ਚੰਡੀਗੜ੍ਹ 15 ਜੂਨ (ਖ਼ਬਰ ਖਾਸ ਬਿਊਰੋ)
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਬੰਦੀ ਸਿੰਘਾਂ ਦੇ ਹੱਕ ਵਿਚ ਬਿਆਨ ਤੇ ਰਿਹਾਈ ਲਈ ਦਬਾਅ ਪਾਉਣ ਦਾ ਇਲਜ਼ਾਮ ਲਾ ਕੇ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਦੇ ਸੁਭਾਅ ਵਿਚ ਇਕਦਮ ਵੱਡਾ ਬਦਲਾਅ ਆਇਆ ਹੈ। ਕੁੱਝ ਦਿਨ ਪਹਿਲਾਂ ਤੱਕ ਬੰਦੀ ਸਿੰਘਾਂ ਵਿਸ਼ੇਸ਼ ਕਰਕੇ ਗਰਮ ਖਿਆਲੀਆਂ ਪ੍ਰਤੀ ਤਿੱਖੀ ਭਾਸ਼ਾਂ ਵਰਤਣ ਵਾਲੇ ਰਵਨੀਤ ਬਿੱਟੂ ਨੇ ਹੁਣ ਯੂ ਟਰਨ ਲੈ ਲਿਆ ਹੈ। ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਮੋਦੀ ਸਰਕਾਰ ਵਿਚ ਕੇਂਦਰੀ ਰਾਜ ਮੰਤਰੀ ਦਾ ਅਹੁੱਦਾ ਸੰਭਾਲਣ ਬਾਅਦ ਬਿੱਟੂ ਦੇ ਬਿਆਨਾਂ ਵਿਚ ਆਏ ਪਰਿਵਰਤਨ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।
ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿੱਟੂ ਦੇ ਬਿਆਨ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਕਿਹਾ ਕਿ ਉਨ੍ਹਾਂ (ਵ਼ੜਿੰਗ) ਨੂੰ ਬਿੱਟੂ ਉਤੇ ਕੋਈ ਭਰੋਸਾ ਨਹੀਂ ਹੈ ਕਿਉਂਕਿ ਉਹ ਅਕਸਰ ਸਥਿਤੀ ਅਤੇ ਸਮੇਂ ਮੁਤਾਬਿਕ ਆਪਣੇ ਬਿਆਨ ਬਦਲ ਲੈਂਦਾ ਹੈ। ਵੜਿੰਗ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਬਿੱਟੂ ਨੇ ਰਾਹੁਲ ਗਾਂਧੀ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਬਾਅ ਬਣਾਉਣ ਦਾ ਦੋਸ਼ ਲਾ ਕੇ ਕਾਂਗਰਸ ਛੱਡੀ ਸੀ।
ਸਿਆਸੀ ਹਲਕੇ ਇਸ ਗੱਲੋ ਹੈਰਾਨ ਹਨ ਕਿ ਮਰਹੂਮ ਬੇਅੰਤ ਸਿੰਘ ਦੇ ਕਾਤਲਾਂ ਦੀ ਰਿਹਾਈ ਦਾ ਵਿਰੋਧ ਕਰਨ ਵਾਲੇ ਬਿੱਟੂ ਦੇ ਸੁਭਾਅ ਵਿਚ ਇਕਦਮ ਬਦਲਾਅ ਕਿਵੇਂ ਆਇਆ ਹੈ। ਚੇਤੇ ਰਹੇ ਕਿ ਬਿੱਟੂ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਕਰਦੀ ਹੈ ਤਾਂ ਉਹ ਵਿਰੋਧ ਨਹੀਂ ਕਰਨਗੇ।
ਦਰਅਸਲ ਬੰਦੀ ਸਿੰਘਾਂ ਦੀ ਰਿਹਾਈ ਇਕ ਵੱਡਾ ਮੁੱਦਾ ਹੈ। ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਦੌਰਾਨ ਅਕਾਲੀ ਦਲ ਨੇ ਬੰਦੀ ਸਿੰਘਾਂ, ਬਲਵੰਤ ਸਿੰਘ ਰਾਜੋਆਣਾ ਸਮੇਤ ਹੋਰਨਾਂ ਦੀ ਰਿਹਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਦਸਤਖ਼ਤ ਮੁਹਿੰਮ ਚਲਾਈ ਅਤੇ ਲੱਖਾਂ ਦੀ ਗਿਣਤੀ ਵਿਚ ਹਸਤਾਖਰਾਂ ਵਾਲੀ ਅਰਜ਼ੀ ਰਾਜਪਾਲ ਦੇ ਜਰੀਏ ਭਾਰਤ ਸਰਕਾਰ ਤੇ ਰਾਸ਼ਟਰਪਤੀ ਨੂੰ ਭੇਜੀ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਸੀ। ਕੇਂਦਰ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਦੀ ਰਿਹਾਈ ਸਬੰਧੀ ਨੋਟੀਫਿਕੇਸ਼ਨ ਜਾਰੀ ਵੀ ਕੀਤਾ ਸੀ ਪਰ ਕਿਸੇ ਦੀ ਰਿਹਾਈ ਨਾ ਹੋ ਸਕੀ। ਬਿੱਟੂ ਨੇ ਉਦੋਂ ਵੀ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ।
ਇਹ ਹੈ ਵਜ੍ਹਾ
ਬਿੱਟੂ ਦੇ ਬਿਆਨ ਪਿੱਛੇ ਆਖ਼ਰ ਵਜਾ ਕੀ ਹੈ? ਸਿਆਸੀ ਮਾਹਿਰਾਂ ਤੇ ਸਮਾਜ ਸਾਸ਼ਤਰੀਆਂ ਦਾ ਮੰਨਣਾ ਹੈ ਭਾਜਪਾ ਨੇ ਤਾਜ਼ਾ ਲੋਕ ਸਭਾ ਚੋਣਾਂ ਵਿਚ ਲੋਕਾਂ ਦਾ ਸੁਭਾਅ ਪੜ੍ਹ ਲਿਆ ਹੈ। 2027 ਵਿਚ ਪੰਜਾਬ ’ਚ ਸਰਕਾਰ ਬਣਾਉਣ ਲਈ ਭਾਜਪਾ ਦਾ ਪੂਰਾ ਜੋ਼ਰ ਲੱਗਿਆ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟਣ ਦੀ ਮੁੱਖ ਵਜਾ ਤਿੰਨ ਖੇਤੀ ਕਾਨੂੰਨ ਸਨ। ਅਕਾਲੀ ਦਲ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚੁੱਕ ਰਿਹਾ ਹੈ। ਦੋਵਾਂ ਪਾਰਟੀਆਂ ਨੇ ਚੋਣ ਨਤੀਜਿ਼ਆਂ ਨੂੰ ਪੜ੍ਹ ਲਿਆ ਹੈ, ਇਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਫਸਲਾਂ ਉਤੇ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਨਿਯਮਾਂ ’ਦੇ ਮਸਲੇ ਹੱਲ ਕਰਨੇ ਪੈਣਗੇ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਰੀਆਂ ਦਾਲਾਂ ਦੀ 100 ਫੀਸਦੀ ਖਰੀਦ ਯਕੀਨੀ ਬਣਾਉਣ ਦਾ ਬਿਆਨ ਦਿੱਤਾ ਹੈ। ਮਾਹਿਰਾ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬਿੱਟੂ ਦੇ ਬਿਆਨ ਨਾਲ ਪੰਜਾਬ ਦੀ ਸਿਆਸੀ ਜਮੀਨ ਤਲਾਸ਼ੇਗੀ। ਅਗਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮਸਲਿਆ ਦਾ ਹੱਲ ਹੋ ਜਾਂਦਾ ਹੈ ਤਾਂ ਅਕਾਲੀ ਦਲ ਤੇ ਭਾਜਪਾ ਵਿਚ ਮੁੜ ਗੱਠਜੋੜ਼ ਦਾ ਰਾਹ ਪੱਧਰਾ ਹੋ ਸਕਦਾ ਹੈ। ਭਾਜਪਾ ਨੂੰ ਪੰਜਾਬ ਵਿਚ ਪੈਰ ਲਗਾਉਣ ਲਈ ਇਹ ਦੋਵੇ ਕੰਡੇ ( ਖੇਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ) ਕੱਢਣੇ ਪੈਣਗੇ। ਯਾਨੀ ਸਿਆਸੀ ਸੂਝਬੂਝ ਰੱਖਣ ਵਾਲੇ ਲੋਕ ਬਿੱਟੂ ਦੇ ਬਿਆਨ ਨੂੰ ਭਾਜਪਾ ਵਲੋਂ ਅਕਾਲੀ ਦਲ ਨਾਲ ਮੁੜ ਗਠਜੋੜ ਅਤੇ ਸਿੱਖਾਂ ਨੂੰ ਭਾਜਪਾ ਦੇ ਹੋਰ ਨੇੜੇ ਲਿਆਉਣ ਦੇ ਰੂਪ ਵਿਚ ਦੇਖ ਰਹੇ ਹਨ।