ਤਰਨਤਾਰਨ, 15 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸੂਬੇ ਵਿਚ ਅਮਨ ਸਾਂਤੀ ਅਤੇ ਸੱਭ ਕੁੱਝ ਠੀਕ ਹੋਣ ਦਾ ਢਿਡੋਰਾ ਪਿੱਟ ਰਹੀ ਹੈ, ਪਰ ਦੂਜੇ ਪਾਸੇ ਨਿੱਤ ਲੁੱਟ ਖਸੁੱਟ, ਚੋਰੀ, ਡਕੈਤੀ ਅਤੇ ਗੋਲੀ ਚੱਲਣ ਦੀਆਂ ਘਟਨਾਵਾਂ ਮੀਡੀਆ ਦੀ ਸੁਰਖੀਆਂ ਬਣ ਰਹੀਆਂ ਹਨ।
ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਉਹਨਾਂ ਨੂੰ ਕਿਸੇ ਦਾ ਡਰ ਭੈਅ ਹੀ ਨਹੀਂ ਰਿਹਾ। ਚੋਰਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਤਰਨ ਤਾਰਨ ਸਥਿਤ ਦਫ਼ਤਰ ਨੂੰ ਹੀ ਸੰਨ ਲਾ ਦਿੱਤੀ। ਚੋਰਾਂ ਨੇ ਦਫ਼ਤਰ ਵਿਚੋਂ ਤਿੰਨ ਏ.ਸੀ., ਪੱਖੇ, ਕੁਰਸੀਆਂ ਚੋਰੀ ਕਰ ਲਈਆਂ । ਹੈਰਾਨੀ ਦੀ ਗੱਲ ਹੈ ਕਿ ਚੋਰਾਂ ਨੇ ਬਿਜਲੀ ਦੀਆਂ ਤਾਰਾਂ ਤੱਕ ਵੀ ਚੋਰੀ ਕਰ ਲਈਆਂ।ਪੁਲਿਸ ਵੀ ਚੋਰੀ ਦੀ ਘਟਨਾਂ ਸੁਣਕੇ ਹੈਰਾਨ ਰਹਿ ਗਈ ਕਿ ਚੋਰਾਂ ਨੇ ਦਫ਼ਤਰ ਵਿਚ ਕੁੱਝ ਨਹੀਂ ਛੱਡਿਆ। ਜਾਣਕਾਰੀ ਅਨੁਸਾਰ ਵਿਧਾਇਕ ਦਾ ਦਫ਼ਤਰ ਇੱਥੋਂ ਦੇ ਸਿੰਚਾਈ ਭਵਨ ਵਿੱਚ ਹੈ, ਜੋ ਲੋਕ ਸਭਾ ਚੋਣਾਂ ਦੇ ਜ਼ਾਬਤੇ ਕਾਰਨ ਦੋ ਮਹੀਨਿਆਂ ਤੋਂ ਬੰਦ ਸੀ।
ਪੁਲਿਸ ਅਫ਼ਸਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਚੋਰੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦਫ਼ਤਰ ਵਿੱਚ ਸੀਸੀਟੀਵੀ ਨਹੀਂ ਲੱਗੇ ਹੋਏ ਹਨ ਪਰ ਵਿਧਾਇਕ ਦੇ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚੋਰੀ ਦਾ ਜਲਦ ਹੀ ਸੁਰਾਗ ਲਾ ਲਿਆ ਜਾਵੇਗਾ।