ਚੰਡੀਗੜ ,14 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਕਾਂਗਰਸ ਦੇ ਤਿੰਨ ਵਿਧਾਇਕ ਸ਼ੁੱਕਰਵਾਰ ਤੋਂ ਸਾਬਕਾ ਵਿਧਾਇਕ ਬਣ ਗਏ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ, ਗਿੱਦਡ਼ਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਤੇ ਚੱਬੇਵਾਲ ਤੋ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਹ ਤਿੰਨੋ ਵਿਧਾਇਕ 18 ਵੀ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਨ। ਨਿਯਮਾਂ ਮੁਤਾਬਿਕ ਉਨ੍ਹਾਂ ਨੂੰ ਦੋਵਾਂ ਵਿਚ ਇਕੋ ਅਹੁੱਦੇ ਤੋਂ ਅਸਤੀਫ਼ਾ ਦੇਣਾ ਜਰੂਰੀ ਸੀ, ਜਿਸ ਕਰਕੇ ਉਨ੍ਹਾਂ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਦਿੱਤਾ ਅਤੇ ਸਪੀਕਰ ਨੇ ਹੱਥੋ ਹੱਥੀ ਅਸਤੀਫ਼ਾ ਪਰਵਾਨ ਕਰ ਲਿਆ ਹੈ।
ਉਂਝ ਚੱਬੇਵਾਲ ਤੋਂ ਵਿਧਾਇਕ ਡਾ ਰਾਜ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਉਨਾਂ ਆਪ ਵਿਚ ਸ਼ਾਮਲ ਹੁੰਦਿਆਂ ਹੀ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੀ ਤਰਾਂ ਵੋਟਾਂ ਦੌਰਾਨ ਆਪ ਦਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਸਿੰਘ ਅੰਗੁਰਾਲ ਵੀ ਆਪ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ। ਅੰਗੁਰਾਲ ਨੇ ਵੀ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਜੇਕਰ ਅਸਤੀਫ਼ਾ ਨਾ ਦਿੰਦੇ ਤਾੰ ਉਹਨਾਂ ਨੂੰ ਦਲਬਦਲੂ ਐਕਟ ਦਾ ਸਾਹਮਣਾ ਕਰਨਾ ਪੈ ਸਕਦਾ ਸੀ।
ਮੌਜੂਦਾ ਵਿਧਾਨ ਸਭਾ ਦੇ ਮੈਬਰ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ, ਚੱਬੇਵਾਲ ਦੇ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਅਤੇ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਸੀਤਲ ਅੰਗੁਰਾਲ ਨੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਅਸਤੀਫ਼ਾ ਦੇ ਦਿੱਤਾ ਸੀ,ਪਰ ਸਪੀਕਰ ਨੇ ਉਨਾਂ ਦੀ ਸੀਟ 30 ਮਈ ਨੂੰ ਖਾਲੀ ਘੋਸ਼ਿਤ ਕੀਤੀ, ਜਿਥੇ ਹੁਣ 10 ਜੁਲਾਈ ਨੂੰ ਜ਼ਿਮਨੀ ਹੋਣ ਹੋਵੇਗੀ।
ਰੰਧਾਵਾਂ ਚੌਥੀ ਵਾਰ ਵਿਧਾਇਕ ਬਣੇ ਸਨ
1 ਫਰਵਰੀ 1959 ਨੂੰ ਪਿੰਡ ਧਾਰੋਵਾਲੀ ਵਿਚ ਜਨਮੇ ਸੁਖਜਿੰਦਰ ਸਿੰਘ ਰੰਧਾਵਾਂ ਪਹਿਲੀ ਵਾਰ 2002 ਵਿਚ ਡੇਰਾ ਬਾਬਾ ਨਾਨਕ ਤੋ ਵਿਧਾਇਕ ਬਣੇ ਸਨ। ਉਸਤੋਂ ਬਾਅਦ 2012, 2017 ਅਤੇ 2022 ਵਿਚ ਵਿਧਾਇਕ ਬਣੇ ਸਨ। ਉਹ ਕੈਪਟਨ ਸਰਕਾਰ ਵਿਚ ਕੈਬਨਿਟ ਮੰਤਰੀ ਅਤੇ ਚੰਨੀ ਸਰਕਾਰ ਵਿਚ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਕਾਂਗਰਸ ਪਾਰਟੀ ਵਿਚ ਉਹ ਰਾਜਸਥਾਨ ਸੂਬੇ ਦੇ ਇੰਚਾਰਜ ਹਨ।
ਵੜਿੰਗ ਨੇ ਗਿੱਦਡ਼ਬਾਹਾ ਤੋਂ ਬਣਾਈ ਸੀ ਹੈਟ੍ਰਿਕ
29 ਨਵੰਬਰ 1977 ਨੂੰ ਜਨਮੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਪਹਿਲੀ ਵਾਰ 2012 ਵਿਚ ਗਿੱਦਡ਼ਬਾਹਾ ਤੋਂ ਅਕਾਲੀ ਉਮੀਦਵਾਰ ਸੰਤ ਸਿੰਘ ਬਰਾਡ਼ ਨੂੰ ਹਰਾਕੇ ਵਿਧਾਨ ਸਭਾ ਪੁੱਜੇ ਸਨ। ਇਸਤੋਂ ਬਾਅਦ 2017 ਵਿਚ ਮੁਡ਼ ਵਿਧਾਇਕ ਬਣੇ । ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿਚ ਉਹ ਟਰਾਂਸਪੋਰਟ ਮੰਤਰੀ ਬਣੇ ਸਨ। ਇਸੀ ਤਰਾਂ 2022 ਵਿਚ ਸੂਬੇ ਵਿਚ ਆਪ ਦੇ ਹੱਕ ਵਿਚ ਝੁੱਲ ਰਹੀ ਹਨੇਰੀ ਦੇ ਬਾਵਜੂਦ ਉਹ ਹੈਟ੍ਰਿਕ ਲਗਾਉਣ ਵਿਚ ਕਾਮਯਾਬ ਰਹੇ ਸਨ। ਤੀਜ਼ੀ ਵਾਰ ਵਿਧਾਇਕ ਬਣਨ ਬਾਅਦ ਉਨਾਂ ਦੇ ਪੱਲੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਪਈ।
ਚੱਬੇਵਾਲ ਦੂਜੀ ਵਾਰ ਵਿਧਾਇਕ ਬਣੇ ਸਨ
ਦਲਿਤ ਪਰਿਵਾਰ ਵਿਚ ਜੰਮੇ ਪਲੇ ਡਾ ਰਾਜ ਕੁਮਾਰ ਚੱਬੇਵਾਲ ਦੂਜੀ ਵਾਰ ਵਿਧਾਇਕ ਬਣੇ ਸਨ। ਪਹਿਲਾ ਉਹ 2017 ਵਿਚ ਚੱਬੇਵਾਲ ਤੋ ਵਿਧਾਇਕ ਬਣੇ ਸਨ ਫਿਰ ਉਹ 2022 ਵਿਚ ਮੁੜ ਜਿੱਤਕੇ ਵਿਧਾਨ ਸਭਾ ਵਿਚ ਪੁੱਜੇ। ਉਹ ਪੰਜਾਬ ਕਾਂਗਰਸ ਦੇ SC ਵਿੰਗ ਦੇ ਸੂਬਾ ਪ੍ਰਧਾਨ ਸਮੇਤ ਕਈ ਅਹੁੱਦਿਆ ਉਤੇ ਰਹਿ ਚੁੱਕੇ ਹਨ। ਪਰ ਬਜਟ ਸੈਸ਼ਨ ਵਿਚ ਆਪ ਸਰਕਾਰ ਖਿਲਾਫ਼ ਜਬਰਦਸਤ ਹਮਲਾ ਕਰਨ ਵਾਲੇ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ।