਲਿਸ ਕੰਮਕਾਜ ਨੂੰ ਦਰੁਸਤ ਕਰਨ ਲਈ ਪ੍ਰਬੰਧਕੀ ਅਧਾਰ ‘ਤੇ ਪੰਜਾਬ ਪੁਲਿਸ ਰੂਲਜ਼ ਅਤੇ ਡੀ.ਜੀ.ਪੀ. ਪੰਜਾਬ ਦੇ ਦਫ਼ਤਰ ਵੱਲੋਂ ਜਾਰੀ ਤਬਾਦਲਾ ਨੀਤੀ ਅਨੁਸਾਰ ਸਿਪਾਹੀ ਰੈਂਕ ਤੋ ਇੰਸਪੈਕਟਰ ਰੈਂਕ ਦੇ ਸਮੂਹ ਕਰਮਚਾਰੀਆਂ ਦੀਆਂ ਬਦਲੀਆਂ/ਤਾਇਨਾਤੀਆ ਕੀਤੀਆਂ ਜਾਣ ਅਤੇ ਕਿਸੇ ਵੀ ਰੈਂਕ ਦਾ ਪੁਲਿਸ ਕਰਮਚਾਰੀ ਅਤੇ ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਆਪਣੀ ਰਿਹਾਇਸ਼ੀ ਸਬ ਡਵੀਜ਼ਨ ਵਿੱਚ ਤਾਇਨਾਤ ਨਹੀਂ ਕੀਤਾ ਜਾਵੇਗਾ। ਜਿਸ ਦੇ ਤਹਿਤ ਪਟਿਆਲਾ ਰੇਂਜ ਅਧੀਨ ਆਉਂਦੇ ਐਸ.ਐਸ.ਪੀਜ਼ ਵੱਲੋਂ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਭਾਰੀ ਫੇਰ ਬਦਲ ਕੀਤਾ ਗਿਆ ਹੈ। ਜਿਸ ਵਿੱਚ ਕੁੱਲ 916 ਸਿਪਾਹੀ ਤੋਂ ਇੰਸਪੈਕਟਰ ਰੈਂਕ ਤੱਕ ਦੇ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ, ਜਿਸ ਵਿੱਚ ਐਸ.ਐਸ.ਪੀ. ਪਟਿਆਲਾ ਵੱਲੋਂ 537, ਐਸ.ਐਸ.ਪੀ. ਸੰਗਰੂਰ ਵੱਲੋਂ 188, ਐਸ.ਐਸ.ਪੀ ਬਰਨਾਲਾ ਵੱਲੋਂ 118 ਅਤੇ ਐਸ.ਐਸ.ਪੀ., ਮਲੇਰਕੋਟਲਾ ਵੱਲੋਂ 73 ਪੁਲਿਸ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।
ਇਸ ਤੋ ਇਲਾਵਾ ਤਬਾਦਲਾ ਨੀਤੀ ਤਹਿਤ ਕਵਰ ਹੁੰਦੇ ਸਹਾਇਕ ਥਾਣੇਦਾਰ ਤੋ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦੀਆਂ ਪਟਿਆਲਾ ਰੇਂਜ ਦੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਬਦਲੀਆਂ ਵੀ ਕੀਤੀਆਂ ਗਈਆਂ ਹਨ। ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਲੋਕ ਸਭਾ ਚੋਣਾ 2024 ਦੇ ਸਬੰਧ ਵਿੱਚ ਮਾਨਯੋਗ ਚੋਣ ਕਮਿਸ਼ਨ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ. ਅਤੇ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਨੂੰ ਜਿਨ੍ਹਾਂ ਦੀ ਇੱਕ ਜ਼ਿਲ੍ਹੇ ਵਿੱਚ ਤਿੰਨ ਸਾਲ ਅਰਸਾ ਦੀ ਸਰਵਿਸ ਅਤੇ ਰਿਹਾਇਸ਼ੀ ਜ਼ਿਲ੍ਹਾ ਹੋਣ ਕਰਕੇ ਪਟਿਆਲਾ ਰੇਂਜ ਦੇ ਦੂਜੇ ਜ਼ਿਲ੍ਹਿਆਂ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ।
ਡੀ.ਆਈ.ਜੀ. ਪਟਿਆਲਾ ਰੇਂਜ ਪਟਿਆਲਾ ਵੱਲੋਂ ਆਪਣੇ ਅਧੀਨ ਆਉਂਦੇ ਸਾਰੇ ਐਸ.ਐਸ.ਪੀਜ਼, ਐਸ.ਪੀ. ਅਤੇ ਡੀ.ਐਸ.ਪੀਜ਼ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਨਸ਼ਿਆਂ ਅਤੇ ਸੰਗਠਿਤ ਅਪਰਾਧਾਂ ਖ਼ਿਲਾਫ਼ ਜ਼ੀਰੋ-ਟੋਲਰੇਂਸ ਨੀਤੀ ਨੂੰ ਅਪਣਾਉਂਦਿਆਂ ਠੋਸ ਕਾਰਜ ਪ੍ਰਣਾਲੀ ਤਿਆਰ ਕੀਤੀ ਜਾਵੇ। ਜਿਸ ਤਹਿਤ ਡਰੱਗ ਹਾਟਸਪਾਟ ‘ਤੇ ਨਿਰੰਤਰ ਨਿਗਰਾਨੀ ਰੱਖੀ ਜਾਵੇ ਅਤੇ ਛਾਪੇਮਾਰੀ/ਰੇਡਾ ਕਰਕੇ ਆਦਤਾਨ ਅਪਰਾਧੀਆਂ ਦੀ ਅਚਨਚੇਤ ਚੈਕਿੰਗ ਅਤੇ ਯੋਜਨਾਬੱਧ ਤਰੀਕੇ ਨਾਲ ਉਪਰੇਸ਼ਨ ਕੀਤੇ ਜਾਣ ਅਤੇ ਨਸ਼ਾ ਸਮਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਰੋਤ ਅਤੇ ਖਪਤਕਾਰਾਂ ਨੂੰ ਵੀ ਜ਼ਾਬਤੇ ਅਨੁਸਾਰ ਗ੍ਰਿਫ਼ਤਾਰ ਕੀਤਾ ਜਾਵੇ। ਅਧਿਕਾਰੀਆਂ ਨੂੰ ਵੱਡੇ ਸਮਗਲਰਾਂ ਦੀ ਪਹਿਚਾਣ ਕਰਨ ਅਤੇ ਸਪਲਾਈ ਚੈਨ ਤੋੜਨ ਲਈ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਹਨਾਂ ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 68 ਐਫ ਦੀ ਵੱਧ ਵੱਧ ਤੋ ਵਰਤੋ ਕਰਨ ਲਈ ਕਿਹਾ ਤਾਂ ਜੋ ਨਸ਼ਾ ਸਮਗਲਰਾਂ ਦੁਆਰਾ ਗੈਰ ਕਾਨੂੰਨੀ ਤਰੀਕੇ ਨਾਲ ਹਾਸਲ ਕੀਤੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਣ।
ਐਸ.ਐਸ.ਪੀਜ਼ ਨੂੰ ਆਦੇਸ਼ ਕੀਤੇ ਕਿ ਕੋਈ ਪੁਲਿਸ ਕਰਮਚਾਰੀ ਜੋ ਭ੍ਰਿਸ਼ਟਾਚਾਰ ਜਾ ਕਿਸੇ ਤਰੀਕੇ ਨਾਲ ਨਸ਼ਾ ਤਸਕਰਾਂ ਨਾਲ ਜੋੜਿਆ ਹੋਵੇ ਨੂੰ ਨਾ ਬਖ਼ਸ਼ਿਆ ਜਾਵੇ। ਅਜਿਹੀਆਂ ਕਾਲੀਆਂ ਭੇਡਾਂ ਖ਼ਿਲਾਫ਼ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਕੇ ਉਦਾਹਰਣਤੱਮਕ ਸਜਾਂ ਨੂੰ ਯਕੀਨੀ ਬਣਾਇਆ ਜਾਵੇ। ਸਾਰੇ ਅਧਿਕਾਰੀਆਂ ਅਤੇ ਮੁੱਖ ਅਫ਼ਸਰਾਂ ਨੂੰ ਲੋਕਾਂ ਨਾਲ ਜੁੜਨ, ਚੰਗੇ ਸਲੀਕੇ ਨਾਲ ਪੇਸ਼ ਆਉਣ ਹੋਣ ਲਈ ਕਿਹਾ ਗਿਆ ਨਾਲ ਹੀ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਸਮੂਹ ਸਰਕਲ ਅਫ਼ਸਰ, ਮੁੱਖ ਅਫ਼ਸਰ ਥਾਣਾ ਅਤੇ ਇੰਚਾਰਜ ਚੌਕੀਆਂ ਨੂੰ ਰੋਜ਼ਾਨਾ ਕੰਮਕਾਜ ਵਾਲੇ ਦਿਨ ਆਪਣੇ ਦਫ਼ਤਰ ਵਿਖੇ ਹਾਜ਼ਰ ਰਹਿਣ ਅਤੇ ਸਵੇਰੇ 11 ਵਜੇ ਤੋ ਦੁਪਹਿਰ 01 ਵਜੇ ਤੱਕ ਨਾਗਰਿਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਨਿਪਟਾਰਾ ਕਰਨ ਲਈ ਪਾਬੰਦ ਕੀਤਾ ਗਿਆ।
ਇਸ ਤੋਂ ਇਲਾਵਾ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੈਡਿੰਗ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਅਤੇ ਅਪਰਾਧਿਕ ਮੁਕੱਦਮਿਆਂ ਅਤੇ ਗੰਭੀਰ ਜੁਰਮਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸਾਂ ਦਾ ਨਿਪਟਾਰਾ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ ਲਈ ਵੀ ਕਿਹਾ।ਕਿਸੇ ਵੀ ਗੈਰ ਸਮਾਜਿਕ ਗਤੀਵਿਧੀ/ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਾ ਜਾਵੇ।ਸਮੂਹ ਮੁੱਖ ਅਫ਼ਸਰ ਆਪਣੇ ਇਲਾਕੇ ਵਿੱਚ ਗਸਤ ਕਰਨ, ਕਾਨੂੰਨ ਵਿਵਸਥਾ ਸਥਿਤੀ ਦੀ ਸਮੀਖਿਆ ਅਤੇ ਨਾਗਰਿਕ-ਮਿੱਤਰਤਾ ਪੁਲੀਸਿੰਗ ਨੂੰ ਯਕੀਨੀ ਬਣਾਇਆ ਜਾਵੇ।