ਚੰਡੀਗੜ, 7 ਜੂਨ (ਖ਼ਬਰ ਖਾਸ ਬਿਊਰੋ)
ਖ਼ਬਰ ਹੈ ਕਿ ਪੰਜਾਬ ਕਾਡਰ ਦੇ ਇਕ Ias ਅਧਿਕਾਰੀ ਨੇ ਪੰਜਾਬ ਰਿਅਲ ਅਸਟੇਟ ਰੈਗੂਲੇਟਰ ਅਥਾਰਟੀ (RERA) ਦਾ ਚੇਅਰਮੈਨ ਲੱਗਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ। ਰੇਰਾ ਦੇ ਚੇਅਰਮੈਨ ਦੀ ਅਸਾਮੀ 8 ਫਰਵਰੀ 2024 ਤੋਂ ਖਾਲੀ ਪਈ ਹੈ। ਪਹਿਲਾਂ ਇਸ ਅਸਾਮੀ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਤਿ ਨਜ਼ਦੀਕੀ ਮੰਨੇ ਜਾਂਦੇ ਸਾਬਕਾ ਵਧੀਕ ਮੁੱਖ ਸਕੱਤਰ ਸਤਿਆ ਗੋਪਾਲ ਬਿਰਾਜਮਾਨ ਸਨ, ਪਰ ਉਨਾਂ ਨੇ 8 ਫਰਵਰੀ ਨੂੰ ਅਸਤੀਫ਼ਾ ਦੇ ਦਿੱਤਾ ਸੀ, ਪਰ ਉਦੋਂ ਚਰਚਾ ਇਹ ਚੱਲੀ ਸੀ ਕਿ ਅਸਤੀਫ਼ਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੈਕਟਰੀ ਰੈਂਕ ਦੇ ਉਕਤ ਅਧਿਕਾਰੀ ਨੇ ਅਗਲੇ ਸਾਲ ਮਾਰਚ ਵਿਚ ਸੇਵਾ ਮੁਕਤ ਹੋਣਾ ਹੈ। ਇਸ ਲਈ ਉਹ ਚੇਅਰਮੈਨ ਲੱਗਣ ਲਈ ਸਮੇਂ ਤੋ ਪਹਿਲਾ ਸਵੈਇੱਛੁਕ ਸੇਵਾਮੁਕਤੀ (ਵੀਆਰਐੱਸ) ਲੈਣ ਨੂੰ ਤਿਆਰ ਹੈ ਤਾਂ ਜੋ ਅਗਲੇ ਪੰਜ ਸਾਲ ਫਿਰ ਸੱਤਾ ਭੋਗੀ ਜਾ ਸਕੇ। ਇਸ ਕਰਕੇ ਉਹ ਕੋਕੇ ਫਿੱਟ ਕਰਨ ਵਿਚ ਲੱਗਿਆ ਹੋਇਆ ਹੈ।
ਸਕੱਤਰੇਤ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਉਕਤ ਅਧਿਕਾਰੀ ਦੀ ਪੰਜਾਬ ਸਰਕਾਰ ਦੇ ਟੌਪ ਦੇ ਅਧਿਕਾਰੀ ਨਾਲ ਅਜਕੱਲ ਪੂਰੀ ਸੂਤ ਹੈ। ਦੱਸਿਆ ਜਾਂਦਾ ਹੈ ਕਿ ਉਕਤ ਆਈ.ਏ.ਐ੍ਸ ਟੌਪ ਦੇ ਅਧਿਕਾਰੀ ਨੂੰ ਚੇਅਰਮੈਨ ਲੱਗਣ ਲਈ ਨਿਯਮਾਂ ਵਿਚ ਸੋਧ ਕਰਵਾਉਣ ਲਈ ਜੁਗਾੜਬੰਦੀ ਵਿਚ ਲੱਗਿਆ ਹੋਇਆ ਹੈ, ਕਿਉਂਕਿ ਸੀਨੀਅਰ ਜੂਨੀਅਰ ਹੋਣ ਦੇ ਬਾਵਜੂਦ ਅੱਜਕੱਲ ਘਿਓ ਖਿੱਚੜੀ ਹੋਏ ਪਏ ਹਨ। ਜੇਕਰ ਨਿਯਮਾਂ ਵਿਚ ਸੋਧ ਹੋ ਜਾਂਦੀ ਹੈ ਤਾਂ ਉਹ ਅਸਤੀਫ਼ਾ ਦੇ ਕੇ ਚੇਅਰਮੈਨ ਲੱਗਣ ਨੂੰ ਤਿਆਰ ਹੈ। ਪ੍ਰਸ਼ਾਸਨਿਕ ਹਲਕਿਆ ਵਿਚ ਚਰਚਾ ਹੈ ਕਿ ਰੇਰਾ ਦਾ ਚੇਅਰਮੈਨ ਪ੍ਰਿੰਸੀਪਲ ਸੈਕਟਰੀ ਜਾਂ ਫਿਰ ਵਧੀਕ ਮੁੱਖ ਸਕੱਤਰ ਰੈਂਕ ਤੋ ਘੱਟ ਕਿਸੇ ਅਧਿਕਾਰੀ ਨੂੰ ਨਹੀਂ ਲਗਾਇਆ ਜਾ ਸਕਦਾ। ਜਿਸ ਕਰਕੇ ਇਹ ਨਿਯਮ ਸਬੰਧਤ ਆਈ.ਏ.ਐੱਸ ਦੇ ਰਾਹ ਵਿਚ ਰੋੜਾ ਬਣੇ ਹੋਏ ਹਨ।
ਸੂਬੇ ਵਿਚ ਸੱਤਾ ਪਰਵਿਰਤਨ ਹੋਣ ਬਾਅਦ ਪੰਜਾਬ ਸਰਕਾਰ ਨੇ ਦਸੰਬਰ 2022 ਵਿਚ ਵਧੀਕ ਮੁੱਖ ਸਕੱਤਰ ਦੇ ਅਹੁੱਦੇ ਤੋ ਸੇਵਾਮੁਕਤ ਹੋਏ Ias ਸੱਤਿਆ ਗੋਪਾਲ ਨੂੰ ਪੰਜਾਬ ਰਿਅਲ ਅਸਟੇਟ ਰੈਗੂਲੇਟਰ ਅਥਾਰਟੀ (RERA) ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਦਿੱਲੀ ਦੇ ਅਧਿਕਾਰੀ ਨੂੰ ਪੰਜਾਬ ਰੇਰਾ ਦਾ ਚੇਅਰਮੈਨ ਨਿਯੁਕਤ ਕਰਨ ਤੇ ਸਿਆਸੀ ਹਲਕਿਆ ਵਿਚ ਖਾਸਾ ਵਿਰੋਧ ਵੀ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਉਨਾਂ ਦੀ ਕਾਰਜਕਾਲ ਦੌਰਾਨ ਰੀਅਲ ਅਸਟੇਟ ਨਾਲ ਸਬੰਧਤ ਬਹੁਤ ਸਾਰੇ ਪ੍ਰੋਜੈਕਟਾਂ ਦੀਆਂ ਫਾਈਲਾਂ ਪਹੀਏ ਨਾ ਲੱਗਣ ਕਾਰਨ ਰੁਕੀਆ ਰਹੀਆ। ਜਿਸ ਕਰਕੇ ਰੀਅਲ ਅਸਟੇਟ ਦਾ ਕੰਮ ਪੁਰੀ ਤਰਾਂ ਰੁਕ ਗਿਆ। ਕਈ ਤਰਾਂ ਦੀਆਂ ਸ਼ਿਕਾਇਤਾਂ ਮੁੱਖ ਮੰਤਰੀ ਤੱਕ ਪੁੱਜੀਆ ਸਨ। ਰੇਰਾ ਦੀ ਸਾਈਟ ਮੁਤਾਬਿਕ ਹੁਣ ਵੀ 191 ਪ੍ਰੋਜੈਕਟ ਪੈਡਿੰਗ ਪਏ ਹਨ। ਕਰੀਬ 3375 ਅਰਜ਼ੀਆ /ਸ਼ਿਕਾਇਤਾਂ ਪੈਡਿੰਗ ਪਈਆ ਹਨ। ਮੋਹਾਲੀ ਸਥਿਤ ਰੇਰਾ ਦੇ ਦਫ਼ਤਰ ਨਾਲ 3200 ਤੋਂ ਵੱਧ ਪ੍ਰਾਪਰਟੀ ਕਾਰੋਬਾਰੀ ਜੁੜੇ ਹੋਏ ਹਨ। ਰੇਰਾ ਇਕ ਬਹੁਤ ਹੀ ਮਹੱਤਵਪੂਰਨ ਅਥਾਰਿਟੀ ਹੈ ਕਿਉਂਕਿ ਰੀਅਲ ਅਸਟੇਟ (ਪ੍ਰਾਪਰਟੀ) ਨਾਲ ਜੁੜੇ ਕਾਰੋਬਾਰ , ਪ੍ਰੋਜੈਕਟ, ਕਾਲੋਨੀਆਂ ਰੇਰਾ ਦੀ ਮੰਜੂਰੀ ਨਾਲ ਹੀ ਸਥਾਪਿਤ ਕੀਤੀਆ ਜਾ ਸਕਦੀਆ ਹਨ।