ਪਟਿਆਲਾ, 16 ਜੂਨ (ਖ਼ਬਰ ਖਾਸ ਬਿਊਰੋ)
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ-ਬੁਰਜ਼ਗਿੱਲ) ਨੇ ਨਹਿਰੀ ਪਟਵਾਰੀਆਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਉਹਨਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਨਹਿਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਵੱਲੋਂ, ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨਹਿਰੀ ਪਟਵਾਰੀਆਂ ਨੂੰ ਪੰਜਾਬ ਦੇ 100% ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਦੇ ਝੂਠੇ ਅੰਕੜੇ ਪੇਸ਼ ਕਰਨ ਲਈ ਕਿਹਾ ਗਿਆ ਸੀ। ਪਟਵਾਰੀਆਂ ਦੀ ਜਥੇਬੰਦੀ ਵੱਲੋਂ ਇਹ ਝੂਠੇ ਅੰਕੜੇ ਪੇਸ਼ ਕਰਨ ਤੋਂ ਇਨਕਾਰ ਕਰਨ ਤੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਮੁਅੱਤਲੀ ਅਤੇ ਹੋਰ ਆਗੂਆਂ ਨੂੰ ਚਾਰਜ-ਸ਼ੀਟ ਕਰਨ ਅਤੇ ਹੜਤਾਲ ਦੀ ਤਨਖਾਹ ਕੱਟਣ ਦੇ ਖਿਲਾਫ 17 ਜੂਨ 2024 ਦਿਨ ਸੋਮਵਾਰ ਨੂੰ ਧੂਰੀ ਵਿਖੇ ਰੈਲੀ ਕੀਤੀ ਜਾ ਰਹੀ ਹੈ।ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ-ਬੁਰਜ਼ਗਿੱਲ) ਨੇ ਕਿਸਾਨਾਂ ਨੂੰ ਵੀ ਇਸ ਹੱਕੀ ਸੰਘਰਸ਼ ਵਿੱਚ ਪਟਵਾਰ ਯੂਨੀਅਨ ਦਾ ਸਾਥ ਦੇਣ ਲਈ ਧੂਰੀ ਦੀ ਦਾਣਾ ਮੰਡੀ ਪਹੁੰਚਣ ਦੀ ਅਪੀਲ ਕੀਤੀ ਹੈ।