ਚੰਡੀਗੜ 14 ਜੂਨ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਦੇ ਨਵੇਂ ਬਣੇ ਤਿੰਨ ਸੰਸਦ ਮੈਂਬਰਾਂ ਗੁਰਮੀਤ ਸਿੰਘ ਮੀਤ ਹੇਅਰ (ਸੰਗਰੂਰ), ਡਾ ਰਾਜ ਕੁਮਾਰ ਚੱਬੇਵਾਲ (ਹੁਸ਼ਿਆਰਪੁਰ) ਅਤੇ ਮਲਵਿੰਦਰ ਸਿੰਘ ਕੰਗ (ਸ੍ਰੀ ਆਨੰਦਪੁਰ ਸਾਹਿਬ) ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਹੈ। ਤਿੰਨੋ ਨਵੇਂ ਬਣੇ ਸੰਸਦ ਮੈਂਬਰਾਂ ਦੀ ਰਾਘਵ ਚੱਢਾ ਨਾਲ ਮੀਟਿੰਗਨੁਮਾ ਮੁਲਾਕਾਤ ਦੀ ਸਿਆਸੀ ਹਲਕਿਆਂ ਵਿਚ ਕਾਫ਼ੀ ਚਰਚਾ ਹੈ। ਹਾਲਾਂਕਿ ਆਪ ਦੇ ਨਵੇਂ ਬਣੇ ਸੰਸਦ ਮੈਂਬਰ ਇਸ ਮੀਟਿੰਗ, ਮੁਲਾਕਾਤ ਨੂੰ ਸਿਰਫ਼ ਜਿੱਤਣ ਬਾ੍ਦ ਸਿਰਫ਼ ਰਸਮੀ ਮੁਲਾਕਾਤ ਦੱਸ ਰਹੇ ਹਨ, ਪਰ ਸੱਤਾ ਦੇ ਗਲਿਆਰਿਆ ਵਿਚ ਇਸ ਮੁਲਾਕਾਤ ਦੀ ਕਾਫ਼ੀ ਚਰਚਾ ਬਣੀ ਹੋਈ ਹੈ।
ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਤਿੰਨ ਸੀਟਾਂ ਮਿਲੀਆ ਹਨ, ਜਦਕਿ ਮੁੱਖ ਮੰਤਰੀ ਭਗਵੰਤ ਮਾਨ 13-0 ਦਾ ਦਾਅਵਾ ਕਰਦੇ ਰਹੇ ਹਨ। ਉਧਰ ਰਾਘਵ ਚੱਢਾ ਵੀ ਪਿਛਲੇ ਕਈ ਮਹੀਨੇ ਸੂਬੇ ਦੀ ਸਿਆਸਤ ਤੋਂ ਦੂਰ ਰਹੇ ਹਨ ਅਤੇ ਉਹ ਚੋਣ ਪ੍ਰਚਾਰ ਦੇ ਆਖ਼ਰੀ ਗੇੜ ਮੌਕੇ ਹੀ ਵਿਦੇਸ਼ ਤੋਂ ਵਾਪਸ ਪਹੁੰਚੇ ਸਨ। ਜਿਹਨਾਂ ਨੇ ਕੁੱਝ ਹਲਕਿਆਂ ਵਿਚ ਚੋਣ ਪ੍ਰਚਾਰ ਵਿਚ ਹਿੱਸਾ ਲਿਆ।
ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਸ ਤੋਂ ਉਲਟ ਨਤੀਜ਼ੇ ਆਉਣ ਬਾਅਦ ਉਮੀਦਵਾਰਾਂ, ਵਿਧਾਇਕਾਂ ਅਤੇ ਹੋਰਨਾਂ ਆਗੂਆਂ ਨਾਲ ਮੀਟਿੰਗਾਂ ਕਰਕੇ ਧਰਾਤਲ ਸਚਾਈ ਜਾਨਣ ਦਾ ਕੋਸ਼ਿਸ ਕੀਤੀ। ਮੁੱਖ ਮੰਤਰੀ ਵਲੋਂ ਕੀਤੀਆ ਜਾ ਰਹੀਆਂ ਮੀੈਟਿੰਗਾਂ ਵਿਚ ਪਾਰਟੀ ਦੇ ਸੀਨੀਅਰ ਆਗੂ, ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੇ ਕੌਮੀ ਜਰਨਲ ਸਕੱਤਰ ਡਾ ਸੰਦੀਪ ਪਾਠਕ ਤੇ ਹੋਰ ਆਗੂ ਗੈਰ ਹਾਜ਼ਰ ਰਹੇ ਸਨ।
ਇਸਤੋਂ ਬਾਅਦ ਸੰਦੀਪ ਪਾਠਕ ਨੇ ਬੀਤੇ ਦਿਨ ਸੈਕਟਰ 39 ਸਥਿਤ ਪਾਰਟੀ ਦਫ਼ਤਰ ਵਿਚ ਪਾਰਟੀ ਆਗੂਆ, ਕੁੱਝ ਵਿਧਾਇਕਾਂ ਤੇ ਜਿੱਤੇ ਆਗੂਆਂ ਨਾਲ ਮੀਟਿੰਗ ਕੀਤੀ। ਪਤਾ ਲੱਗਿਆ ਹੈ ਕਿ ਡਾ ਪਾਠਕ ਨੇ ਵੀ ਪਾਰਟੀ ਦੀ ਜ਼ਮੀਨੀ ਹਕੀਕਤ ਦਾ ਪਤਾ ਲਾਉਣ ਦਾ ਯਤਨ ਕੀਤੀ ਕਿ ਆਖ਼ਰ ਕਿਉਂ ਪਾਰਟੀ ਤਿੰਨ ਸੀਟਾਂ ਤੱਕ ਸਿਮਟ ਗਈ। ਪਾਠਕ ਦੁਆਰਾ ਕੁੱਝ ਵਿਧਾਇਕਾਂ ਨਾਲ ਮੀਟਿੰਗ ਕੀਤੇ ਜਾਣ ਨਾਲ ਸੱਤਾ ਦੇ ਗਲਿਆਰਿਆ ਵਿਚ ਪਾਰਟੀ ਤੇ ਵਜਾਰਤ ਵਿਚ ਫੇਰਬਦਲ ਹੋਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ।
ਰਾਘਵ ਚੱਢਾ , ਆਮ ਆਦਮੀ ਪਾਰਟੀ ਦੇ ਪੰਜਾਬ ਸੂਬੇ ਦੇ ਸਹਿ ਪ੍ਰਭਾਰੀ ਹਨ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਅਤੇ ਡਾ ਸੰਦੀਪ ਪਾਠਕ ਵਲੋਂ ਕੀਤੀਆਂ ਮੀਟਿੰਗਾਂ ਵਿਚ ਉਹ ਸ਼ਾਮਲ ਨਹੀਂ ਸਨ। ਇਸੀ ਤਰਾਂ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਵੀ ਚੋਣ ਪ੍ਰਚਾਰ ਵਿਚ ਘੱਟ ਨਜ਼ਰ ਆਏ।
ਹੁਣ ਰਾਘਵ ਚੱਢਾ ਮੁੜ ਸਰਗਰਮ ਹੋ ਗਏ ਹਨ। ਜਦੋਂ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਜੇਲ ਵਿਚ ਬੰਦ ਹਨ ਤਾਂ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਅਲੱਗ ਅਲੱਗ ਮੀਟਿੰਗਾਂ ਕਰਨੀਆ ਕਈ ਤਰਾਂ ਦੇ ਸੰਕੇਤ ਦਿੰਦੀਆਂ ਹਨ। ਸਿਆਸੀ ਗਲਿਆਰਿਆ ਵਿਚ ਵੀ ਕਈ ਤਰਾਂ ਦੀਆਂ ਅਫਵਾਹਾਂ ਤੇ ਚਰਚਾਵਾਂ ਦਾ ਬਜ਼ਾਰ ਗਰਮ ਹੈ।