ਚੰਡੀਗੜ 11 ਜੂਨ, (ਖ਼ਬਰ ਖਾਸ ਬਿਊਰੋੋ)
ਚੋਣ ਕਮਿਸ਼ਨ ਨੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਉਪ ਚੋਣ ਦਾ ਐਲਾਨ ਕਰ ਦਿੱਤਾ ਹੈ, ਜਿੱਥੇ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਸਿਆਸੀ ਹਲਕਿਆ ਅਤੇ ਲੋਕਾਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਚਾਰ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਗਏ ਹਨ, ਪਰ ਉਨ੍ਹਾਂ ਦੇ ਹਲਕਿਆਂ ਵਿਚ ਚੋਣ ਕਮਿਸ਼ਨ ਨੇ ਉਪ ਚੋਣ ਦਾ ਐਲਾਨ ਕਿਉਂ ਨਹੀਂ ਕੀਤਾ। ਪਹਿਲੀ ਨਜ਼ਰ ਸਾਰਿਆਂ ਦਾ ਸਵਾਲ ਚੋਣ ਕਮਿਸ਼ਨ ਦੀ ਕਾਰਵਾਈ ਉਤੇ ਖੜਾ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਆਪ ਦਾ ਖਹਿੜਾ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਆਗੂਆਂ ਅਤੇ ਸ਼ੀਤਲ ਅੰਗੂਰਾਲ ਨੂੰ ਉਮੀਦ ਸੀ ਕਿ ਵਿਧਾਨ ਸਭਾ ਦੇ ਸਪੀਕਰ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲੈਣਗੇ ਅਤੇ ਲੋਕ ਸਭਾ ਚੋਣਾਂ ਦੌਰਾਨ ਹੀ ਜ਼ਿਮਨੀ ਚੋਣ ਹੋ ਜਾਵੇਗੀ। ਜੇਕਰ ਅਜਿਹਾ ਹੁੰਦਾ ਤਾਂ ਸ਼ੀਤਲ ਅੰਗੂਰਾਲ ਭਾਜਪਾ ਦੀ ਟਿਕਟ ਤੇ ਉਪ ਚੋਣ ਵਿਚ ਉਮੀਦਵਾਰ ਹੋ ਸਕਦੇ ਸਨ।
ਦੂਜੇ ਪਾਸੇ ਚੱਬੇਵਾਲ ਤੋਂ ਕਾਂਗਰਸ ਦੇ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਵੀ ਕਾਂਗਰਸ ਦਾ ਹੱਥ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਪ ਵਿਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਹਨਾਂ ਦੋਵਾਂ ਵਿਧਾਇਕਾਂ ਨੇ ਪਾਰਟੀਆਂ ਬਦਲੀਆਂ ਸਨ, ਇਸ ਕਰਕੇ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਦੇਣਾ ਜਰੂਰੀ ਸੀ, ਨਹੀ ਤਾਂ ਦਲ ਬਦਲੂ ਐਕਟ ਤਹਿਤ ਕਾਰਵਾਈ ਹੋ ਸਕਦੀ ਸੀ। ਦੋਵਾਂ ਦਾ ਅਸਤੀਫ਼ਾ ਲੋਕ ਸਭਾ ਚੋਣਾਂ ਦੀ ਪ੍ਰੀਕਿਰਿਆ ਸ਼ੁਰੂ ਹੋਣ ਤੱਕ ਸਵੀਕਾਰ ਕੀਤਾ ਗਿਆ। ਜਿਸ ਕਰਕੇ ਲੋਕ ਸਬਾ ਚੋਣਾਂ ਦੇ ਨਾਲ ਉਪ ਚੋਣ ਸੰਭਵ ਨਹੀ ਹੋ ਸਕੀ।
ਜਿਉਂ ਹੀ 1 ਜੂਨ ਨੂੰ ਵੋਟਾਂ ਖ਼ਤਮ ਹੋਈਆਂ ਤਾਂ ਸ਼ੀਤਲ ਅੰਗੂਰਾਲ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਪੀਲ ਕੀਤੀ ਪਰ ਅੰਗੂਰਾਲ ਦਾ ਅਸਤੀਫ਼ਾ ਸਵੀਕਾਰ ਕਰਕੇ 30 ਮਈ ਨੂੰ ਜਲੰਧਰ ਪੱਛਮੀ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ। ਇਸ ਤਰ੍ਹਾਂ ਚੋਣ ਕਮਿਸ਼ਨ ਨੇ ਸੱਤ ਸੂਬਿਆਂ ਦੀ 13 ਸੀਟਾਂ ਲਈ ਉਪ ਚੋਣ ਦਾ ਐਲਾਨ ਕਰ ਦਿੱਤਾ। ਜਿਸ ਵਿਚ ਜਲੰਧਰ ਪੱਛਮੀ ਸੀਟ ਵੀ ਸ਼ਾਮਲ ਹਨ।
ਹੁਣ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ ਕ੍ਰਮਵਾਰ ਸੰਗਰੂਰ, ਲੁਧਿਆਣਾ ਅਤੇ ਗੁਰਦਾਸਪੁਰ ਤੋ ਸੰਸਦ ਮੈੰਬਰ ਚੁਣੇ ਜਾ ਚੁੱਕੇ ਹਨ, ਪਰ ਇਹਨਾਂ ਨੇ ਆਪਣਾ ਅਸਤੀਫ਼ਾ ਨਹੀੰ ਦਿੱਤਾ। ਇਸ ਤਰ੍ਹਾਂ ਇਹਨਾਂ ਚਾਰਾਂ ਦਾ ਅਸਤੀਫ਼ਾ ਪ੍ਰਵਾਨ ਨਹੀੰ ਹੋਇਆ, ਜਿਸ ਕਰਕੇ ਇਹ ਸੀਟਾਂ ਖਾਲੀ ਘੋਸ਼ਿਤ ਨਹੀਂ ਹੋ ਸਕੀਆ। ਜਿਸ ਕਰਕੇ ਕੇਵਲ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ’ਚ 10 ਜੁਲਾਈ ਨੂੰ ਜ਼ਿਮਨੀ ਚੋਣ ਹੋ ਰਹੀ ਹੈ।