ਚੰਡੀਗੜ 8 ਜੂਨ (ਖ਼ਬਰ ਖਾਸ ਬਿਊਰੋ)
ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਨਿਮੋਸ਼ੀ ਭਰੀ ਹਾਰ ਤੋ ਬਾਅਦ ਉਠਣ ਵਾਲੀਆਂ ਬਾਗੀ ਸੁਰਾਂ ਨੂੰ ਦਬਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਅਗੇਤਾ ਹੰਭਲਾ ਮਾਰਨਾ ਸ਼ੁਰੂ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਜ਼ ਉਤੇ ਸੁਖਬੀਰ ਬਾਦਲ ਨੇ ਵੀ ਪਾਰਟੀ ਦੇ ਹਾਰੇ ਹੋਏ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਨ ਤੇ ਹੌਂਸਲਾ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਫ਼ਰਕ ਸਿਰਫ਼ ਐਨਾਂ ਹੈ ਕਿ ਮੁੱਖ ਮੰਤਰੀ ਆਪਣੇ ਚੰਡੀਗੜ ਸਥਿਤ ਸਰਕਾਰੀ ਰਿਹਾਇਸ਼ ਉਤੇ ਮੀਟਿੰਗਾਂ ਕਰ ਰਹੇ ਹਨ, ਜਦਕਿ ਸੁਖਬੀਰ ਨੇ ਉਮੀਦਵਾਰਾਂ ਦੇ ਘਰਾਂ ਵਿਚ ਜਾਣ ਦੀ ਕਵਾਇਦ ਸ਼ੁਰੂ ਕੀਤੀ ਹੈ।
ਸੁਖਬੀਰ ਬਾਦਲ ਅੱਜ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੇ ਘਰ ਪੁੱਜੇ। ਜਿਥੇ ਝੂੰਦਾ ਨੂੰ ਦਿਲਾਸਾ ਦਿੱਤਾ ਉਥੇ ਪਾਰਟੀ ਵਰਕਰਾਂ ਨੂੰ ਵੀ ਹੌਂਸਲਾ ਦਿੱਤਾ। ਪਾਰਟੀ ਲੋਕ ਸਭਾ ਚੋਣਾਂ ਵਿਚ ਬੁਰੀ ਤਰਾਂ ਹਾਰ ਗਈ ਹੈ। ਤੇਰਾਂ ਵਿਚੋ ਪਾਰਟੀ ਦਾ ਇਕ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਹੀ ਚੋਣ ਜਿੱਤ ਸਕੇ ਹਨ। ਅੰਮ੍ਰਿਤਸਰ ਸਾਹਿਬ ਤੋ ਉਮੀਦਵਾਰ ਅਨਿਲ ਜੋਸ਼ੀ ਤੇ ਫਿਰੋਜਪੁਰ ਤੋ ਉਮੀਦਵਾਰ ਨਰਦੇਵ ਸਿੰਘ ਮਾਨ ਨੂੰ ਛੱਡਕੇ ਬਾਕੀ ਦੇ ਸਾਰੇ ਉਮੀਦਵਾਰਾਂ ਦੀਆਂ ਜਮਾਨਤਾ ਜ਼ਬਤ ਹੋ ਗਈਆਂ। ਦਸ ਉਮੀਦਵਾਰ ਚੌਥੇ ਸਥਾਨ ਉਤੇ ਰਹੇ ਹਨ ਜਦਕਿ ਇਕਬਾਲ ਸਿੰਘ ਝੂੰਦਾ ਪੰਜਵੇ ਸਥਾਨ ਉਤੇ ਰਹੇ ਹਨ। ਝੂੰਦਾ ਦੇ ਹਾਰ ਦਾ ਵੱਡਾ ਕਾਰਨ ਸੁਖਦੇਵ ਸਿੰਘ ਢੀਂਡਸਾ ਦਾ ਵਿਰੋਧ ਵੀ ਰਿਹਾ ਹੈ। ਅੱਜ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਇਕਬਾਲ ਸਿੰਘ ਝੂੰਦਾ ਦੇ ਘਰ ਪੁੱਜੇ ਤਾਂ ਢੀਂਡਸਾ ਤੇ ਉਹਨਾਂ ਦੇ ਸਮਰਥਕਾਂ ਦੀ ਗੈਰਹਾਜ਼ਰੀ ਚੁੱਭਦੀ ਰਹੀ।
ਆਨੰਦੁਪਰ ਸਾਹਿਬ ਦੇ ਉਮੀਦਵਾਰ ਤੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹਾਰ ਲਈ ਜਿੱਥੇ ਪਾਰਟੀ ਦੀ ਕੋਈ ਨੀਤੀ ਨਾ ਹੋਣਾ ਦੱਸ ਰਹੇ ਹਨ। ਉਥੇ ਪਾਰਟੀ ਦੇ ਦਾਖਾ ਤੋ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਨਾ ਹੋਣ ਤਕ ਪਾਰਟੀ ਤੋ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਪੱਟੀ ਤੋ ਸਾਬਕਾ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਬਾਹਰ ਦਾ ਰਸਤਾ ਦਿਖਾਉਣ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਤੇ ਬੀਬੀ ਜਗੀਰ ਕੌਰ ਨੇ ਵਰਤੇ ਗਏ ਤਰੀਕੇ ਉਤੇ ਸਵਾਲ ਉਠਾਏ ਹਨ। ਜਦਕਿ ਭਾਈ ਮਨਜੀਤ ਸਿੰਘ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਗੀ ਸੁਰਾਂ ਹੋਰ ਤੇਜ਼ੀ ਨਾਲ ਨਾ ਉਠਣ ਤੋ ਰੋਕਣ ਲਈ ਪਹਿਲਾਂ ਹੀ ਸ਼ੁਰੂਆਤ ਕਰ ਦਿੱਤੀ ਹੈ, ਇਸਦੀ ਸ਼ੁਰੂਆਤ ਇਕਬਾਲ ਸਿੰਘ ਝੂੰਦਾ ਤੋ ਕੀਤੀ ਹੈ।
ਇਹ ਵੀ ਪੜੋ, ਸੁਖਬੀਰ ਨੇ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੇ ਪਾਰਲੀਮਾਨੀ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਨ ਲਈ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਤੇ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਵੱਲੋਂ ਕੀਤੇ ਪੁਰਜ਼ੋਰ ਯਤਨਾਂ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਮਜ਼ਬੂਤ ਕਾਰਗੁਜ਼ਾਰੀ ਵਾਸਤੇ ਤਿਆਰ ਰਹਿਣ ਦੀ ਅਪੀਲ ਕੀਤੀ। ਇਹ ਜਾਣਕਾਰੀ ਪਾਰਟੀ ਨੇ ਜਾਰੀ ਪ੍ਰੈਸ ਬਿਆਨ ਵਿਚ ਦਿੱਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਨਾਲ ਅਮਰਗੜ੍ਹ ਅਤੇ ਰਣਜੀਤ ਸਿੰਘ ਢਿੱਲੋਂ ਨਾਲ ਲੁਧਿਆਣਾ ਵਿਚ ਉਹਨਾਂ ਦੀ ਰਿਹਾਇਸ਼ ’ਤੇ ਜਾ ਕੇ ਮੁਲਾਕਾਤ ਕੀਤੀ ਅਤੇ ਦੋਵਾਂ ਥਾਵਾਂ ’ਤੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਉਹਨਾਂਕਿਹਾ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਾਂਗੇ ਭਾਵੇਂ ਉਹ ਦਰਿਆਈ ਪਾਣੀਆਂ ਦਾ ਮਸਲਾ ਹੋਵੇ, ਸਾਡਾ ਰਾਜਧਾਨੀ ਸ਼ਹਿਰ ਚੰਡੀਗੜ੍ਹ ਸਾਨੂੰ ਦੇਣ ਦੀ ਗੱਲ ਹੋਵੇ ਜਾਂ ਫਿਰ ਕਿਸਾਨਾਂ ਲਈ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਲੈਣੀ ਹੋਵੇ, ਹਰ ਮਸਲੇ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਦੇ ਰਹਾਂਗੇ।
ਬਾਦਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਨਤੀਜਿਆਂ ਤੋਂ ਮਾਯੂਸ ਨਾ ਹੋਣ। ਉਹਨਾਂ ਕਿਹਾ ਕਿ ਸਾਨੂੰ ਹੁਣ ਆਉਂਦੀਆਂ ਜ਼ਿਮਨੀ ਚੋਣਾਂ ਲਈ ਤਿਆਰ ਰਹਿਣਾ ਪਵੇਗਾ। ਸਾਨੂੰ ਭ੍ਰਿਸ਼ਟਾਚਾਰ ਵਿਚ ਡੁੱਬੀ ਆਮ ਆਦਮੀ ਪਾਰਟੀ (ਆਪ) ਦੇ ਕੁਸ਼ਾਸਨ ਨੂੰ ਉਜਾਗਰ ਕਰਨਾਂ ਪਵੇਗਾ ਜਿਸਨੇ ਸੂਬੇ ਨੂੰ ਕੰਗਾਲ ਬਣਾਇਆ ਤੇ ਜਿਸਦੇ ਰਾਜ ਵਿਚ ਨਸ਼ਿਆਂ ਤੇ ਗੈਂਗਸਟਰਾਂ ਦਾ ਪਸਾਰ ਹੋਇਆ। ਉਹਨਾਂਕਿਹਾ ਕਿ ਆਪ ਤੇ ਕਾਂਗਰਸ ਦਾ ਗਠਜੋੜ ਚੋਣਾਂ ਵਿਚ ਬੇਨਕਾਬ ਹੋ ਗਿਆ ਹੈ ਕਿਉਂਕਿ ਦੋਵੇਂ ਪਾਰਟੀਆਂ ਨੇ ਅਕਾਲੀ ਦਲ ਨੂੰ ਪਾਸੇ ਕਰਨ ਲਈ ਗਠਜੋੜ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨੇ ਵੇਖ ਲਿਆ ਹੈ ਕਿ ਕਿਵੇਂ ਦਿੱਲੀ ਆਧਾਰਿਤ ਪਾਰਟੀਆਂ ਅਕਾਲੀ ਦਲ ਦੇ ਖਿਲਾਫ ਇਕਜੁੱਟ ਹੋਈਆਂ ਸਨ।ਪਾਰਟੀ ਪ੍ਰਧਾਨ ਨੇ ਸਬੰਧਤ ਹਲਕਿਆਂ ਦੇ ਆਗੂਆਂ ਤੇ ਵਰਕਰਾਂ ਨਾਲ ਵਿਸਥਾਰ ਵਿਚ ਤੇ ਖੁੱਲ੍ਹੇ ਮਾਹੌਲ ਵਿਚ ਗੱਲਬਾਤ ਕੀਤੀ। ਉਹਨਾਂ ਨੇ ਇਸ ਅੰਤਾਂ ਦੀ ਗਰਮੀ ਵਿਚ ਮਿਹਨਤ ਕਰਨ ਲਈ ਸਭ ਦਾ ਧੰਨਵਾਦ ਕੀਤਾ। ਸਰਦਾਰ ਇਕਬਾਲ ਸਿੰਘ ਝੂੰਦਾ ਤੇ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਸਰਦਾਰ ਬਾਦਲ ਵੱਲੋਂ ਮੋਹਰੀ ਹੋ ਕੇ ਲੜਾਈ ਲੜਨ ਤੇ ਪਾਰਟੀ ਨੂੰ ਯੋਗ ਲੀਡਰਸ਼ਿਪ ਦੇਣ ਅਤੇ ਸਫਲਤਾ ਨਾਲ ਪੰਜਾਬ ਬਚਾਓ ਯਾਤਰਾ ਕੱਢਣ ਦੀ ਸ਼ਲਾਘਾ ਕੀਤੀ। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਪੰਥ ਅਤੇ ਪੰਜਾਬ ਨੂੰ ਬਚਾਉਣ ਵਾਸਤੇ ਯਤਨ ਦੁੱਗਣੇ ਕਰ ਦੇਣਗੇ ਅਤੇ ਕਿਹਾ ਕਿ ਪਾਰਟੀ ਕੇਡਰ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਸਾਰੀਆਂ ਸੀਟਾਂ ਜਿੱਤਣ ਲਈ ਪੂਰੀ ਵਾਹ ਲਗਾ ਦੇਵੇਗਾ।ਅਕਾਲੀ ਦਲ ਦੇ ਪ੍ਰਧਾਨ ਦਾ ਦੋਵਾਂ ਥਾਵਾਂ ’ਤੇ ਪਾਰਟੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਤੇ ਉਹਨਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ।