ਸੋਨੀਆ, ਰਾਹੁਲ ਤੇ ਪ੍ਰਿਅੰਕਾ ਨੂੰ ਪਰਿਵਾਰਵਾਦ ਦੀ ਰਾਜਨੀਤੀ ਨਾ ਕਰਨ ਦੀ ਸਲਾਹ ਦਿਓ:
ਚੰਡੀਗੜ੍ਹ, 14 ਜੂਨ (ਖ਼ਬਰ ਖਾਸ ਬਿਊਰੋ)
ਸਾਬਕਾ ਅਕਾਲੀ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੂੰ ਪਰਿਵਾਰਵਾਦ ਦੀ ਰਾਜਨੀਤੀ ਖਿਲਾਫ ਆਪਣੇ ਬਿਆਨਾਂ ’ਤੇ ਕਾਇਮ ਰਹਿੰਦਿਆਂ ਦਲੇਰੀ ਵਿਖਾਉਣ ਅਤੇ ਆਪਣੇ ਆਕਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਰਾਬਰਟ ਵਾਡਰਾ ਨੂੰ ਪਰਿਵਾਰਵਾਦ ਦੀ ਰਾਜਨੀਤੀ ਨਾ ਕਰਨ ਦੀ ਸਲਾਹ ਦੇਣ ਦੀ ਨਸੀਹਤ ਦਿੱਤੀ ਹੈ। ਗਰੇਵਾਲ ਨੇ ਕਿਹਾ ਕਿ ਰਾਜਾ ਵੜਿੰਗ ਜੋ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਤੋ ਡਰੋਂ ਬਠਿੰਡਾ ਤੋਂ ਭੱਜ ਗਏ। ਉਹਨਾਂ ਨੇ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਸੱਚਮੁੱਚ ਚਾਹੁੰਦੇ ਹਨ ਕਿ ਪਰਿਵਾਰਵਾਦ ਦੀ ਰਾਜਨੀਤੀ ਕਰਨਾ ਚਾਹੁੰਦੇ ਤਾਂ ਫਿਰ ਉਹ ਆਪਣੀ ਪਤਨੀ ਨੂੰ ਵੀ ਬਠਿੰਡਾ ਵਿਚ ਰਾਜਨੀਤੀ ਤੋਂ ਦੂਰ ਰੱਖਣ ਤੇ ਕਿਹਾ ਕਿ ਕਿਸੇ ਵੀ ਰਾਜਨੀਤੀਵਾਨ ਦੇ ਪਰਿਵਾਰਕ ਜੀਆਂ ਨੂੰ ਸਿਰਫ ਮੈਰਿਟ ਦੇ ਆਧਾਰ ’ਤੇ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਵੜਿੰਗ ਨੂੰ ਪਹਿਲਾਂ ਵੀ ਆਪਣੇ ਘਰੇਲੂ ਇਲਾਕੇ ਵਿਚ ਮਾਰ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਉਹਨਾਂ ਬਠਿੰਡਾ ਤੋਂ ਭੱਜ ਜਾਣ ਵਿਚ ਭਲਾਈ ਸਮਝੀ। ਉਹਨਾਂ ਕਿਹਾ ਕਿ ਵੜਿੰਗ ਹੁਣ ਮੈਂਬਰ ਪਾਰਲੀਮੈਂਟ ਹਨ ਅਤੇ ਉਹਨਾਂ ਨੂੰ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਗਾਂਧੀ ਪਰਿਵਾਰ ਨੂੰ ਆਖਣਾ ਚਾਹੀਦਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਲਈ ਮੁਆਫੀ ਮੰਗੇ। ਉਹਨਾਂ ਨਾਲ ਹੀ ਕਿਹਾ ਕਿ ਵੜਿੰਗ ਤੇ ਉਹਨਾਂ ਦੇ ਸਾਬਕਾ ਸਾਥੀ ਰਵਨੀਤ ਬਿੱਟੂ ਹੁਣ ਆਪਣੇ ਮਾੜੇ ਕਾਰਨਾਮਿਆਂ ਲਈ ਇਕ ਦੂਜੇ ਖਿਲਾਫ ਜ਼ਹਿਰ ਉਗਲ ਰਹੇ ਹਨ।