ਚੰਡੀਗੜ ,14 ਜੂਨ (ਖ਼ਬਰ ਖਾਸ ਬਿਊਰੋ)
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ ਨੇ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰੰਧਾਵਾਂ ਹਾਲ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਤੋਂ ਸੰਸਦ ਚੁਣੇ ਗਏ ਹਨ। ਨਿਯਮਾਂ ਮੁਤਾਬਿਕ ਉਨ੍ਹਾਂ ਨੂੰ ਦੋਵਾਂ ਵਿਚ ਇਕੋ ਅਹੁੱਦੇ ਤੋਂ ਅਸਤੀਫ਼ਾ ਦੇਣਾ ਜਰੂਰੀ ਸੀ, ਜਿਸ ਕਰਕੇ ਉਨ੍ਹਾਂ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜ ਦਿੱਤਾ ਹੈ।
ਚੇਤੇ ਰਹੇ ਕਿ ਮੌਜੂਦਾ ਵਿਧਾਨ ਸਭਾ ਦੇ ਚਾਰ ਮੈਬਰ ਸੰਸਦ ਚੁਣੇ ਗਏ ਹਨ। ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ, ਚੱਬੇਵਾਲ ਦੇ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਅਤੇ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਚੁਣੇ ਗਏ ਹਨ। ਡਾ ਚੱਬੇਵਾਲ ਨੇ ਆਪ ਵਿਚ ਸ਼ਾਮਲ ਹੋਣ ਉਪਰੰਤ ਅਸਤੀਫਾ ਦੇ ਦਿੱਤਾ ਸੀ, ਇਸੀ ਤਰ੍ਹਾਂ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਸੀਤਲ ਅੰਗੁਰਾਲ ਨੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਅਸਤੀਫ਼ਾ ਦੇ ਦਿੱਤਾ ਸੀ,ਜਿਥੇ ਹੁਣ 10 ਜੁਲਾਈ ਨੂੰ ਜ਼ਿਮਨੀ ਹੋਣ ਹੋਵੇਗੀ।
ਚੌਥੀ ਵਾਰ ਵਿਧਾਇਕ ਬਣੇ ਸਨ ਰੰਧਾਵਾਂ
1 ਫਰਵਰੀ 1959 ਨੂੰ ਪਿੰਡ ਧਾਰੋਵਾਲੀ ਵਿਚ ਜਨਮੇ ਸੁਖਜਿੰਦਰ ਸਿੰਘ ਰੰਧਾਵਾਂ ਪਹਿਲੀ ਵਾਰ 2002 ਵਿਚ ਡੇਰਾ ਬਾਬਾ ਨਾਨਕ ਤੋ ਵਿਧਾਇਕ ਬਣੇ ਸਨ। ਉਸਤੋ ਬਾਅਦ 2012, 2017 ਅਤੇ 2022 ਵਿਚ ਵਿਧਾਇਕ ਬਣੇ ਸਨ। ਉਹ ਕੈਪਟਨ ਸਰਕਾਰ ਵਿਚ ਕੈਬਨਿਟ ਮੰਤਰੀ ਅਤੇ ਚੰਨੀ ਸਰਕਾਰ ਵਿਚ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ।