ਚੰਡੀਗੜ 9 ਜੂਨ (ਖ਼ਬਰ ਖਾਸ ਬਿਊਰੋ)
ਰਵਨੀਤ ਸਿੰਘ ਬਿੱਟੂ ਕਿਸਮਤ ਦਾ ਧਨੀ ਹੈ। ਪਿਛਲੇ ਕਰੀਬ ਡੇਢ ਦਹਾਕੇ ਤੋਂ ਰਵਨੀਤ ਬਿੱਟੂ ਬਤੌਰ ਐੱਮ.ਪੀ ਸੱਤਾ ਸੁੱਖ ਭੋਗ ਰਿਹਾ ਹੈ। ਚੋਣ ਹਾਰ ਜਾਣ ਬਾਦ ਉਸਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਸਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ। ਅੱਜ ਜਦੋਂ ਦੇਸ਼ ਵਿੱਚ ਤੀਜੀ ਵਾਰ ਭਾਜਪਾ (ਐਨਡੀਏ) ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਪੰਜਾਬ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵੀ ਰਾਜ ਮੰਤਰੀ ਵਜੋਂ ਮੋਦੀ ਵਜਾਰਤ ਵਿੱਚ ਸਹੁੰ ਚੁੱਕਣਗੇ। ਬਿਟੂ ਲੁਧਿਆਣਾ ਲੋਕ ਸਭਾ ਹਲਕੇ ਤੋ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ, ਪਰ ਇਸ ਵਾਰ ਉਹ ਭਾਜਪਾ ਦੀ ਟਿਕਟ ਤੋ ਉਮੀਦਵਾਰ ਬਣੇ ਸਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥੋ ਹਾਰ ਗਏ ਹਨ।
ਬਿੱਟੂ ਨੇ ਪ੍ਰਗਟ ਕੀਤੀ ਮੁੱਖ ਮੰਤਰੀ ਬਣਨ ਦੀ ਇੱਛਾ
ਰਵਨੀਤ ਬਿੱਟੂ ਨੇ ਕਿਹਾ ਕਿ ਮੇਰੇ ਲਈ ਇਹ ਵੱਡੀ ਗੱਲ ਹੈ ਕਿ ਚੋਣ ਹਾਰਨ ਦੇ ਬਾਵਜੂਦ ਮੈਨੂੰ ਕੈਬਨਿਟ ਵਿੱਚ ਚੁਣਿਆ ਗਿਆ। ਪੰਜਾਬ ਨੂੰ ਪਹਿਲ ਦਿੱਤੀ ਗਈ ਹੈ। ਬਿੱਟੂ ਨੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਲਈ ਮੈਦਾਨ ਤਿਆਰ ਕਰਨਗੇ। ਬਿਟੂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਸੀ। ਬਿੱਟੂ ਨੇ ‘ਆਪ’ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ‘ਆਪ’ ਕੀ ਕੰਮ ਕਰ ਰਹੀ ਹੈ, ਇਹ ਸਭ ਨੂੰ ਪਤਾ ਹੈ। ਹੁਣ ਲੋਕਾਂ ਕੋਲ ਇੱਕ ਹੀ ਰਾਹ ਬਚਿਆ ਹੈ ਉਹ ਹੈ ਭਾਜਪਾ। ਬਿੱਟੂ ਨੇ ਕਿਹਾ ਕਿ ਜੇਕਰ ਮੌਕਾ ਦਿੱਤਾ ਗਿਆ ਤਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹਾਂਗਾ।
ਮਰਹੂਮ ਬੇਅੰਤ ਸਿੰਘ ਦਾ ਪੋਤਾ ਹੈ ਬਿੱਟੂ
ਬਿੱਟੂ ਦੇ ਸ਼ਾਇਦ ਚਿੱਤ ਚੇਤੇ ਵਿਚ ਵੀ ਨਾ ਹੋਵੇ ਕਿ ਉਹ ਸਿਆਸਤ ਦੀਆਂ ਐਨੀਆ ਪੌੜੀਆਂ ਚੜੇਗਾ। ਰਾਹੁਲ ਗਾਂਧੀ ਨੇ ਪਹਿਲੀ ਵਾਰ ਦੇਸ਼ ਵਿਚ ਯੂਥ ਕਾਂਗਰਸ ਦਾ ਪ੍ਰਧਾਨ ਤੇ ਹੋਰ ਆਗੂ ਵੋਟ ਜਰਿਏ ਚੁਣਨ ਚੁਣਨ ਦਾ ਰਾਹ ਅਖਤਿਆਰ ਕੀਤਾ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੀ। ਗੁਰਕੀਰਤ ਸਿੰਘ ਕੋਟਲੀ ਕਾਂਗਰਸ ਦੇ ਵਿਧਾਇਕ ਸਨ, ਪਰ ਉਨਾਂ ਦੀ ਉਮਰ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਲਈ ਸ਼ਰਤ ਕਾਰਨ ਪੂਰੀ ਨਹੀਂ ਸੀ ਇਸ ਤਰਾਂ ਮੌਕੇ ਦੀ ਸਿਆਸਤ ਨੂੰ ਭਾਂਪਦੇ ਹੋਏ ਰਵਨੀਤ ਬਿੱਟੂ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਦਾ ਉਮੀਦਵਾਰ ਬਣਾਇਆ ਗਿਆ।
ਰਾਹੁਲ ਦੇ ਕਹਿਣ ਉਤੇ ਸ਼ੁਰੂ ਕੀਤੀ ਸੀ ਪੱਗ ਬੰਨਣੀ
ਸ਼ਾਇਦ ਬਹੁਤ ਲੋਕਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੋਵੇਗਾ ਕਿ ਜਦੋਂ ਰਵਨੀਤ ਬਿੱਟੂ ਪੰਜਾਬ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ ਉਦੋ ਉਹ ਸਿਰ ਉਤੇ ਪੱਗ ਨਹੀਂ ਬੰਨਦੇ ਸਨ। ਉਦੋਂ ਰਾਹੁਲ ਗਾਂਧੀ ਨੇ ਪੰਜਾਬ ਦੀ ਸਿਆਸਤ ਵਿਚ ਕਾਮਯਾਬ ਹੋਣ ਲਈ ਰਵਨੀਤ ਬਿੱਟੂ ਨੂੰ ਪੱਗ ਬੰਨਣ ਲਈ ਪ੍ਰੇਰਿਤ ਕੀਤਾ ਸੀ। ਰਾਹੁਲ ਗਾਂਧੀ ਨੇ ਪਹਿਲੀ ਵਾਰ ਯੂਥ ਪ੍ਰਧਾਨ ਨੂੰ ਟਿਕਟ ਦੇਣ ਦੀ ਪਰੰਪਰਾ ਸ਼ੁਰੂ ਕੀਤੀ ਸੀ। 2009 ਵਿਚ ਕਾਂਗਰਸ ਨੇ ਰਵਨੀਤ ਸਿੰਘ ਬਿਟੂ., ਵਿਜੈ ਇੰਦਰ ਸਿੰਗਲਾ, ਸੁਖਵਿੰਦਰ ਡੈਨੀ ਨੂੰ ਟਿਕਟ ਦਿੱਤੀ ਸੀ। ਇਸ ਤਰਾਂ ਬਿੱਟੂ ਅਤੇ ਵਿਜੈ ਇੰਦਰ ਸਿੰਗਲਾ ਕ੍ਰਮਵਾਰ ਆਨੰਦਪੁਰ ਸਾਹਿਬ ਅਤੇ ਸੰਗਰੂਰ ਤੋ ਚੋਣ ਜਿੱਤ ਗਏ ਸਨ ਜਦਕਿ ਸੁਖਵਿੰਦਰ ਡੈਨੀ ਫਰੀਦਕੋਟ ਤੋ ਚੋਣ ਹਾਰ ਗਏ ਸਨ।
ਲਗਾਤਰ ਤਿੰਨ ਵਾਰ ਬਣੇ ਸੰਸਦ
ਰਵਨੀਤ ਬਿੱਟੂ ਪਹਿਲੀ ਵਾਰ 2009 ਵਿਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋ ਚੋਣ ਜਿੱਤੇ ਸਨ। ਉਸਤੋਂ ਬਾਅਦ ਉਹ 2014 ਅਤੇ 2019 ਵਿੱਚ ਲਗਾਤਾਰ ਦੋ ਵਾਰ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ। ਲੋਕ ਸਭਾ ਚੋਣਾਂ ਦੌਰਾਨ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਭਾਜਪਾ ਨੇ ਲੁਧਿਆਣਾ ਤੋ ਪਾਰਟੀ ਦਾ ਉਮੀਦਵਾਰ ਬਣਾਇਆ ਪਰ ਉਹ ਚੋਣ ਹਾਰ ਗਏ ਸਨ। ਭਾਰਤੀ ਜਨਤਾ ਪਾਰਟੀ ਨੇ ਇਸ ਲੋਕ ਸਭਾ ਚੋਣ ਵਿਚ ਇਕੱਲੇ ਹੀ 13 ਸੀਟਾਂ ‘ਤੇ ਚੋਣ ਲੜੀ ਸੀ। ਇਸ ਚੋਣ ਵਿੱਚ ਭਾਵੇਂ ਉਨ੍ਹਾਂ ਨੂੰ ਇੱਕ ਵੀ ਸੀਟ ਨਹੀਂ ਮਿਲੀ ਪਰ ਪੰਜਾਬ ਵਿੱਚ ਭਾਜਪਾ ਦਾ ਵੋਟ ਸ਼ੇਅਰ ਪਹਿਲਾਂ ਨਾਲੋਂ ਵੱਡਾ ਹੈ।
ਚਰਚਾ ਹੈ ਕਿ ਹਾਈਕਮਾਨ ਪੰਜਾਬ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਨੌਜਵਾਨ ਚਿਹਰੇ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ। ਜਿਸ ਤਹਿਤ ਰਵਨੀਤ ਸਿੰਘ ਬਿੱਟੂ ਨੂੰ ਚੁਣ ਕੇ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਕੀਤੀ ਗਈ ਹੈ। ਰਵਨੀਤ ਸਿੰਘ ਬਿੱਟੂ ਪੰਜਾਬ ਦੇ ਸੀਨੀਅਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਪਰਿਵਾਰ ਵਿੱਚੋਂ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਚੋਣ ਕੇਂਦਰੀ ਮੰਤਰੀ ਮੰਡਲ ਕੀਤੀ ਗਈ ਹੈ।
ਇਹ ਵੀ ਪੜੋ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਬਿਟੂ ਨੇ ਨਸ਼ਿਆਂ ਵਿਰੁੱਧ ਪੰਜਾਬ ਵਿਚ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਪੈਦਲ ਮਾਰਚ ਕੀਤਾ ਸੀ। ਬਿੱਟੂ ਦੇ ਪੈਦਲ ਮਾਰਚ ਕਰਨ ਨਾਲ ਉਸਦੀ ਕਾਂਗਰਸ ਵਿਚ ਹੋਰ ਵੀ ਪਕੜ ਮਜਬੂਤ ਹੋਈ। ਯੂਥ ਕਾਂਗਰਸ ਦਾ ਪ੍ਰਧਾਨ ਬਣਨ ਬਾਅਦ ਹੀ ਬਿੱਟੂ ਦਾ ਵਿਆਹ ਹੋਇਆ ਸੀ।
ਬਿੱਟੂ ਜਦੋ ਮੈਂਬਰ ਪਾਰਲੀਮੈਂਟ ਚੁਣੇ ਗਏ ਤਾਂ ਬਾਅਦ ਵਿਚ ਉਨਾਂ ਨੂੰ ਭੁਝੰਗੀ (ਪੁੱਤਰ) ਦੀ ਦਾਤ ਮਿਲੀ। ਇਸ ਤਰਾਂ ਬਿੱਟੂ ਕਿਸਮਤ ਦਾ ਧਨੀ ਹੈ।